PM ਮੋਦੀ ਨੇ ਰਾਜਦ-ਕਾਂਗਰਸ ’ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- 'ਬਿਹਾਰ ਦਾ ‘ਜੰਗਲਰਾਜ’ ਲੋਕ ਅਗਲੇ 100 ਸਾਲਾਂ ਤੱਕ ਨਹੀਂ ਭੁੱਲਣਗੇ'

PM ਮੋਦੀ ਨੇ ਰਾਜਦ-ਕਾਂਗਰਸ ’ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- 'ਬਿਹਾਰ ਦਾ ‘ਜੰਗਲਰਾਜ’ ਲੋਕ ਅਗਲੇ 100 ਸਾਲਾਂ ਤੱਕ ਨਹੀਂ ਭੁੱਲਣਗੇ'

ਨਵੀਂ ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਬਿਹਾਰ ਦੇ ‘ਜੰਗਲਰਾਜ’ ’ਤੇ ਅਗਲੇ 100 ਸਾਲਾਂ ਤੱਕ ਚਰਚਾ ਹੋਵੇਗੀ ਅਤੇ ਵਿਰੋਧੀ ਧਿਰ ਆਪਣੇ ਮਾੜੇ ਕੰਮਾਂ ਨੂੰ ਲੁਕਾਉਣ ਦੀ ਕਿੰਨੀ ਵੀ ਕੋਸ਼ਿਸ਼ ਕਰ ਲਵੇ, ਜਨਤਾ ਉਸ ਨੂੰ ਮੁਆਫ ਨਹੀਂ ਕਰੇਗੀ। ਮੋਦੀ ਦਾ ਇਸ਼ਾਰਾ ਉਸ ਸਮੇਂ ਵੱਲ ਸੀ, ਜਦੋਂ ਬਿਹਾਰ ’ਚ ਰਾਜਦ ਮੁਖੀ ਲਾਲੂ ਪ੍ਰਸਾਦ ਮੁੱਖ ਮੰਤਰੀ ਸਨ।

ਤੇਜਸਵੀ ਯਾਦਵ ਨੂੰ ਬਿਹਾਰ ਚੋਣਾਂ ਲਈ ਮਹਾਗੱਠਜੋੜ ਦਾ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਐਲਾਨੇ ਜਾਣ ਦਰਮਿਆਨ ਰਾਜਦ-ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਮੋਦੀ ਨੇ ਕਿਹਾ ਕਿ ਵਿਰੋਧੀ ਗੱਠਜੋੜ ‘ਗੱਠਬੰਧਨ’ ਨਹੀਂ, ਸਗੋਂ ‘ਲੱਠਬੰਧਨ’ (ਮੁਲਜ਼ਮਾਂ ਦਾ ਗੱਠਜੋੜ) ਹੈ, ਕਿਉਂਕਿ ਦਿੱਲੀ ਅਤੇ ਬਿਹਾਰ ਦੇ ਇਸ ਦੇ ਸਾਰੇ ਨੇਤਾ ਜ਼ਮਾਨਤ ’ਤੇ ਬਾਹਰ ਹਨ।

ਆਡੀਓ ਕਾਨਫਰੰਸ ਰਾਹੀਂ ‘ਮੇਰਾ ਬੂਥ ਸਭ ਸੇ ਮਜ਼ਬੂਤ : ਯੁਵਾ ਸੰਵਾਦ ਪ੍ਰੋਗਰਾਮ’ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, “ਮੈਂ ਬਿਹਾਰ ਦੇ ਸਾਰੇ ਨੌਜਵਾਨਾਂ ਨੂੰ ਕਹਾਂਗਾ ਕਿ ਉਹ ਹਰ ਬੂਥ ’ਤੇ ਨੌਜਵਾਨਾਂ ਨੂੰ ਇਕੱਠਾ ਕਰਨ ਅਤੇ ਉਸ ਖੇਤਰ ਦੇ ਬਜ਼ੁਰਗਾਂ ਨੂੰ ਸੱਦ ਕੇ ‘ਜੰਗਲਰਾਜ’ ਦੀਆਂ ਪੁਰਾਣੀਆਂ ਕਹਾਣੀਆਂ ਸਾਰਿਆਂ ਨੂੰ ਦੱਸਣ। ਲੋਕ ‘ਜੰਗਲਰਾਜ’ ਨੂੰ ਅਗਲੇ 100 ਸਾਲਾਂ ਤੱਕ ਨਹੀਂ ਭੁੱਲਣਗੇ।’’

