ਸਪੋਰਟਸ ਡੈਸਕ- ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਇਕਾਨਾ ਕ੍ਰਿਕਟ ਸਟੇਡੀਅਮ ਵਿੱਚ ਸ਼ੁੱਕਰਵਾਰ ਨੂੰ ਖੇਡੇ ਗਏ ਆਈਪੀਐਲ 2026 ਦੇ 59ਵੇਂ ਮੁਕਾਬਲੇ ਵਿੱਚ ਲਖਨਊ ਸੁਪਰ ਜਾਇੰਟਸ ਨੇ ਚੇਨਈ ਸੁਪਰ ਕਿੰਗਜ਼ ਨੂੰ 7 ਵਿਕਟਾਂ ਨਾਲ ਕਰਾਰੀ ਸ਼ਿਕਸਤ ਦਿੱਤੀ ਹੈ। ਇਸ ਹਾਰ ਨਾਲ ਚੇਨਈ ਦੀ ਪਲੇਆਫ ਵਿੱਚ ਪਹੁੰਚਣ ਦੀ ਰਾਹ ਕਾਫੀ ਮੁਸ਼ਕਲ ਹੋ ਗਈ ਹੈ।
188 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਲਖਨਊ ਦੀ ਸ਼ੁਰੂਆਤ ਬੇਹੱਦ ਤੂਫ਼ਾਨੀ ਰਹੀ। ਸਲਾਮੀ ਬੱਲੇਬਾਜ਼ ਮਿਚੇਲ ਮਾਰਸ਼ ਅਤੇ ਜੋਸ਼ ਇੰਗਲਿਸ਼ ਨੇ ਪਹਿਲੇ ਵਿਕਟ ਲਈ 135 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕੀਤੀ। ਮਾਰਸ਼ ਨੇ ਸਿਰਫ਼ 38 ਗੇਂਦਾਂ ਵਿੱਚ 9 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 90 ਦੌੜਾਂ ਦੀ ਪਾਰੀ ਖੇਡੀ, ਹਾਲਾਂਕਿ ਉਹ ਮੰਦਭਾਗੇ ਤਰੀਕੇ ਨਾਲ ਰਨ ਆਊਟ ਹੋਣ ਕਾਰਨ ਆਪਣੇ ਸੈਂਕੜੇ ਤੋਂ ਖੁੰਝ ਗਏ। ਇੰਗਲਿਸ਼ ਨੇ 36 ਦੌੜਾਂ ਦਾ ਯੋਗਦਾਨ ਪਾਇਆ। ਅੰਤ ਵਿੱਚ ਨਿਕੋਲਸ ਪੂਰਨ ਨੇ 17 ਗੇਂਦਾਂ ਵਿੱਚ ਨਾਬਾਦ 32 ਦੌੜਾਂ ਬਣਾ ਕੇ ਲਖਨਊ ਨੂੰ 16.4 ਓਵਰਾਂ ਵਿੱਚ ਹੀ ਜਿੱਤ ਦਿਵਾ ਦਿੱਤੀ।
ਇਸ ਤੋਂ ਪਹਿਲਾਂ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਚੇਨਈ ਸੁਪਰ ਕਿੰਗਜ਼ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 187 ਦੌੜਾਂ ਬਣਾਈਆਂ। ਚੇਨਈ ਵੱਲੋਂ ਕਾਰਤਿਕ ਸ਼ਰਮਾ ਨੇ ਸਭ ਤੋਂ ਵੱਧ 71 ਦੌੜਾਂ (42 ਗੇਂਦਾਂ) ਬਣਾਈਆਂ, ਜਦਕਿ ਸ਼ਿਵਮ ਦੂਬੇ 32 ਦੌੜਾਂ ਬਣਾ ਕੇ ਨਾਬਾਦ ਰਹੇ। ਲਖਨਊ ਵੱਲੋਂ ਗੇਂਦਬਾਜ਼ੀ ਵਿੱਚ ਆਕਾਸ਼ ਸਿੰਘ ਸਭ ਤੋਂ ਸਫਲ ਰਹੇ, ਜਿਨ੍ਹਾਂ ਨੇ ਕਪਤਾਨ ਰੁਤੂਰਾਜ ਗਾਇਕਵਾੜ (13), ਸੰਜੂ ਸੈਮਸਨ (20) ਅਤੇ ਉਰਵਿਲ ਪਟੇਲ (6) ਦੀਆਂ ਤਿੰਨ ਅਹਿਮ ਵਿਕਟਾਂ ਝਟਕਾਈਆਂ।
ਇਸ ਜਿੱਤ ਦੇ ਬਾਵਜੂਦ ਲਖਨਊ ਸੁਪਰ ਜਾਇੰਟਸ ਪਲੇਆਫ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ, ਕਿਉਂਕਿ ਉਨ੍ਹਾਂ ਨੇ 12 ਵਿੱਚੋਂ ਸਿਰਫ਼ 4 ਮੈਚ ਜਿੱਤੇ ਹਨ। ਦੂਜੇ ਪਾਸੇ, ਚੇਨਈ ਸੁਪਰ ਕਿੰਗਜ਼ ਦੇ ਹੁਣ 12 ਮੈਚਾਂ ਵਿੱਚ 12 ਅੰਕ ਹਨ। ਪਲੇਆਫ ਵਿੱਚ ਜਗ੍ਹਾ ਬਣਾਉਣ ਲਈ ਚੇਨਈ ਨੂੰ ਹੁਣ ਆਪਣੇ ਬਾਕੀ ਬਚੇ ਦੋਵੇਂ ਮੈਚ ਜਿੱਤਣੇ ਹੋਣਗੇ, ਪਰ ਫਿਰ ਵੀ ਉਨ੍ਹਾਂ ਦਾ ਭਵਿੱਖ ਨੈੱਟ-ਰਨਰੇਟ 'ਤੇ ਨਿਰਭਰ ਕਰ ਸਕਦਾ ਹੈ।
Credit : www.jagbani.com