ਬੰਗਾ 'ਚ ਵੱਡੀ ਵਾਰਦਾਤ! ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ, ਬੈੱਡ ਤੋਂ ਮਿਲੀ ਲਾਸ਼

ਬੰਗਾ 'ਚ ਵੱਡੀ ਵਾਰਦਾਤ! ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ, ਬੈੱਡ ਤੋਂ ਮਿਲੀ ਲਾਸ਼

ਬੰਗਾ-ਬੰਗਾ ਦੇ ਪਿੰਡ ਸਰਹਾਲਾ ਰਾਣੂਆਂ ਵਿਖੇ ਬਜ਼ੁਰਗ ਔਰਤ ਦਾ ਸੋਨੇ ਦੀਆਂ ਵਾਲੀਆਂ ਲੁੱਟਣ ਉਪਰੰਤ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮ੍ਰਿਤਕਾ ਲਖਵਿੰਦਰ ਕੌਰ (58) ਦੇ ਪਤੀ ਬਹਾਦਰ ਸਿੰਘ ਵਾਸੀ ਸਰਹਾਲਾ ਰਾਣੂਆਂ ਨੇ ਦੱਸਿਆ ਕਿ ਜਸਵਿੰਦਰ ਕੌਰ ਵਾਸੀ ਜੱਸੋਮਜਾਰਾ ਥਾਣਾ ਬਹਿਰਾਮ ਉਨ੍ਹਾਂ ਦੀ ਜਾਣਕਾਰ ਹੈ, ਜਿਸ ਦੀ ਲੜਕੀ ਪ੍ਰਵੀਨ ਕੌਰ ਦਾ ਰਿਸ਼ਤਾ ਪਰਮਜੀਤ ਵਾਸੀ ਲਿੱਦੜ ਕਲਾਂ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਨਾਲ ਉਨ੍ਹਾਂ ਨੇ ਕਰਵਾਇਆ ਸੀ।

ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਉਹ ਤੇ ਉਸ ਦੀ ਪਤਨੀ ਅਤੇ ਉਸ ਦਾ ਸਾਲਾ ਸੁਖਦੇਵ ਸਿੰਘ ਘਰ ਵਿਚ ਮੌਜੂਦ ਸਨ ਤਾਂ ਪ੍ਰਵੀਨ ਕੌਰ ਆਪਣੀ ਲੜਕੀ ਸਿਮਰਪ੍ਰੀਤ ਕੌਰ ਅਤੇ ਇਕ ਲੜਕਾ, ਜਿਸ ਨੂੰ ਉਹ ਨਹੀਂ ਜਾਣਦੇ ਸਨ, ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਆਈ। ਉਨ੍ਹਾਂ ਸਾਰਿਆਂ ਨੇ ਚਾਹ-ਪਾਣੀ ਪੀਤਾ। ਪੁੱਛਣ ’ਤੇ ਪ੍ਰਵੀਨ ਕੌਰ ਨੇ ਦੱਸਿਆ ਜੋ ਲੜਕਾ ਉਨ੍ਹਾਂ ਨਾਲ ਆਇਆ ਹੈ, ਉਸ ਦਾ ਨਾਂ ਸਿਮਰਨਜੀਤ ਸਿੰਘ ਹੈ, ਜੋ ਪਿੰਡ ਫਲਪੋਤਾ ਥਾਣਾ ਗੋਰਾਇਆ ਜ਼ਿਲ੍ਹਾ ਜਲੰਧਰ ਦਾ ਵਾਸੀ ਹੈ ਅਤੇ ਉਹ ਹੁਣ ਉਸ ਕੋਲ ਹੀ ਪਿੰਡ ਫਲਪੋਤਾ ਵਿਖੇ ਰਹਿੰਦੀ ਹੈ। ਉਪਰੰਤ ਉਹ ਅਤੇ ਉਸ ਦਾ ਸਾਲਾ ਪਸ਼ੂਆਂ ਨੂੰ ਚਾਰਾ ਪਾਉਣ ਲਈ ਹਵੇਲੀ ਨੂੰ ਚਲੇ ਗਏ।

ਉਸ ਨੇ ਦੱਸਿਆ ਕਿ ਜਦੋਂ ਉਹ ਦੇਰ ਸ਼ਾਮ ਘਰ ਵਾਪਸ ਪਰਤਿਆ ਅਤੇ ਆਪਣੀ ਪਤਨੀ ਲਖਵਿੰਦਰ ਕੌਰ ਨੂੰ ਆਵਾਜ਼ ਦਿੱਤੀ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਦੌਰਾਨ ਪ੍ਰਵੀਨ ਕੌਰ ਅਤੇ ਸਿਮਰਨਜੀਤ ਸਿੰਘ ਵੀ ਘਰ ਵਿਚ ਨਹੀਂ ਸਨ। ਜਦੋਂ ਉਸ ਨੇ ਆਪਣੇ ਘਰ ਵਿਚ ਬਣੇ ਹੋਏ ਦੂਜੇ ਕਮਰੇ ਵਿਚ ਜਾ ਕੇ ਵੇਖਿਆ ਤਾਂ ਉਸ ਦੀ ਪਤਨੀ ਲਖਵਿੰਦਰ ਕੌਰ ਬੈੱਡ ’ਤੇ ਮੂਧੇ ਮੂੰਹ ਪਈ ਹੋਈ ਸੀ, ਜਿਸ ਨੂੰ ਉਸ ਨੇ ਸਿੱਧਾ ਕਰਕੇ ਵੇਖਿਆ ਤਾਂ ਚੁੰਨੀ ਨਾਲ ਗਲ਼ਾ ਘੁੱਟ ਕੇ ਉਸ ਦਾ ਕਤਲ ਕੀਤਾ ਹੋਇਆ ਸੀ ਅਤੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਗਾਇਬ ਸਨ।

ਉਸ ਨੇ ਇਸ ਦੀ ਸੂਚਨਾ ਤੁਰੰਤ ਥਾਣਾ ਬਹਿਰਾਮ ਪੁਲਸ ਨੂੰ ਦਿੱਤੀ। ਥਾਣਾ ਬਹਿਰਾਮ ਦੇ ਐੱਸ. ਐੱਚ. ਓ. ਸੁਮਿਤ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੱਜੇ। ਇਸ ਤੋਂ ਬਾਅਦ ਡੀ. ਐੱਸ. ਪੀ. ਬੰਗਾ ਹਰਜੀਤ ਸਿੰਘ ਰੰਧਾਵਾ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜੇ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ। ਬਹਾਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਪ੍ਰਵੀਨ ਕੌਰ ਅਤੇ ਸਿਮਰਨਜੀਤ ਸਿੰਘ ਨੇ ਸੋਨੇ ਦੀਆਂ ਵਾਲੀਆਂ ਦੀ ਚੋਰੀ ਕਰਨ ਦੀ ਨੀਅਤ ਨਾਲ ਉਸ ਦੀ ਪਤਨੀ ਲਖਵਿੰਦਰ ਕੌਰ ਦਾ ਗਲ਼ਾ ਘੁੱਟ ਕੇ ਕਤਲ ਕੀਤਾ ਹੈ। ਪੁਲਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਪਹੁੰਚਾ ਦਿੱਤਾ ਅਤੇ ਪ੍ਰਵੀਨ ਕੌਰ ਅਤੇ ਸਿਮਰਨਜੀਤ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS