ਧਮਾਕਿਆਂ ਨਾਲ ਦਹਿਲਿਆ ਇਲਾਕਾ! PSPCL ਦੀ ਟਰਾਂਸਫਾਰਮਰ ਰਿਪੇਅਰ ਵਰਕਸ਼ਾਪ 'ਚ ਲੱਗੀ ਭਿਆਨਕ ਅੱਗ

ਧਮਾਕਿਆਂ ਨਾਲ ਦਹਿਲਿਆ ਇਲਾਕਾ! PSPCL ਦੀ ਟਰਾਂਸਫਾਰਮਰ ਰਿਪੇਅਰ ਵਰਕਸ਼ਾਪ 'ਚ ਲੱਗੀ ਭਿਆਨਕ ਅੱਗ

ਦੋਰਾਹਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਦੇ ਦੋਰਾਹਾ ਦੇ ਦੱਖਣੀ ਬਾਈਪਾਸ ’ਤੇ ਸਰਹਿੰਦ ਨਹਿਰ ਕਿਨਾਰੇ ਸਥਿਤ ਟਰਾਂਸਫਾਰਮਰ ਰਿਪੇਅਰ ਵਰਕਸ਼ਾਪ ਵਿੱਚ ਬਾਅਦ ਦੁਪਹਿਰ ਅਚਾਨਕ ਭਿਆਨਕ ਅੱਗ ਲੱਗ ਜਾਣ ਕਾਰਨ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ। ਅੱਗ ਨੇ ਕੁਝ ਹੀ ਸਮੇਂ ਵਿੱਚ ਵਿਕਰਾਲ ਰੂਪ ਧਾਰਨ ਕਰ ਲਿਆ ਅਤੇ ਅਸਮਾਨ ਵਿੱਚ ਕਾਲੇ ਧੂੰਏਂ ਦੇ ਗੁਬਾਰ ਛਾ ਗਏ, ਜੋ ਕਈ ਕਿਲੋਮੀਟਰ ਦੂਰ ਤੱਕ ਦਿਖਾਈ ਦੇ ਰਹੇ ਸਨ। ਅੱਗ ਦੀਆਂ ਤੇਜ਼ ਲਪਟਾਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਇਲਾਕਾ ਧਮਾਕਿਆਂ ਦੀਆਂ ਆਵਾਜ਼ਾਂ ਨਾਲ ਦਹਿਲ ਉੱਠਿਆ।

ਜਾਣਕਾਰੀ ਅਨੁਸਾਰ ਇਹ ਵਰਕਸ਼ਾਪ ਖਰਾਬ ਅਤੇ ਅਸਫਲ ਵੰਡ ਟਰਾਂਸਫਾਰਮਰਾਂ ਦੀ ਮੁਰੰਮਤ ਅਤੇ ਸੇਵਾ ਲਈ ਕੇਂਦਰੀ ਹੱਬ ਵਜੋਂ ਕੰਮ ਕਰਦੀ ਹੈ। ਅੱਗ ਨੇ ਵਰਕਸ਼ਾਪ ਵਿੱਚ ਪਏ ਹਜ਼ਾਰਾਂ ਖਰਾਬ ਅਤੇ ਮੁਰੰਮਤ ਲਈ ਰੱਖੇ ਟਰਾਂਸਫਾਰਮਰਾਂ, ਤੇਲ ਦੇ ਡਰੰਮਾਂ ਅਤੇ ਹਾਈ ਵੋਲਟੇਜ ਕੇਬਲਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਅੱਗ ਦੀਆ ਤੇਜ਼ ਲਪਟਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਟਰਾਂਸਫਾਰਮਰਾਂ ਅਤੇ ਤੇਲ ਦੇ ਡਰੰਮਾਂ ਵਿੱਚ ਲਗਾਤਾਰ ਜ਼ੋਰਦਾਰ ਧਮਾਕਿਆਂ ਵਰਗੀਆਂ ਆਵਾਜ਼ਾਂ ਆਉਂਦੀਆਂ ਰਹੀਆਂ, ਜਿਸ ਕਾਰਨ ਨੇੜਲੇ ਇਲਾਕਿਆਂ ਦੇ ਲੋਕ ਡਰ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।

