ਨਵੀਂ ਦਿੱਲੀ: ਕਾਂਗੋ ਤੇ ਯੂਗਾਂਡਾ ਵਿੱਚ ਇਬੋਲਾ ਦੀ ਲਾਗ ਦੇ ਵਧਦੇ ਮਾਮਲਿਆਂ ਨੂੰ ਮੁੱਖ ਰੱਖਦਿਆਂ ਨਾਗਰਿਕ ਉਡਾਣ ਡਾਇਰੈਕਟੋਰੇਟ ਜਨਰਲ (DGCA) ਨੇ ਹਵਾਈ ਯਾਤਰਾ ਲਈ ਨਵੇਂ ਅਤੇ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਨਿਯਮਾਂ ਅਨੁਸਾਰ, ਪ੍ਰਭਾਵਿਤ ਖੇਤਰਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਲਾਜ਼ਮੀ ਸਕ੍ਰੀਨਿੰਗ ਕੀਤੀ ਜਾਵੇਗੀ ਅਤੇ ਸ਼ੱਕੀ ਮਾਮਲਿਆਂ ਲਈ ਜਹਾਜ਼ ਵਿੱਚ ਵੱਖਰੀ ਬੈਠਣ ਦੀ ਵਿਵਸਥਾ (ਆਈਸੋਲੇਸ਼ਨ) ਕੀਤੀ ਜਾਵੇਗੀ।
ਯਾਤਰੀਆਂ ਤੇ ਏਅਰਲਾਈਨਾਂ ਲਈ ਨਵੇਂ ਨਿਯਮ
DGCA ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਜਹਾਜ਼ ਵਿੱਚ ਚੜ੍ਹਨ ਤੋਂ ਪਹਿਲਾਂ ‘ਸਿਹਤ ਘੋਸ਼ਣਾ ਪੱਤਰ’ (Health Declaration Form) ਭਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਜੇਕਰ ਉਡਾਣ ਦੌਰਾਨ ਕਿਸੇ ਯਾਤਰੀ ਵਿੱਚ ਇਬੋਲਾ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਕਰੂ ਮੈਂਬਰਾਂ ਵੱਲੋਂ ਉਸ ਨੂੰ ਤੁਰੰਤ ਦੂਜੇ ਯਾਤਰੀਆਂ ਤੋਂ ਵੱਖ ਬਿਠਾਇਆ ਜਾਵੇਗਾ। ਜੋ ਯਾਤਰੀ ਕਿਸੇ ਸ਼ੱਕੀ ਵਿਅਕਤੀ ਦੇ ਸੰਪਰਕ ਵਿੱਚ ਆਏ ਹਨ ਜਾਂ ਜਿਨ੍ਹਾਂ ਵਿੱਚ ਲੱਛਣ ਦਿਖਾਈ ਦੇ ਰਹੇ ਹਨ, ਉਨ੍ਹਾਂ ਨੂੰ ਇਮੀਗ੍ਰੇਸ਼ਨ ਕਲੀਅਰੈਂਸ ਤੋਂ ਪਹਿਲਾਂ ਹਵਾਈ ਅੱਡਾ ਸਿਹਤ ਅਧਿਕਾਰੀ (APHO) ਨੂੰ ਰਿਪੋਰਟ ਕਰਨਾ ਹੋਵੇਗਾ। ਇਹ ਨਿਯਮ ਦਿੱਲੀ ਤੇ ਹੈਦਰਾਬਾਦ ਸਮੇਤ ਸਾਰੇ ਪ੍ਰਮੁੱਖ ਹਵਾਈ ਅੱਡਿਆਂ ਲਈ ਲਾਜ਼ਮੀ ਹਨ।
ਸਿਹਤ ਮੰਤਰਾਲਾ ਤੇ ਏਜੰਸੀਆਂ ਅਲਰਟ 'ਤੇ
ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਨੇ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ ਹੈ। ਸਰਕਾਰ ਨੇ ICMR ਤੇ NCDC ਵਰਗੀਆਂ ਏਜੰਸੀਆਂ ਨੂੰ ਅਲਰਟ ਮੋਡ 'ਤੇ ਰਹਿਣ ਤੇ ਟੈਸਟਿੰਗ ਤੇ ਨਿਗਰਾਨੀ ਦੀ ਵਿਵਸਥਾ ਤਿਆਰ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਹਵਾਈ ਅੱਡਿਆਂ ਤੋਂ ਇਲਾਵਾ, ਬੰਦਰਗਾਹਾਂ ਤੇ ਅੰਤਰਰਾਸ਼ਟਰੀ ਸਰਹੱਦਾਂ 'ਤੇ ਵੀ ਨਿਗਰਾਨੀ ਵਧਾ ਦਿੱਤੀ ਗਈ ਹੈ ਤਾਂ ਜੋ ਲਾਗ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਲੱਛਣ ਅਤੇ ਸਾਵਧਾਨੀਆਂ
ਮਾਹਿਰਾਂ ਅਨੁਸਾਰ, ਜੇਕਰ ਯਾਤਰਾ ਦੇ 21 ਦਿਨਾਂ ਦੇ ਅੰਦਰ ਬੁਖਾਰ, ਉਲਟੀ, ਕਮਜ਼ੋਰੀ, ਸਿਰ ਦਰਦ, ਗਲੇ 'ਚ ਦਰਦ ਜਾਂ ਸਰੀਰ 'ਚੋਂ ਅਸਾਧਾਰਨ ਖੂਨ ਵਹਿਣ ਵਰਗੇ ਲੱਛਣ ਦਿਖਾਈ ਦੇਣ, ਤਾਂ ਤੁਰੰਤ ਸਿਹਤ ਅਧਿਕਾਰੀਆਂ ਨੂੰ ਸੂਚਿਤ ਕਰਨਾ ਚਾਹੀਦਾ ਹੈ। ਇਬੋਲਾ ਮੁੱਖ ਰੂਪ ਵਿੱਚ ਸੰਕਰਮਿਤ ਵਿਅਕਤੀ ਦੇ ਸਰੀਰਕ ਤਰਲ ਪਦਾਰਥਾਂ (ਜਿਵੇਂ ਖੂਨ, ਪਸੀਨਾ, ਲਾਰ) ਦੇ ਸਿੱਧੇ ਸੰਪਰਕ ਵਿੱਚ ਆਉਣ ਨਾਲ ਫੈਲਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com