ਪਟਿਆਲਾ/ਸਨੌਰ (ਮਨਦੀਪ ਜੋਸਨ) : ਸਨੌਰ ਦੇ ਇਕ ਮੁਹੱਲੇ ’ਚ ਰਹਿ ਰਹੇ ‘ਢੋਂਗੀ ਬਾਬਾ’ ਉਰਫ ਨਟਵਰ ਲਾਲ ਅਤੇ ਉਸ ਦੇ ਇਕ ਸੇਵਕ ਖਿਲਾਫ ਲੰਘੇ ਕੱਲ ਤੋਂ ਸਨੌਰ ਪੁਲਸ ਵੱਲੋਂ ਕੇਸ ਨਾ ਦਰਜ ਕਰਨ ’ਤੇ ਭੜਕੇ ਦੁਕਾਨਦਾਰਾਂ ਅਤੇ ਲੋਕਾਂ ਨੇ ਸਨੌਰ ਥਾਣਾ ਘੇਰ ਕੇ ਪੁਲਸ ਖਿਲਾਫ ਤਿੱਖੀ ਨਾਅਰੇਬਾਜ਼ੀ ਕੀਤੀ। ਆਖਿਰ ਸ਼ਾਮ ਨੂੰ ਲੋਕਾਂ ਦੇ ਰੋਹ ਅੱਗੇ ਝੁਕਦਿਆਂ ਸਨੌਰ ਪੁਲਸ ਨੇ ਇਸ ‘ਢੋਂਗੀ ਬਾਬਾ’ ਮਹੰਤ ਪ੍ਰਵੀਨ ਦਾਸ ਮਹਾਰਾਜ ਅਤੇ ਇਸ ਦੀ ਸੇਵਿਕਾ ਪ੍ਰਿਯੰਕਾ ਖਿਲਾਫ ਸਨੌਰ ਥਾਣੇ ਅੰਦਰ ਐੱਫ. ਆਈ. ਆਰ. ਨੰਬਰ 0053 ਧਾਰਾ 319, 318, 74, 77, 361, 308, 361, 351 ਤਹਿਤ ਲੋਕਾਂ ਨੂੰ ਗੁੰਮਰਾਹ ਕਰਨ, ਲੁੱਟਣ, ਲੱਖਾਂ ਰੁਪਏ ਹੜੱਪ ਕਰਨ ਦੇ ਦੋਸ਼ ’ਚ ਕੇਸ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਦਰਜਨਾਂ ਲੋਕਾਂ ਨਾਲ ਕਰੋੜਾਂ ਦੀ ਠੱਗੀ ਦੇ ਮਾਮਲੇ ’ਚ ਕੱਲ ਦੇਰ ਰਾਤ ਸੀ. ਆਈ. ਏ. ਪਟਿਆਲਾ ਦੀ ਪੁਲਸ ਨੇ ਉਕਤ ‘ਢੋਂਗੀ ਬਾਬਾ’ ਨੂੰ ਗ੍ਰਿਫਤਾਰ ਕੀਤਾ ਸੀ।
ਇਹ ਗੱਲ ਜਦੋਂ ਸੀਨੀਅਰ ਪੁਲਸ ਅਧਿਕਾਰੀਆਂ ਕੋਲ ਪੁੱਜੀ ਤਾਂ ਉਨ੍ਹਾਂ ਐੱਸ. ਐੱਚ. ਓ. ਸਨੌਰ ਨੂੰ ਹੁਕਮ ਦਿੱਤੇ ਕਿ ਉਹ ਤੁਰੰਤ ਥਾਣੇ ਜਾ ਕੇ ਕੇਸ ਦਰਜ ਕਰੇ। ਆਖਿਰ ਦੇਰ ਸ਼ਾਮ ਲੋਕਾਂ ਦੇ ਰੋਹ ਅੱਗੇ ਝੁਕਦਿਆਂ ਇਸ ‘ਢੋਂਗੀ ਬਾਬਾ’ ਤੇ ਸੇਵਿਕਾ ਖਿਲਾਫ ਕੇਸ ਦਰਜ ਹੋਇਆ। ਇਸ ਮੌਕੇ ਵੱਖ-ਵੱਖ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ‘ਢੋਂਗੀ ਬਾਬਾ’ ਸਨੌਰ ਵਾਸੀਆਂ ਨੂੰ ਗੁੰਮਰਾਹ ਕਰ ਰਿਹਾ ਸੀ। ਇਸ ਨੇ ਜਾਅਲੀ ਐਡਰੈੱਸ ’ਤੇ ਆਧਾਰ ਕਾਰਡ ਬਣਵਾ ਲਿਆ ਸੀ। ਉਸ ਦੀਆਂ ਗੱਲਾਂ ’ਚ ਆ ਕੇ ਕੁਝ ਦੁੱਖੀ ਲੋਕ ਇਸ ਕੋਲ ਜਾਣ ਲੱਗੇ ਅਤੇ ਇਸ ਨੇ ਉਨ੍ਹਾਂ ਤੋਂ ਪੈਸੇ ਬਟੋਰਨੇ ਸ਼ੁਰੂ ਕਰ ਦਿੱਤੇ, ਜਿਹੜੇ ਲੱਖਾਂ ਰੁਪਏ ’ਚ ਪਹੁੰਚ ਗਏ। ਇਥੋਂ ਤੱਕ ਬਾਬਾ ਇਹ ਵੀ ਕਹਿੰਦਾ ਸੀ ਕਿ ਉਹ ਐਂਟੀ ਕੁਰੱਪਸ਼ਨ ਬਿਊਰੋ ਭਾਰਤ ਦਾ ਚੇਅਰਮੈਨ ਹੈ ਅਤੇ ਉਸ ਨੂੰ ਬਹੁਤ ਉੱਚਾ ਅਹੁਦਾ ਮਿਲੇਗਾ, ਜਿਸ ਕਰ ਕੇ ਉਹ ਲੋਕਾਂ ਦੇ ਬੱਚਿਆਂ ਨੂੰ ਨੌਕਰੀਆਂ ਵੀ ਲੱਗਵਾ ਦੇਵੇਗਾ।
ਬੀਬੀਆਂ ਨੇ ਰੋਂਦੇ ਹੋਏ ਦੱਸਿਆ ਕਿ ਇਹ ਗਲਤ ਤੌਰ ’ਤੇ ਉਨ੍ਹਾਂ ਦੇ ਸਰੀਰ ਨੂੰ ਟੱਚ ਵੀ ਕਰਦਾ ਸੀ। ਉਸ ਦੀ ਸੇਵਿਕਾ ਬੀਬੀਆਂ ਨੂੰ ਗੁੰਮਰਾਹ ਕਰ ਕੇ ਬਾਬੇ ਕੋਲ ਲੈ ਕੇ ਜਾਂਦੀ ਸੀ। ਇਸ ਨੇ ਲੋਕਾਂ ਕੋਲੋਂ ਸੋਨੇ ਦੀਆਂ ਛਾਪਾਂ, ਕੜੇ ਤੱਕ ਆਪਣੇ ਕਬਜ਼ੇ ’ਚ ਕਰ ਲਏ ਸਨ। ਉਕਤ ਬੀਬੀਆਂ ਨੇ ਬਕਾਇਦਾ ਤੌਰ ’ਤੇ ਬਿਆਨ ਦਰਜ ਕਰਵਾਏ ਹਨ, ਜੋ ਐੱਫ. ਆਈ. ਆਰ. ਵਿਚ ਵੀ ਸ਼ਾਮਿਲ ਕੀਤੇ ਹਨ। ਉੱਥੇ ਸਨੌਰ ਪੁਲਸ ਵੱਲੋਂ ‘ਢੋਂਗੀ ਬਾਬਾ’ ਖਿਲਾਫ ਕਾਰਵਾਈ ਨਾ ਕਰਨ ’ਤੇ ਲੋਕ ਹੈਰਾਨ ਅਤੇ ਪ੍ਰੇਸ਼ਾਨ ਸਨ। ਲੋਕਾਂ ਨੇ ਮੰਗ ਕੀਤੀ ਕਿ ਅਜਿਹੇ ਲੋਕਾਂ ਦਾ ਪੱਖ ਪੂਰਨ ਵਾਲੇ ਪੁਲਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com