Amarnath Yatra 2026: 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ, ਜਾਣੋ ਨਵੇਂ ਨਿਯਮ ਤੇ ਪੂਰੀ ਪ੍ਰਕਿਰਿਆ

Amarnath Yatra 2026: 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ, ਜਾਣੋ ਨਵੇਂ ਨਿਯਮ ਤੇ ਪੂਰੀ ਪ੍ਰਕਿਰਿਆ

ਸ਼੍ਰੀਨਗਰ- ਸਾਲਾਨਾ ਅਮਰਨਾਥ ਯਾਤਰਾ 2026 'ਤੇ ਜਾਣ ਦੇ ਚਾਹਵਾਨ ਸ਼ਰਧਾਲੂਆਂ ਲਈ ਅਹਿਮ ਖ਼ਬਰ ਹੈ। ਸ਼੍ਰੀ ਅਮਰਨਾਥ ਸ਼ਰਾਈਨ ਬੋਰਡ (SASB) ਨੇ ਐਲਾਨ ਕੀਤਾ ਹੈ ਕਿ ਯਾਤਰਾ ਲਈ ਐਡਵਾਂਸ ਰਜਿਸਟ੍ਰੇਸ਼ਨ 15 ਅਪ੍ਰੈਲ ਤੋਂ ਦੇਸ਼ ਭਰ ਦੀਆਂ 554 ਨਾਮਜ਼ਦ ਬੈਂਕ ਸ਼ਾਖਾਵਾਂ 'ਚ ਸ਼ੁਰੂ ਹੋਵੇਗੀ। ਬੋਰਡ ਨੇ ਸ਼ਰਧਾਲੂਆਂ ਦੀ ਸਹੂਲਤ ਲਈ ਰਜਿਸਟ੍ਰੇਸ਼ਨ ਦੀ ਪੂਰੀ ਪ੍ਰਕਿਰਿਆ ਅਤੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਰਜਿਸਟ੍ਰੇਸ਼ਨ ਦਾ ਤਰੀਕਾ ਅਤੇ ਫੀਸ 

ਅਧਿਕਾਰੀਆਂ ਅਨੁਸਾਰ, ਰਜਿਸਟ੍ਰੇਸ਼ਨ 'ਪਹਿਲਾਂ ਆਓ, ਪਹਿਲਾਂ ਪਾਓ' ਦੇ ਆਧਾਰ 'ਤੇ ਕੀਤੀ ਜਾਵੇਗੀ ਅਤੇ ਹਰੇਕ ਬੈਂਕ ਸ਼ਾਖਾ ਲਈ ਹਰ ਰੂਟ ਦਾ ਰੋਜ਼ਾਨਾ ਕੋਟਾ ਨਿਰਧਾਰਤ ਕੀਤਾ ਗਿਆ ਹੈ।  ਇਸ ਵਾਰ ਰਜਿਸਟ੍ਰੇਸ਼ਨ ਆਧਾਰ-ਅਧਾਰਿਤ ਬਾਇਓਮੀਟ੍ਰਿਕ eKYC ਪ੍ਰਮਾਣਿਕਤਾ ਰਾਹੀਂ ਰੀਅਲ ਟਾਈਮ 'ਚ ਹੋਵੇਗੀ ਅਤੇ ਪਰਮਿਟ ਸ਼ਰਾਈਨ ਬੋਰਡ ਦੇ ਅਧਿਕਾਰਤ ਪੋਰਟਲ ਰਾਹੀਂ ਆਨਲਾਈਨ ਜਨਰੇਟ ਕੀਤੇ ਜਾਣਗੇ। ਜੇਕਰ ਬਾਇਓਮੀਟ੍ਰਿਕ 'ਚ ਕੋਈ ਤਕਨੀਕੀ ਸਮੱਸਿਆ ਆਉਂਦੀ ਹੈ, ਤਾਂ ਵੈਬਕੈਮ ਰਾਹੀਂ ਫੋਟੋ ਖਿੱਚ ਕੇ ਮੈਨੂਅਲ ਡਾਟਾ ਐਂਟਰੀ ਦਾ ਬਦਲ ਵੀ ਰੱਖਿਆ ਗਿਆ ਹੈ। ਹਰੇਕ ਪਰਮਿਟ ਲਈ 150 ਰੁਪਏ ਦੀ ਫੀਸ ਨਿਰਧਾਰਤ ਕੀਤੀ ਗਈ ਹੈ।

