ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਇਸਤਰੀ ਵਿੰਗ ਦੀ ਮੀਟਿੰਗ ਦੌਰਾਨ ਮਹਿਲਾ ਰਾਖਵਾਂਕਰਨ ਦੀ ਮੰਗ ਕੀਤੀ ਗਈ ਹੈ। ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਔਰਤਾਂ ਨੂੰ ਚੋਣਾਂ ਦੌਰਾਨ 50 ਫ਼ੀਸਦੀ ਰਾਖਵਾਂਕਰਨ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਰਹੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਅਕਾਲੀ ਦਲ ਇਸਤਰੀ ਵਿੰਗ ਦੀ 31 ਮੈਂਬਰੀ ਟੀਮ ਵੀ ਬਣਾਈ ਗਈ ਹੈ, ਜਿਸ 'ਚ ਪ੍ਰਿੰਸੀਪਲ, ਸਕੂਲ ਅਧਿਆਪਕ, ਡਾਕਟਰ, ਵਕੀਲ, ਸਮਾਜਿਕ ਤੌਰ 'ਤੇ ਜ਼ਿੰਮੇਵਾਰੀ ਰੱਖਣ ਵਾਲੀਆਂ ਔਰਤਾਂ ਸ਼ਾਮਲ ਹਨ। ਬੀਬੀ ਜਗੀਰ ਕੌਰ ਨੇ 33 ਫ਼ੀਸਦੀ ਔਰਤਾਂ ਦੇ ਰਾਖਵੇਂਕਰਨ ਦੀ ਗੱਲ ਕਹੀ, ਜਿਸ ਨੂੰ ਸਰਵ ਸਮੰਤੀ ਨਾਲ ਪਾਸ ਕਰ ਦਿੱਤਾ ਗਿਆ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਕਿ ਆਲ ਪਾਰਟੀ ਮੀਟਿੰਗ ਬੁਲਾ ਕੇ ਯਕੀਨੀ ਬਣਾਇਆ ਜਾਵੇ ਕਿ ਆਉਣ ਵਾਲੀਆਂ ਚੋਣਾਂ 'ਚ 33 ਫ਼ੀਸਦੀ ਸੀਟਾਂ ਔਰਤਾਂ ਲਈ ਰਾਖਵੀਆਂ ਰੱਖੀਆਂ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਿਹੜੀ ਵੀ ਔਰਤ ਚੋਣਾਂ ਲੜਨਾ ਚਾਹੁੰਦੀ ਹੈ, ਉਹ ਸਾਡੇ ਨਾਲ ਸੰਪਰਕ ਕਰੇ ਤਾਂ ਅਸੀਂ ਸੀਟ ਜ਼ਰੂਰ ਦਿਆਂਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਕਾਨੂੰਨ ਦੀ ਗੱਲ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਾਨੂੰਨ ਸਖ਼ਤ ਹੋਣੇ ਚਾਹੀਦੇ ਹਨ। ਬੇਅਦਬੀ ਦੇ ਖ਼ਿਲਾਫ਼ ਬਣਾਏ ਕਾਨੂੰਨ ਨੂੰ ਦੁਨਿਆਵੀ ਕਾਨੂੰਨ 'ਚ ਨਹੀਂ ਬੰਨ੍ਹਿਆ ਜਾ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਵ ਵਿਆਪਕ ਹਨ।
ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਬੀਬੀ ਜਗੀਰ ਨੇ ਕਿਹਾ ਕਿ ਉਨ੍ਹਾਂ 'ਤੇ ਐੱਨ. ਐੱਸ. ਏ. ਲਗਾਉਣਾ ਗਲਤ ਸੀ ਅਤੇ ਜੇਕਰ ਮਾਮਲਾ ਦਰਜ ਕਰਨਾ ਹੀ ਸੀ ਤਾਂ ਪੰਜਾਬ 'ਚ ਕਾਰਵਾਈ ਹੋਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਜੇਲ੍ਹ 'ਚ ਰੱਖਣਾ ਗਲਤ ਹੈ ਅਤੇ ਖ਼ਤਰਾ ਉਨ੍ਹਾਂ ਤੋਂ ਨਹੀਂ, ਸਗੋਂ ਖ਼ਤਰਾ ਤਾਂ ਅੱਜ ਵੈਸੇ ਹੀ ਕਈ ਥਾਵਾਂ 'ਤੇ ਹੈ। ਬੀਬੀ ਜਗੀਰ ਕੌਰ ਨੇ ਗਠਜੋੜ ਨੂੰ ਲੈ ਕੇ ਕਿਹਾ ਕਿ ਮੁੱਦਿਆਂ ਨੂੰ ਲੈ ਕੇ ਜੇਕਰ ਗੱਲ ਹੁੰਦੀ ਹੈ ਤਾਂ ਭਾਜਪਾ ਵੀ ਨਾਲ ਸਮਝੌਤਾ ਹੋ ਸਕਦਾ ਹੈ ਪਰ ਪੰਜਾਬ ਨਾਲ ਜੁੜੇ ਮੁੱਦੇ ਬਹੁਤ ਹਨ ਅਤੇ ਉਨ੍ਹਾਂ ਬਾਰੇ ਚਰਚਾ ਤੋਂ ਬਿਨਾਂ ਗਠਜੋੜ ਹੋਣਾ ਮੁਸ਼ਕਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
Credit : www.jagbani.com