ਬੁਗੇਨਹੌਟ (ਬੈਲਜੀਅਮ): ਉੱਤਰੀ ਬੈਲਜੀਅਮ ਦੇ ਬੁਗੇਨਹੌਟ ਪਿੰਡ ਵਿੱਚ ਮੰਗਲਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਇੱਕ ਰੇਲਵੇ ਕ੍ਰਾਸਿੰਗ 'ਤੇ ਤੇਜ਼ ਰਫਤਾਰ ਟ੍ਰੇਨ ਨੇ ਸਕੂਲ ਦੀ ਮਿੰਨੀ ਬੱਸ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਸਵੇਰੇ ਲਗਭਗ 8:15 ਵਜੇ ਵਾਪਰਿਆ ਜਿਸ ਵਿੱਚ ਕਈ ਲੋਕਾਂ ਦੀ ਜਾਨ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਪੁਲਸ ਅਧਿਕਾਰੀਆਂ ਅਨੁਸਾਰ, ਇਸ ਮਿੰਨੀ ਬੱਸ 'ਚ ਸੱਤ ਬੱਚੇ, ਇੱਕ ਸੁਪਰਵਾਈਜ਼ਰ ਅਤੇ ਇੱਕ ਡਰਾਈਵਰ ਸਵਾਰ ਸਨ। ਪੁਲਸ ਬੁਲਾਰੇ ਫਰੈਡਰਿਕ ਸੈਕਰੇ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਮੌਤਾਂ ਦਾ ਅੰਕੜਾ ਬਹੁਤ ਜ਼ਿਆਦਾ ਹੋ ਸਕਦਾ ਹੈ, ਹਾਲਾਂਕਿ ਬੈਲਜੀਅਮ ਪੁਲਸ ਨੇ ਅਜੇ ਤੱਕ ਮੌਤਾਂ ਦੀ ਸਹੀ ਗਿਣਤੀ ਦੀ ਅਧਿਕਾਰਤ ਪੁਸ਼ਟੀ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ ਪਰ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਚਾਰ ਬੱਚਿਆਂ ਦੀ ਇਸ ਦੌਰਾਨ ਮੌਤ ਹੋ ਚੁੱਕੀ ਹੈ।

ਹਾਦਸੇ ਦੇ ਕਾਰਨਾਂ ਬਾਰੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਟ੍ਰੇਨ ਗੁਜ਼ਰ ਰਹੀ ਸੀ, ਉਸ ਸਮੇਂ ਰੇਲਵੇ ਫਾਟਕ ਬੰਦ ਸੀ ਅਤੇ ਲਾਲ ਬੱਤੀ ਜਲ ਰਹੀ ਸੀ। ਟ੍ਰੇਨ ਦੇ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਰਾਹਤ ਕਾਰਜਾਂ ਲਈ ਐਮਰਜੈਂਸੀ ਸੇਵਾਵਾਂ ਮੌਕੇ 'ਤੇ ਤਾਇਨਾਤ ਹਨ।

ਇਸ ਦਰਦਨਾਕ ਘਟਨਾ 'ਤੇ ਯੂਰਪੀ ਸੰਘ (EU) ਦੀ ਮੁਖੀ ਉਰਸੁਲਾ ਵਾਨ ਡੇਰ ਲੇਅਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਪੂਰਾ ਯੂਰਪ ਬੈਲਜੀਅਮ ਦੇ ਇਸ ਦੁੱਖ ਵਿੱਚ ਨਾਲ ਖੜ੍ਹਾ ਹੈ। ਬੈਲਜੀਅਮ ਦੇ ਗ੍ਰਹਿ ਮੰਤਰੀ ਬਰਨਾਰਡ ਕੁਇੰਟਿਨ ਨੇ ਵੀ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਜ਼ਾਹਰ ਕੀਤੀ ਹੈ ਅਤੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com