ਉਨ੍ਹਾਂ ਨੇ ਇਕ ਭਾਜਪਾ ਵਰਕਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਸ਼ ’ਚ ਵਿਕਾਸ ਦਾ ਇਕ ‘ਮਹਾਯੱਗ’ ਚੱਲ ਰਿਹਾ ਹੈ ਅਤੇ ਕੇਂਦਰ ਤੇ ਬਿਹਾਰ ’ਚ ਸਥਿਰ ਸਰਕਾਰ ਕਾਰਨ ਚੌਤਰਫਾ ਕੰਮ ਹੋ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਬਿਹਾਰ ’ਚ ਹਰ ਖੇਤਰ ’ਚ, ਹਰ ਦਿਸ਼ਾ ’ਚ ਕੰਮ ਹੋ ਰਿਹਾ ਹੈ। ਹਸਪਤਾਲ ਬਣ ਰਹੇ ਹਨ, ਚੰਗੇ ਸਕੂਲ ਸਥਾਪਤ ਹੋ ਰਹੇ ਹਨ ਅਤੇ ਨਵੇਂ ਰੇਲ ਮਾਰਗ ਵਿਕਸਤ ਕੀਤੇ ਜਾ ਰਹੇ ਹਨ। ਇਸ ਦੀ ਇਕ ਵੱਡੀ ਵਜ੍ਹਾ ਇਹ ਹੈ ਕਿ ਦੇਸ਼ ਅਤੇ ਬਿਹਾਰ ’ਚ ਇਕ ਸਥਿਰ ਸਰਕਾਰ ਹੈ।’’

ਉਨ੍ਹਾਂ ਕਿਹਾ ਕਿ ਬਿਹਾਰ ਵਿਧਾਨ ਸਭਾ ਚੋਣਾਂ ਸੂਬੇ ਦੇ ਇਤਿਹਾਸ ’ਚ ਇਕ ਨਵਾਂ ਅਧਿਆਏ ਲਿਖਣ ਲਈ ਹੈ ਅਤੇ ਨੌਜਵਾਨ ਇਸ ’ਚ ਅਹਿਮ ਭੂਮਿਕਾ ਨਿਭਾਉਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ 14 ਨਵੰਬਰ ਨੂੰ ਬਿਹਾਰ ’ਚ ਮਹਿਲਾ ਸਸ਼ਕਤੀਕਰਨ ਦਾ ਇਕ ਨਵਾਂ ਯੁੱਗ ਸ਼ੁਰੂ ਹੋਵੇਗਾ, ਜਦੋਂ ਭਾਜਪਾ ਦੀ ਅਗਵਾਈ ਵਾਲਾ ਰਾਸ਼ਟਰੀ ਜਨਤੰਤਰਿਕ ਗੱਠਜੋੜ (ਰਾਜਗ) ਫਿਰ ਤੋਂ ਸੱਤਾ ’ਚ ਆਵੇਗਾ। ਉਨ੍ਹਾਂ ਨੇ ਭਾਜਪਾ ਵਰਕਰਾਂ ਨੂੰ ਉਨ੍ਹਾਂ ਔਰਤਾਂ ਦੀ ਸੂਚੀ ਬਣਾਉਣ ਲਈ ਕਿਹਾ, ਜਿਨ੍ਹਾਂ ਨੂੰ ਅਜੇ ਤੱਕ ‘ਮੁੱਖ ਮੰਤਰੀ ਮਹਿਲਾ ਰੋਜ਼ਗਾਰ ਯੋਜਨਾ’ ਦਾ ਲਾਭ ਨਹੀਂ ਮਿਲਿਆ ਹੈ ਅਤੇ ਉਨ੍ਹਾਂ ਨੂੰ ਯੋਜਨਾ ’ਚ ਸ਼ਾਮਲ ਕਰਨ ਦਾ ਭਰੋਸਾ ਦਿੱਤਾ।

ਬਿਹਾਰ ਨੂੰ ‘ਸਟਾਰਟ-ਅੱਪ ਹੱਬ ਬਣਾਉਣ ਦੀ ਲੋੜ

ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਸਰਕਾਰ ਬਿਹਾਰ ’ਚ ਨਕਸਲਵਾਦ ਅਤੇ ਮਾਓਵਾਦੀ ਅੱਤਵਾਦ ਦੇ ਖਾਤਮੇ ਦੀ ਦਿਸ਼ਾ ’ਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਮੋਦੀ ਨੇ ਕਿਹਾ ਕਿ ਬਿਹਾਰ ਨੂੰ ਤਕਨੀਕੀ ਅਤੇ ‘ਸਟਾਰਟ-ਅੱਪ’ ਹੱਬ ਬਣਾਉਣ ਦੀ ਲੋੜ ਹੈ, ਤਾਂ ਜੋ ਨੌਜਵਾਨ ਹੋਰ ਸੂਬਿਆਂ ਦਾ ਰੁਖ਼ ਨਾ ਕਰਨ ਅਤੇ ਸੂਬੇ ’ਚ ਹੀ ਆਪਣੀ ਰੋਜ਼ੀ-ਰੋਟੀ ਕਮਾ ਸਕਣ। ਮੋਦੀ ਨੇ ਕਿਹਾ, “ਨਿਤੀਸ਼ ਜੀ ਅਤੇ ਰਾਜਗ ਨੇ ਬਿਹਾਰ ਨੂੰ ‘ਜੰਗਲਰਾਜ’ ’ਚੋਂ ਬਾਹਰ ਕੱਢਣ ਅਤੇ ਕਾਨੂੰਨ ਦਾ ਰਾਜ ਸਥਾਪਤ ਕਰਨ ਲਈ ਸਖਤ ਮਿਹਨਤ ਕੀਤੀ ਹੈ।’’

Credit : www.jagbani.com

  • TODAY TOP NEWS