13 ਸਾਲ ਪੁਰਾਣੇ ਨੌਕਰ ਨੇ ਮਾਲਕ ਨੂੰ ਲਾਇਆ 50 ਲੱਖ ਦਾ ਚੂਨਾ; 600 ਰੁਪਏ ਦੀ ਚੋਰੀ ਨੇ ਖੋਲ੍ਹੇ ਵੱਡੇ ਰਾਜ਼

13 ਸਾਲ ਪੁਰਾਣੇ ਨੌਕਰ ਨੇ ਮਾਲਕ ਨੂੰ ਲਾਇਆ 50 ਲੱਖ ਦਾ ਚੂਨਾ; 600 ਰੁਪਏ ਦੀ ਚੋਰੀ ਨੇ ਖੋਲ੍ਹੇ ਵੱਡੇ ਰਾਜ਼

ਲੁਧਿਆਣਾ - ਉਦਯੋਗਿਕ ਨਗਰੀ ਦੇ ਭਦੌੜ ਹਾਊਸ ਸਥਿਤ ਮਸ਼ਹੂਰ ਏ.ਸੀ. ਮਾਰਕੀਟ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਮਾਲਕ ਅਤੇ ਨੌਕਰ ਦੇ ਰਿਸ਼ਤੇ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਇੱਕ ਹੋਲਸੇਲ ਗਾਰਮੈਂਟਸ ਦੀ ਦੁਕਾਨ 'ਤੇ ਪਿਛਲੇ 13 ਸਾਲਾਂ ਤੋਂ ਕੰਮ ਕਰ ਰਹੇ ਵਿਸ਼ਵਾਸਪਾਤਰ ਨੌਕਰ ਵੱਲੋਂ ਆਪਣੇ ਹੀ ਮਾਲਕ ਨਾਲ ਕਰੀਬ 50 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਸਨਸਨੀਖੇਜ਼ ਖੁਲਾਸਾ ਹੋਇਆ ਹੈ।

ਜਾਣਕਾਰੀ ਅਨੁਸਾਰ 'ਰਿਚ ਐਂਡ ਰਾਇਲ' ਫਰਮ ਦੇ ਮਾਲਕ ਵਿੱਕੀ ਨਾਗਪਾਲ ਨੇ ਆਪਣੇ ਨੌਕਰ ਅਵਨਿੰਦਰ ਸਿੰਘ ਉਰਫ ਸੋਨੂ ਨੂੰ 600 ਰੁਪਏ ਦੀ ਹੇਰਾਫੇਰੀ ਕਰਦੇ ਹੋਏ ਰੰਗੇ ਹੱਥੀਂ ਫੜਿਆ ਸੀ। 3 ਅਪ੍ਰੈਲ ਨੂੰ ਇੱਕ ਗਾਹਕ ਨੇ ਦੋ ਸ਼ਰਟਾਂ ਖਰੀਦੀਆਂ, ਜਿਨ੍ਹਾਂ ਦੀ ਕੀਮਤ 1200 ਰੁਪਏ ਸੀ। ਮਾਲਕ ਦੀ ਗੈਰ-ਮੌਜੂਦਗੀ ਵਿੱਚ ਸੋਨੂ ਨੇ ਗਾਹਕ ਤੋਂ ਪੂਰੇ ਪੈਸੇ ਲਏ ਪਰ ਮਾਲਕ ਨੂੰ ਸਿਰਫ 600 ਰੁਪਏ ਦਾ ਹਿਸਾਬ ਦੇ ਕੇ ਇੱਕ ਸ਼ਰਟ ਦੀ ਵਿਕਰੀ ਦਿਖਾਈ। ਅਗਲੇ ਦਿਨ ਜਦੋਂ ਉਹੀ ਗਾਹਕ ਸ਼ਰਟ ਬਦਲਾਉਣ ਆਇਆ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ।

ਜਦੋਂ ਵਿੱਕੀ ਨਾਗਪਾਲ ਨੇ ਸ਼ੱਕ ਦੇ ਅਧਾਰ ’ਤੇ ਸੀ.ਸੀ.ਟੀ.ਵੀ. ਫੁਟੇਜ ਅਤੇ ਸੋਨੂੰ ਦੇ ਮੋਬਾਈਲ ਦੀ ਜਾਂਚ ਕੀਤੀ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਦੇ ਨਾਮ ’ਤੇ ਬਣੇ ਦੋ ਵੱਖ-ਵੱਖ ਬੈਂਕ ਖਾਤਿਆਂ ਵਿੱਚ 20 ਲੱਖ ਅਤੇ 30 ਲੱਖ ਰੁਪਏ ਦੀਆਂ ਟ੍ਰਾਂਜ਼ੈਕਸ਼ਨਾਂ ਪਾਈਆਂ ਗਈਆਂ। ਪਤਾ ਲੱਗਾ ਕਿ ਸੋਨੂੰ ਦੁਕਾਨ ਦਾ ਸਟਾਕ ਚੋਰੀ-ਛਿਪੇ ਦੂਜੀਆਂ ਫਰਮਾਂ ਨੂੰ ਵੇਚਦਾ ਸੀ ਤੇ ਪੈਮੇਂਟ ਆਪਣੇ ਨਿੱਜੀ ਖਾਤਿਆਂ ਵਿੱਚ ਮੰਗਵਾ ਲੈਂਦਾ ਸੀ।

ਥਾਣਾ ਕੋਤਵਾਲੀ ਦੇ ਇੰਸਪੈਕਟਰ ਪਰਮਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਵਨਿੰਦਰ ਸਿੰਘ, ਜੋ ਕਿ ਬੱਸ ਅੱਡੇ ਦੇ ਨੇੜੇ ਇੰਦਰਾ ਨਗਰ ਦਾ ਰਹਿਣ ਵਾਲਾ ਹੈ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਦਾਲਤ ਨੇ ਮੁਲਜ਼ਮ ਦਾ ਦੋ ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ। ਪੁਲਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਵੱਡੀ ਚੋਰੀ ਵਿਚ ਹੋਰ ਕੌਣ-ਕੌਣ ਸ਼ਾਮਲ ਹੈ ਤੇ ਚੋਰੀ ਕੀਤਾ ਗਿਆ ਮਾਲ ਕਿਨ੍ਹਾਂ ਫਰਮਾਂ ਨੂੰ ਸਪਲਾਈ ਕੀਤਾ ਜਾਂਦਾ ਸੀ।
 

Credit : www.jagbani.com

  • TODAY TOP NEWS