ਜ਼ਿਕਰਯੋਗ ਹੈ ਕਿ ਇਸੇ ਵਰਕਸ਼ਾਪ ਦੇ ਨੇੜੇ ਬਿਜਲੀ ਵਿਭਾਗ ਦੇ ਦਫਤਰ, ਐਕਸੀਅਨ ਦਫਤਰ ਅਤੇ ਬਿਜਲੀ ਗਰਿਡ ਵੀ ਸਥਿਤ ਹਨ, ਜਿਸ ਕਾਰਨ ਸਥਿਤੀ ਹੋਰ ਵੀ ਗੰਭੀਰ ਬਣ ਗਈ ਸੀ। ਮੁੱਢਲੀ ਜਾਣਕਾਰੀ ਅਨੁਸਾਰ ਅੱਗ ਸ਼ਾਇਦ ਬੋਰਡ ਦੀ ਬਾਊਂਡਰੀ ਤੋਂ ਬਾਹਰ ਕਿਸੇ ਵੱਲੋਂ ਲਗਾਈ ਗਈ ਸੀ, ਜੋ ਭਿਆਨਕ ਗਰਮੀ ਅਤੇ ਤੇਜ਼ ਹਵਾਵਾਂ ਕਾਰਨ ਫੈਲਦੀ ਹੋਈ ਵਰਕਸ਼ਾਪ ਦੇ ਅੰਦਰ ਤੱਕ ਪਹੁੰਚ ਗਈ।

ਅੱਗ ਲੱਗਣ ਕਾਰਨ ਦੋਰਾਹਾ ਸ਼ਹਿਰ ਸਮੇਤ ਇਲਾਕੇ ਦੇ ਦਰਜਨਾਂ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਿਜਲੀ ਵਿਭਾਗ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਅੱਗ ’ਤੇ ਕਾਬੂ ਪਾਉਣ ਤੋਂ ਬਾਅਦ ਬਿਜਲੀ ਸਪਲਾਈ ਨੂੰ ਮੁੜ ਬਹਾਲ ਕਰ ਦਿੱਤਾ ਜਾਵੇਗਾ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਦੋਰਾਹਾ ਮੰਡਲ ਦੇ ਐਕਸੀਅਨ ਇੰਜੀਨੀਅਰ ਜਤਿੰਦਰ ਸਿੰਘ ਅਤੇ ਦੋਰਾਹਾ ਸ਼ਹਿਰੀ ਦੇ ਐਸ.ਡੀ.ਓ. ਤੁਰੰਤ ਮੌਕੇ ’ਤੇ ਪਹੁੰਚੇ ਅਤੇ ਉੱਚ ਅਧਿਕਾਰੀਆਂ, ਦੋਰਾਹਾ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਅੱਧਾ ਦਰਜਨ ਤੋਂ ਵੱਧ ਗੱਡੀਆਂ ਅਤੇ ਬਿਜਲੀ ਵਿਭਾਗ ਦੀਆਂ ਟੀਮਾਂ ਨੇ ਕਈ ਘੰਟਿਆਂ ਦੀ ਕੜੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਉਣ ਲਈ ਯਤਨ ਜਾਰੀ ਰੱਖੇ।

ਪਾਵਰਕਾਮ ਦੇ ਐਕਸੀਅਨ ਇੰਜੀਨੀਅਰ ਜਤਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਸਮੇਂ ਸਿਰ ਅੱਗ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਇਹ ਅੱਗ ਨੇੜਲੇ ਬਿਜਲੀ ਗਰਿਡ ਤੱਕ ਵੀ ਪਹੁੰਚ ਸਕਦੀ ਸੀ, ਜਿਸ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਵਿਭਾਗ ਵੱਲੋਂ ਨੁਕਸਾਨ ਦਾ ਅੰਕਲਨ ਕੀਤਾ ਜਾ ਰਿਹਾ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS