ਜਲੰਧਰ- ਬੱਚਿਆਂ ਦੇ ਮਨੋਰੰਜਨ ਅਤੇ ਸਿੱਖਿਆ ਲਈ ਜਾਣੇ ਜਾਂਦੇ ਯੂ-ਟਿਊਬ ਚੈਨਲ ‘ਪਿੰਕੂ ਟੀ. ਵੀ’ ਵੱਲੋਂ ਇਕ ਨਵੀਂ ਵੀਡੀਓ ‘ਸਿਹਤ ਬਣਾਓ’ ਜਾਰੀ ਕੀਤੀ ਗਈ ਹੈ। ਇਸ ਵੀਡੀਓ ਰਾਹੀਂ ਬੱਚਿਆਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਅਤੇ ਪੌਸ਼ਟਿਕ ਖੁਰਾਕ ਅਪਣਾਉਣ ਦਾ ਸੁਨੇਹਾ ਦਿੱਤਾ ਗਿਆ ਹੈ। ਵੀਡੀਓ 'ਚ ਬੱਚਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਤਾਜ਼ੀਆਂ ਸਬਜ਼ੀਆਂ ਅਤੇ ਫਲ ਸ਼ਾਮਲ ਕਰਨ। ਸਰੀਰਕ ਮਜ਼ਬੂਤੀ ਲਈ ਦੁੱਧ, ਪਨੀਰ ਅਤੇ ਮੱਖਣ ਖਾਣ ਦੀ ਸਲਾਹ ਦਿੱਤੀ ਗਈ ਹੈ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਰੋਟੀ ਹਮੇਸ਼ਾ ਸਮੇਂ 'ਤੇ ਖਾਣੀ ਚਾਹੀਦੀ ਹੈ।
ਇਸ ਦੇ ਨਾਲ ਹੀ ਵੀਡੀਓ ਰਾਹੀਂ ਬੱਚਿਆਂ ਨੂੰ ਅਜੋਕੇ ਸਮੇਂ ਦੇ ਜੰਕ ਫੂਡ ਤੋਂ ਬਚਣ ਦੀ ਚਿਤਾਵਨੀ ਦਿੱਤੀ ਗਈ ਹੈ। ਬੱਚਿਆਂ ਨੂੰ ਬਰਗਰ, ਨੂਡਲਜ਼, ਡੋਨਟ ਅਤੇ ਚਿਪਸ ਵਰਗੀਆਂ ਚੀਜ਼ਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਸਿਹਤ ਦੇ ਮਾਹਿਰਾਂ ਦੇ ਹਵਾਲੇ ਨਾਲ ਵੀਡੀਓ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਚਾਕਲੇਟ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ।
ਵੀਡੀਓ ਦਾ ਇਕ ਮੁੱਖ ਸੁਨੇਹਾ ਇਹ ਹੈ ਕਿ ਬੱਚਿਆਂ ਨੂੰ ਹੋਟਲਾਂ ਦੇ ਖਾਣੇ ਤੋਂ ਬਚਣਾ ਚਾਹੀਦਾ ਹੈ ਅਤੇ ਮਾਂ ਦੇ ਹੱਥਾਂ ਨਾਲ ਬਣੇ ਸਾਫ਼-ਸੁਥਰੇ ਅਤੇ ਵਧੀਆ ਖਾਣੇ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ। ਇਸ ਮੁਹਿੰਮ ਦਾ ਮਕਸਦ ਬੱਚਿਆਂ ਨੂੰ ਬੀਮਾਰੀਆਂ ਤੋਂ ਬਚਾ ਕੇ ਉਨ੍ਹਾਂ ਨੂੰ ਤੰਦਰੁਸਤ ਬਣਾਉਣਾ ਹੈ।

ਜ਼ਿਕਰਯੋਗ ਹੈ ਕਿ 'ਪਿੰਕੂ-ਟੀ. ਵੀ' ਇਕ ਪੰਜਾਬੀ-ਭਾਸ਼ਾ ਵਾਲਾ ਬੱਚਿਆਂ ਲਈ ਸਮਰਪਿਤ ਪਹਿਲਾ 3-ਡੀ ਐਨੀਮੇਸ਼ਨ ਯੂ-ਟਿਊਬ ਚੈਨਲ ਹੈ, ਜੋਕਿ ਰੰਗ-ਬਿਰੰਗੇ ਐਨੀਮੇਟਿਡ ਵੀਡੀਓਜ਼, ਦਿਲਚਸਪ ਕਹਾਣੀਆਂ, ਰਾਈਮਸ ਅਤੇ ਨੈਤਿਕ ਸਿੱਖਿਆ ਵਾਲੀ ਸਮੱਗਰੀਆਂ ਰਾਹੀਂ ਬੱਚਿਆਂ ਨੂੰ ਮਨੋਰੰਜਨ ਅਤੇ ਸਿੱਖਿਆ ਦੋਹਾਂ ਦਾ ਪ੍ਰਦਾਨ ਕਰਦਾ ਹੈ। ਇਸ ਦੀਆਂ ਵੀਡੀਓਜ਼ 'ਚ ਅਕਸਰ ਪੰਜਾਬੀ ਲੋਕ-ਕਹਾਣੀਆਂ, ਨੈਤਿਕ ਪਾਠ ਅਤੇ ਦਿਲਚਸਪ ਗੱਲਾਂ ਵੇਖਣ ਨੂੰ ਮਿਲਦੀਆਂ ਹਨ, ਜੋ ਬੱਚਿਆਂ ਦੀ ਸੋਚ ਨੂੰ ਉਤਸ਼ਾਹਤ ਕਰਦੀਆਂ ਹਨ। ਚੈਨਲ ਦਾ ਮੁੱਖ ਉਦੇਸ਼ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਨਾਲ ਜੋੜਨਾ, ਉਨ੍ਹਾਂ ਨੂੰ ਚੰਗੀਆਂ ਆਦਤਾਂ ਅਤੇ ਨੈਤਿਕ ਮੁੱਲਾਂ ਦੀ ਸਿੱਖਿਆ ਦੇਣਾ ਅਤੇ ਉਨ੍ਹਾਂ ਦੀ ਕਲਪਨਾ-ਸ਼ਕਤੀ ਨੂੰ ਵਧਾ ਦੇਣਾ ਸ਼ਾਮਲ ਹੈ। ਇਸ ਦੀ ਸਮੱਗਰੀ ਵੇਖ ਕੇ ਬੱਚੇ, ਦੋਸਤੀ, ਸੱਚਾਈ, ਸਹਿਯੋਗ ਵਰਗੇ ਗੁਣਾਂ ਨੂੰ ਅਪਣਾ ਸਕਦੇ ਹਨ ਅਤੇ ਚੰਗੀ ਸੋਚ ਵਾਲੀਆਂ ਕਈ ਤਰ੍ਹਾਂ ਦੀਆਂ ਨਵੀਆਂ ਗੱਲਾਂ ਨੂੰ ਸਿੱਖ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com