ਮਾਛੀਵਾੜਾ ਸਾਹਿਬ (ਟੱਕਰ) - ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਮਾਹਲ ਘੁਮਾਣਾ ਦੇ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਅੱਜ ਸਵੇਰੇ ਜੁਗਾੜੂ ਰਿਕਸ਼ੇ ’ਤੇ ਸਵਾਰ ਹੋ ਕੇ ਪੜ੍ਹਨ ਲਈ ਨੇੜਲੇ ਪਿੰਡ ਭੁਪਾਣਾ ਦੇ ਸਰਕਾਰੀ ਸਕੂਲ ਵਿਖੇ ਜਾ ਰਹੇ ਸਨ ਤਾਂ ਰਸਤੇ ਵਿਚ ਹਾਦਸਾ ਵਾਪਰ ਗਿਆ ਜਿਸ ਕਾਰਨ ਚਾਲਕ ਸਮੇਤ 10 ਤੋਂ ਵੱਧ ਛੋਟੇ ਛੋਟੇ ਬੱਚੇ ਜਖ਼ਮੀ ਹੋ ਗਏ। ਜੁਗਾੜੂ ਰਿਕਸ਼ਾ ਚਾਲਕ ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਤੇ ਰਹਿੰਦੇ ਪਿੰਡ ਮਾਹਲ ਘੁਮਾਣਾ ਦੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਸਕੂਲ ਛੱਡਣ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਰਸਤੇ ਵਿਚ ਇਕ ਗੱਡੀ ਨੇ ਫੇਟ ਮਾਰ ਦਿੱਤੀ, ਜਿਸ ਕਾਰਨ ਉਸ ਦਾ ਰਿਕਸ਼ਾ ਖੇਤਾਂ ਵਿਚ ਜਾ ਕੇ ਪਲਟ ਗਿਆ ਅਤੇ ਉਸ ਵਿਚ ਸਵਾਰ 15 ਬੱਚੇ ਵੀ ਡਿੱਗ ਗਏ। ਉਨ੍ਹਾਂ ਕਿਹਾ ਕਿ ਜ਼ਖ਼ਮੀ ਬੱਚਿਆਂ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ ਅਤੇ ਉਸ ਦੇ ਵੀ ਗੰਭੀਰ ਸੱਟਾਂ ਲੱਗੀਆਂ।

ਪ੍ਰਾਈਵੇਟ ਹਸਪਤਾਲ ਵਿਚ ਇਨ੍ਹਾਂ ਬੱਚਿਆਂ ਦਾ ਇਲਾਜ ਕਰ ਰਹੇ ਡਾਕਟਰ ਪਰਕਲਪ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ 6 ਬੱਚੇ ਇਲਾਜ ਲਈ ਆਏ ਹਨ ਜਿਨ੍ਹਾਂ ਦਾ ਨਾਮ ਗੌਰੀ, ਰਮੇਸ਼, ਦਿਨੇਸ਼, ਕ੍ਰਿਸ਼ਨ ਤੇ ਨੰਦ ਹੈ। ਇਸ ਤੋਂ ਇਲਾਵਾ 3 ਬੱਚਿਆਂ ਦੀਆਂ ਲੱਤਾਂ ਦੀਆਂ ਹੱਡੀਆਂ ਟੁੱਟ ਗਈਆਂ ਹਨ ਅਤੇ ਬਾਕੀ ਦੇ ਸੱਟਾਂ ਵੱਜੀਆਂ ਹਨ। ਉਨ੍ਹਾਂ ਕਿਹਾ ਕਿ 3 ਹੋਰ ਬੱਚੇ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਵੱਜੀਆਂ ਉਨ੍ਹਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਵਾਹਨ ਚਾਲਕ ਮਹਿੰਦਰ ਸਿੰਘ ਦੇ ਪੈਰ ਤੇ ਪਿੱਠ ’ਤੇ ਸੱਟਾਂ ਵੱਜੀਆਂ ਹਨ। ਪ੍ਰਾਈਵੇਟ ਹਸਪਤਾਲ ਵਲੋਂ ਇਸ ਘਟਨਾ ਸਬੰਧੀ ਸੂਚਨਾ ਪੁਲਸ ਥਾਣਾ ਵਿਖੇ ਭੇਜ ਦਿੱਤੀ ਹੈ।
3 ਕਿੱਲੋਮੀਟਰ ਦੂਰ ਸਕੂਲ ਜਾਣ ਲਈ 300 ਰੁਪਏ ਕਿਰਾਇਆ
ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਤੇ ਝੁੱਗੀਆਂ ਬਣਾ ਕੇ ਰਹਿੰਦੇ ਇਹ ਗਰੀਬ ਮਜ਼ਦੂਰ ਆਪਣੇ ਬੱਚਿਆਂ ਨੂੰ ਘਰ ਤੋਂ 3 ਕਿਲੋਮੀਟਰ ਦੂਰ ਇਕ ਸਰਕਾਰੀ ਸਕੂਲ ਵਿਚ ਸਿੱਖਿਆ ਦਿਵਾਉਣ ਲਈ ਭੇਜਦੇ ਹਨ। 3 ਕਿਲੋਮੀਟਰ ਰੋਜ਼ਾਨਾ ਬੱਚਿਆਂ ਨੂੰ ਪੈਦਲ ਜਾਣਾ ਬਹੁਤ ਔਖਾ ਲੱਗਦਾ ਹੈ ਜਿਸ ਕਾਰਨ ਮਾਪਿਆਂ ਨੇ ਇਕ ਜੁਗਾੜੂ ਰਿਕਸ਼ਾ ਕਿਰਾਏ ’ਤੇ ਕਰ ਲਿਆ ਜੋ ਹਰੇਕ ਮਹੀਨੇ 300 ਰੁਪਏ ਪ੍ਰਤੀ ਮਹੀਨਾ ਕਿਰਾਇਆ ਵਸੂਲਦਾ ਹੈ। ਅੱਜ ਇਹ ਜੁਗਾੜੂ ਰਿਕਸ਼ਾ ਹਾਦਸੇ ਦਾ ਸ਼ਿਕਾਰ ਹੋ ਗਿਆ ਤਾਂ ਮਾਪੇ ਆਪਣੇ ਬੱਚਿਆਂ ਲਈ ਬੇਹੱਦ ਫ਼ਿਕਰਮੰਦ ਨਜ਼ਰ ਆਏ। ਇਹ ਗਰੀਬ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਜਾਂ ਵੈਨਾਂ ਰਾਹੀਂ ਹਰੇਕ ਮਹੀਨੇ ਹਜ਼ਾਰਾਂ ਰੁਪਏ ਖਰਚਣ ਤੋਂ ਅਸਮਰੱਥ ਹਨ ਜਿਸ ਕਾਰਨ ਉਨ੍ਹਾਂ ਨੂੰ ਮਜ਼ਬੂਰਨ ਆਪਣੇ ਬੱਚਿਆਂ ਨੂੰ ਪਾਬੰਦੀਸ਼ੁਦਾ ਜੁਗਾੜੂ ਰਿਹੜੇ ’ਤੇ ਭੇਜਣਾ ਪੈਂਦਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਗਰੀਬ ਬੱਚਿਆਂ ਨੂੰ ਸਿੱਖਿਆ ਦਿਵਾਉਣ ਲਈ ਢੁੱਕਵੇਂ ਪ੍ਰਬੰਧ ਕਰੇ।
Credit : www.jagbani.com