ਖੰਨਾ ਦੀ ਮੰਜਾ ਮਾਰਕੀਟ 'ਚ ਦੇਰ ਰਾਤ ਭਿਆਨਕ ਅੱਗ, ਕੱਪੜੇ ਦੀ ਦੁਕਾਨ ਸੜ ਕੇ ਸਵਾਹ

ਖੰਨਾ ਦੀ ਮੰਜਾ ਮਾਰਕੀਟ 'ਚ ਦੇਰ ਰਾਤ ਭਿਆਨਕ ਅੱਗ, ਕੱਪੜੇ ਦੀ ਦੁਕਾਨ ਸੜ ਕੇ ਸਵਾਹ

ਖੰਨਾ : ਖੰਨਾ ਦੀ ਮੰਜਾ ਮਾਰਕੀਟ ਵਿੱਚ ਰਾਤ ਦੇ ਸਮੇਂ ਇੱਕ ਕੱਪੜਿਆਂ ਦੀ ਦੁਕਾਨ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਤੁਰੰਤ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ, ਨਹੀਂ ਤਾਂ ਪੂਰੀ ਮਾਰਕੀਟ ਅੱਗ ਦੀ ਲਪੇਟ ਵਿੱਚ ਆ ਸਕਦੀ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਕ ਸੋਨੂ ਜੌਹਰ ਸ਼ਾਮ ਕਰੀਬ ਸਾਢੇ ਸੱਤ ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਇਸ ਤੋਂ ਬਾਅਦ ਰਾਤ ਕਰੀਬ 9 ਵਜੇ ਉਨ੍ਹਾਂ ਨੂੰ ਫੋਨ ਰਾਹੀਂ ਸੂਚਨਾ ਮਿਲੀ ਕਿ ਉਨ੍ਹਾਂ ਦੀ ਦੁਕਾਨ ਵਿੱਚ ਅੱਗ ਲੱਗ ਗਈ ਹੈ। ਜਦੋਂ ਮਾਲਕ ਨੇ ਮੌਕੇ ‘ਤੇ ਪਹੁੰਚ ਕੇ ਸ਼ਟਰ ਖੋਲ੍ਹਿਆ ਤਾਂ ਅੱਗ ਨੇ ਕਾਫੀ ਭਿਆਨਕ ਰੂਪ ਧਾਰ ਲਿਆ ਸੀ।

ਦੁਕਾਨ ਅੰਦਰ ਪਿਆ ਵੱਡੀ ਮਾਤਰਾ ਵਿੱਚ ਕੱਪੜਾ ਇਸ ਅੱਗ ਕਾਰਨ ਸੜ ਕੇ ਸਵਾਹ ਹੋ ਗਿਆ। ਦੁਕਾਨ ਮਾਲਕ ਦੇ ਅਨੁਸਾਰ, ਇਸ ਦਰਦਨਾਕ ਹਾਦਸੇ ਵਿੱਚ ਉਨ੍ਹਾਂ ਨੂੰ ਕਰੀਬ 12 ਤੋਂ 15 ਲੱਖ ਰੁਪਏ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ।

ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਹਰਕਤ ਵਿੱਚ ਆਈ ਅਤੇ ਮੌਕੇ ‘ਤੇ ਪਹੁੰਚ ਕੇ ਕੁਝ ਹੀ ਸਮੇਂ ਵਿੱਚ ਅੱਗ ‘ਤੇ ਕਾਬੂ ਪਾ ਲਿਆ। ਫਾਇਰ ਕਰਮਚਾਰੀਆਂ ਮੁਤਾਬਕ ਜੇਕਰ ਥੋੜ੍ਹੀ ਵੀ ਦੇਰੀ ਹੋ ਜਾਂਦੀ ਤਾਂ ਅੱਗ ਨਾਲ ਲੱਗਦੀਆਂ ਹੋਰ ਦੁਕਾਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਸਕਦੀ ਸੀ।

ਘਟਨਾ ਦੀ ਖ਼ਬਰ ਮਿਲਦਿਆਂ ਹੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਕਾਸ ਮਹਿਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਪੀੜਤ ਦੁਕਾਨਦਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਅੱਗ ਕਾਰਨ ਵੱਡਾ ਨੁਕਸਾਨ ਹੋਇਆ ਹੈ ਅਤੇ ਪ੍ਰਸ਼ਾਸਨ ਨੂੰ ਦੁਕਾਨਦਾਰ ਦੀ ਸੰਭਵ ਮਦਦ ਕਰਨੀ ਚਾਹੀਦੀ ਹੈ।

ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਸ਼ੁਰੂਆਤੀ ਜਾਂਚ ਵਿੱਚ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।

Credit : www.jagbani.com

  • TODAY TOP NEWS