ਸਰਕਾਰ ਨੇ ਜੂਨ ਤਿਮਾਹੀ ’ਚ ਸ਼ਰਾਬ ਵਿਕਰੀ ਤੋਂ ਕਮਾਏ 2,662 ਕਰੋੜ ਰੁਪਏ

ਸਰਕਾਰ ਨੇ ਜੂਨ ਤਿਮਾਹੀ ’ਚ ਸ਼ਰਾਬ ਵਿਕਰੀ ਤੋਂ ਕਮਾਏ 2,662 ਕਰੋੜ ਰੁਪਏ

ਨਵੀਂ  ਦਿੱਲੀ - ਦਿੱਲੀ ਸਰਕਾਰ ਦੇ ਨਿਗਮਾਂ ਨੇ ਮਾਲੀ ਸਾਲ  2025-26 ਦੀ ਪਹਿਲੀ ਤਿਮਾਹੀ ’ਚ ਲੱਗਭਗ 16.96 ਕਰੋੜ ਸ਼ਰਾਬ ਦੀਆਂ ਬੋਤਲਾਂ  ਵੇਚੀਆਂ, ਜਿਸ ਨਾਲ 2,662 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਅੰਕੜਾ ਪਿਛਲੇ ਮਾਲੀ ਸਾਲ ਦੀ ਇਸੇ ਮਿਆਦ ’ਚ ਵੇਚੀਆਂ ਗਈਆਂ ਸ਼ਰਾਬ ਦੀਆਂ ਬੋਤਲਾਂ ਦੀ ਗਿਣਤੀ ਨਾਲੋਂ 1 ਕਰੋੜ ਤੋਂ ਵੀ ਵੱਧ ਹੈ।

ਦਿੱਲੀ ਰਾਜ ਉਦਯੋਗਿਕ ਬੁਨਿਆਦੀ ਢਾਂਚਾ ਵਿਕਾਸ ਨਿਗਮ (ਡੀ. ਐੱਸ. ਆਈ. ਆਈ. ਡੀ. ਸੀ.) ਨੇ  ਅਪ੍ਰੈਲ-ਜੂਨ ਤਿਮਾਹੀ ’ਚ ਵੱਖ-ਵੱਖ ਤਰ੍ਹਾਂ ਦੀ ਸ਼ਰਾਬ ਦੀਆਂ ਸਭ ਤੋਂ ਵੱਧ 5.29 ਕਰੋੜ ਬੋਤਲਾਂ ਦੀ ਵਿਕਰੀ ਦਰਜ ਕੀਤੀ। ਅਧਿਕਾਰਤ ਅੰਕੜਿਆਂ ਅਨੁਸਾਰ ਇਸ ਤੋਂ ਬਾਅਦ  ਦਿੱਲੀ ਸੈਰ-ਸਪਾਟਾ ਅਤੇ ਆਵਾਜਾਈ ਵਿਕਾਸ ਨਿਗਮ (ਡੀ. ਟੀ. ਟੀ. ਡੀ. ਸੀ.) ਨੇ ਪੰਜ  ਕਰੋੜ ਬੋਤਲਾਂ, ਦਿੱਲੀ ਰਾਜ ਸਿਵਲ ਸਪਲਾਈ ਨਿਗਮ (ਡੀ. ਐੱਸ. ਸੀ. ਐੱਸ. ਸੀ.) ਨੇ 3.65 ਕਰੋੜ ਬੋਤਲਾਂ ਅਤੇ ਦਿੱਲੀ ਖਪਤਕਾਰ ਸਹਿਕਾਰੀ ਥੋਕ ਭੰਡਾਰ (ਡੀ.  ਸੀ. ਸੀ. ਡਬਲਿਊ. ਐੱਸ.) ਨੇ 2.91 ਕਰੋੜ ਬੋਤਲਾਂ ਵੇਚੀਆਂ। 

ਮੌਜੂਦਾ ਆਬਕਾਰੀ ਨੀਤੀ ਦੇ ਤਹਿਤ ਦਿੱਲੀ ’ਚ ਪ੍ਰਚੂਨ ਸ਼ਰਾਬ ਦੀ ਵਿਕਰੀ ਪੂਰੀ ਤਰ੍ਹਾਂ ਸਰਕਾਰ ਵੱਲੋਂ ਆਪਣੀਆਂ ਚਾਰ ਏਜੰਸੀਆਂ- ਡੀ. ਐੱਸ. ਆਈ. ਆਈ. ਡੀ. ਸੀ., ਡੀ.  ਟੀ. ਟੀ. ਡੀ. ਸੀ., ਡੀ. ਐੱਸ. ਸੀ. ਐੱਸ. ਸੀ. ਅਤੇ ਡੀ. ਸੀ. ਸੀ. ਡਬਲਿਊ. ਐੱਸ. ਰਾਹੀਂ ਕੀਤੀ ਜਾਂਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਇਸੇ ਮਿਆਦ ’ਚ ਵਿਕਰੀ ਤੋਂ 259 ਕਰੋੜ ਰੁਪਏ ਵੱਧ ਦੀ  ਕਮਾਈ ਹੋਈ ਹੈ।  ਪਹਿਲੀ ਤਿਮਾਹੀ ’ਚ ਬਿਹਤਰ ਵਿਕਰੀ ਨਾਲ ਸਰਕਾਰ ਨੂੰ 2025-26  ’ਚ 7,000 ਕਰੋੜ ਰੁਪਏ ਦੀ ਆਬਕਾਰੀ ਟੈਕਸ ਪ੍ਰਾਪਤੀ ਦੇ ਆਪਣੇ ਟੀਚੇ ਨੂੰ ਪੂਰਾ ਕਰਨ ’ਚ ਮਦਦ ਮਿਲੇਗੀ।

Credit : www.jagbani.com

  • TODAY TOP NEWS