ਸਿਹਤ ਸਰਟੀਫਿਕੇਟ ਅਤੇ ਉਮਰ ਹੱਦ 

ਯਾਤਰਾ ਲਈ ਸ਼ਰਧਾਲੂ ਦੀ ਉਮਰ 13 ਤੋਂ 70 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। 6 ਹਫ਼ਤਿਆਂ ਤੋਂ ਵੱਧ ਦੀ ਗਰਭਵਤੀ ਔਰਤਾਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਭਾਵੇਂ ਉਨ੍ਹਾਂ ਕੋਲ ਸਿਹਤ ਸਰਟੀਫਿਕੇਟ ਹੋਵੇ। ਸ਼ਰਧਾਲੂਆਂ ਲਈ ਕਿਸੇ ਅਧਿਕਾਰਤ ਡਾਕਟਰ ਜਾਂ ਸੰਸਥਾ ਵੱਲੋਂ 8 ਅਪ੍ਰੈਲ, 2026 ਜਾਂ ਉਸ ਤੋਂ ਬਾਅਦ ਜਾਰੀ ਕੀਤਾ ਗਿਆ ਲਾਜ਼ਮੀ ਸਿਹਤ ਸਰਟੀਫਿਕੇਟ (Compulsory Health Certificate) ਜਮ੍ਹਾਂ ਕਰਵਾਉਣਾ ਜ਼ਰੂਰੀ ਹੈ। ਬੋਰਡ ਨੇ ਅਧਿਕਾਰਤ ਡਾਕਟਰਾਂ ਦੀ ਸੂਚੀ ਪਹਿਲਾਂ ਹੀ ਜਾਰੀ ਕਰ ਦਿੱਤੀ ਹੈ।

ਰੂਟ ਅਤੇ ਹੋਰ ਜ਼ਰੂਰੀ ਜਾਣਕਾਰੀ

ਸ਼ਰਧਾਲੂਆਂ ਨੂੰ ਬਾਲਟਾਲ ਜਾਂ ਪਹਿਲਗਾਮ 'ਚੋਂ ਕਿਸੇ ਇਕ ਰੂਟ ਦੀ ਚੋਣ ਕਰਨੀ ਹੋਵੇਗੀ, ਜਿਸ ਦਾ ਜ਼ਿਕਰ ਪਰਮਿਟ 'ਤੇ ਹੋਵੇਗਾ। ਪਰਮਿਟ 'ਤੇ ਉਸ ਤਰੀਕ ਦਾ ਵੀ ਜ਼ਿਕਰ ਹੋਵੇਗਾ ਜਿਸ ਦਿਨ ਸ਼ਰਧਾਲੂ ਨੂੰ ਡੋਮੇਲ (ਬਾਲਟਾਲ ਰੂਟ) ਜਾਂ ਚੰਦਨਵਾੜੀ (ਪਹਿਲਗਾਮ ਰੂਟ) ਦੇ ਐਕਸੈਸ ਕੰਟਰੋਲ ਗੇਟਾਂ ਨੂੰ ਪਾਰ ਕਰਨ ਦੀ ਇਜਾਜ਼ਤ ਹੋਵੇਗੀ। ਕਿਸੇ ਖਾਸ ਤਰੀਕ ਲਈ ਰਜਿਸਟ੍ਰੇਸ਼ਨ ਉਸ ਦਿਨ ਤੋਂ ਸੱਤ ਦਿਨ ਪਹਿਲਾਂ ਬੰਦ ਹੋ ਜਾਵੇਗੀ। ਸ਼ਰਾਈਨ ਬੋਰਡ ਨੇ ਸ਼ਰਧਾਲੂਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਰਜਿਸਟ੍ਰੇਸ਼ਨ ਦੌਰਾਨ ਆਪਣੇ ਆਧਾਰ ਅਤੇ ਮੋਬਾਈਲ ਨੰਬਰ ਦੀ ਸਹੀ ਜਾਣਕਾਰੀ ਦੇਣ ਤਾਂ ਜੋ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS