ਸ਼ੇਅਰ ਬਾਜ਼ਾਰ ਦੇ ਉਤਾਰ-ਚੜ੍ਹਾਅ ਵਿਚਕਾਰ ਵਿੱਤ ਮੰਤਰੀ ਦਾ ਵੱਡਾ ਬਿਆਨ, ਨਿਵੇਸ਼ਕਾਂ ਨੂੰ ਰਾਹਤ ਦੀ ਉਮੀਦ

ਸ਼ੇਅਰ ਬਾਜ਼ਾਰ ਦੇ ਉਤਾਰ-ਚੜ੍ਹਾਅ ਵਿਚਕਾਰ ਵਿੱਤ ਮੰਤਰੀ ਦਾ ਵੱਡਾ ਬਿਆਨ, ਨਿਵੇਸ਼ਕਾਂ ਨੂੰ ਰਾਹਤ ਦੀ ਉਮੀਦ

ਬਿਜ਼ਨੈੱਸ ਡੈਸਕ- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਕੇਤ ਦਿੱਤਾ ਹੈ ਕਿ ਸਰਕਾਰ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਦੀਆਂ ਚਿੰਤਾਵਾਂ ਸੁਣਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸੋਮਵਾਰ ਨੂੰ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਲੋਂਗ-ਟਰਮ ਕੈਪੀਟਲ ਗੇਨਜ਼ (LTCG) ਅਤੇ ਸ਼ੋਰਟ-ਟਰਮ ਕੈਪੀਟਲ ਗੇਨਜ਼ (STCG) ਟੈਕਸਾਂ ਨਾਲ ਜੁੜੇ ਮੁੱਦਿਆਂ 'ਤੇ ਨਿਵੇਸ਼ਕਾਂ ਦੇ ਸੁਝਾਅ ਅਤੇ ਫੀਡਬੈਕ ਲੈਣ ਲਈ ਖੁੱਲ੍ਹੇ ਮਨ ਨਾਲ ਵਿਚਾਰ ਕਰ ਰਹੀ ਹੈ।

ਨਿਵੇਸ਼ਕਾਂ ਦੇ ਹਿੱਤਾਂ ਦਾ ਰੱਖਿਆ ਜਾਵੇਗਾ ਧਿਆਨ

ਟੈਕਸਪ੍ਰੋਸਿਲ ਐਕਸਪੋਰਟ ਐਵਾਰਡ ਸਮਾਰੋਹ ਦੇ ਮੌਕੇ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਅਸੀਂ ਕਿਸੇ ਵੀ ਮੁੱਦੇ 'ਤੇ ਲੋਕਾਂ ਦੀ ਗੱਲ ਸੁਣਨ ਲਈ ਹਮੇਸ਼ਾ ਤਿਆਰ ਹਾਂ ਅਤੇ ਉਨ੍ਹਾਂ ਦੇ ਸੁਝਾਵਾਂ ਨੂੰ ਜ਼ਰੂਰ ਵਿਚਾਰਾਂਗੇ। ਉਨ੍ਹਾਂ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਪੱਛਮੀ ਏਸ਼ੀਆ ਦੇ ਸੰਕਟ ਅਤੇ ਗਲੋਬਲ ਕਾਰਨਾਂ ਕਰਕੇ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਕਾਫੀ ਉਤਾਰ-ਚੜ੍ਹਾਅ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਉਨ੍ਹਾਂ ਨੇ ਅਜੇ ਤੱਕ ਟੈਕਸ ਢਾਂਚੇ ਵਿੱਚ ਕਿਸੇ ਰਸਮੀ ਬਦਲਾਅ ਦਾ ਐਲਾਨ ਨਹੀਂ ਕੀਤਾ ਹੈ।

ਵਿੱਤ ਮੰਤਰੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਏ 2.61 ਤੋਂ 2.71 ਰੁਪਏ ਦੇ ਤਾਜ਼ਾ ਵਾਧੇ ਬਾਰੇ ਵੀ ਸਥਿਤੀ ਸਪੱਸ਼ਟ ਕੀਤੀ। ਉਨ੍ਹਾਂ ਕਿਹਾ ਕਿ ਇਹ ਵਾਧਾ ਸਰਕਾਰ ਦੀ ਕਿਸੇ ਅਚਾਨਕ ਨੀਤੀ ਕਾਰਨ ਨਹੀਂ, ਬਲਕਿ ਗਲੋਬਲ ਮਾਰਕੀਟ ਵਿੱਚ ਤੇਲ ਦੀ ਖਰੀਦ ਦੀਆਂ ਅਸਲ ਕੀਮਤਾਂ ਕਾਰਨ ਹੋਇਆ ਹੈ। ਉਨ੍ਹਾਂ ਯਾਦ ਦਿਵਾਇਆ ਕਿ ਕੇਂਦਰ ਸਰਕਾਰ ਨੇ ਪਹਿਲਾਂ ਵੀ ਖਪਤਕਾਰਾਂ ਨੂੰ ਰਾਹਤ ਦੇਣ ਲਈ ਟੈਕਸਾਂ ਵਿੱਚ ਕਟੌਤੀ ਕਰਕੇ 1 ਲੱਖ ਕਰੋੜ ਰੁਪਏ ਦਾ ਵਿੱਤੀ ਬੋਝ ਖੁਦ ਸਹਿਣ ਕੀਤਾ ਸੀ।

ਆਰਥਿਕਤਾ ਵਿੱਚ ਮਜ਼ਬੂਤੀ ਦਾ ਦਾਅਵਾ

ਵਿੱਤ ਮੰਤਰੀ ਨੇ ਦੇਸ਼ ਦੀ ਆਰਥਿਕ ਸਥਿਤੀ 'ਤੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਭਾਰਤ ਅਜਿਹੇ ਸਮੇਂ ਵਿੱਚ ਡਰ ਦਾ ਮਾਹੌਲ ਪੈਦਾ ਕਰਨਾ ਬਰਦਾਸ਼ਤ ਨਹੀਂ ਕਰ ਸਕਦਾ ਕਿਉਂਕਿ ਸਾਡੀ ਆਰਥਿਕਤਾ ਚੁਣੌਤੀਆਂ ਦੇ ਬਾਵਜੂਦ ਮਜ਼ਬੂਤ ਬਣੀ ਹੋਈ ਹੈ। ਉਨ੍ਹਾਂ ਨੇ ਬੈਂਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਾਰੋਬਾਰੀ ਚੱਕਰਾਂ ਦੇ ਹਿਸਾਬ ਨਾਲ ਕਰਜ਼ੇ ਦੀਆਂ ਯੋਜਨਾਵਾਂ ਤਿਆਰ ਕਰਨ ਤਾਂ ਜੋ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਜਾ ਸਕੇ।

Credit : www.jagbani.com

  • TODAY TOP NEWS