ਟਰੰਪ ਦੀਆਂ ਅੱਖਾਂ 'ਚ ਚੁੱਭ ਰਹੇ ਭਾਰਤ ਦਾ ਸਾਥ ਦੇਣ ਵਾਲੇ...! ਨਿਸ਼ਾਨੇ 'ਤੇ ਸਾਬਕਾ ਸੁਰੱਖਿਆ ਸਲਾਹਕਾਰ

ਟਰੰਪ ਦੀਆਂ ਅੱਖਾਂ 'ਚ ਚੁੱਭ ਰਹੇ ਭਾਰਤ ਦਾ ਸਾਥ ਦੇਣ ਵਾਲੇ...! ਨਿਸ਼ਾਨੇ 'ਤੇ ਸਾਬਕਾ ਸੁਰੱਖਿਆ ਸਲਾਹਕਾਰ

ਵੈੱਬ ਡੈਸਕ : FBI ਨੇ ਸਾਬਕਾ ਅਮਰੀਕੀ ਸੁਰੱਖਿਆ ਸਲਾਹਕਾਰ ਤੇ ਹੁਣ ਉਨ੍ਹਾਂ ਦੇ ਕੱਟੜ ਆਲੋਚਕ ਜੌਨ ਬੋਲਟਨ ਦੇ ਘਰ ਛਾਪਾ ਮਾਰਿਆ। ਇਹ ਕਾਰਵਾਈ ਬੋਲਟਨ ਦੁਆਰਾ ਭਾਰਤ ਨਾਲ ਟਰੰਪ ਦੀ ਸਬੰਧਾਂ ਦੀ ਨੀਤੀ ਤੇ ਉਨ੍ਹਾਂ ਵੱਲੋਂ ਸਜ਼ਾ ਵਜੋਂ ਟੈਰਿਫ ਲਗਾਉਣ ਦੇ ਤਰੀਕੇ ਦੀ ਆਲੋਚਨਾ ਕਰਨ ਤੋਂ ਇੱਕ ਦਿਨ ਬਾਅਦ ਕੀਤੀ ਗਈ।

ਏਪੀ ਦੀ ਰਿਪੋਰਟ ਦੇ ਅਨੁਸਾਰ, ਗੁਪਤ ਦਸਤਾਵੇਜ਼ਾਂ ਦੇ ਪ੍ਰਬੰਧਨ ਨਾਲ ਸਬੰਧਤ ਜਾਂਚ ਦੇ ਸੰਬੰਧ 'ਚ ਛਾਪਾ ਮਾਰਿਆ ਗਿਆ ਸੀ। ਹਾਲਾਂਕਿ, ਟਰੰਪ ਦੇ ਸਾਬਕਾ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੂੰ ਨਾ ਤਾਂ ਹਿਰਾਸਤ 'ਚ ਲਿਆ ਗਿਆ ਤੇ ਨਾ ਹੀ ਉਨ੍ਹਾਂ 'ਤੇ ਹੁਣ ਤੱਕ ਕੋਈ ਦੋਸ਼ ਲਗਾਇਆ ਗਿਆ ਹੈ। ਟਰੰਪ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਐੱਫਬੀਆਈ ਦੇ ਡਾਇਰੈਕਟਰ ਕਾਸ਼ ਪਟੇਲ ਨੇ ਇੱਕ ਪੋਸਟ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ, ਐੱਫਬੀਆਈ ਏਜੰਟ ਇੱਕ ਮਿਸ਼ਨ 'ਤੇ ਹਨ। ਇਹ ਟਵੀਟ ਛਾਪਾ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਕੀਤਾ ਗਿਆ ਸੀ।

ਇਹ ਛਾਪਾ ਅਜਿਹੇ ਸਮੇਂ ਆਇਆ ਹੈ ਜਦੋਂ ਬੋਲਟਨ ਨੇ ਇੱਕ ਇੰਟਰਵਿਊ ਵਿੱਚ ਟਰੰਪ ਦੀ ਟੈਰਿਫ ਨੀਤੀ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੂੰ 'ਸਨਕੀ ਰਾਸ਼ਟਰਪਤੀ' ਕਿਹਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮੇਂ ਅਮਰੀਕਾ-ਭਾਰਤ ਸਬੰਧ ਬਹੁਤ ਮਾੜੇ ਹਾਲਾਤ ਵਿੱਚ ਹਨ ਤੇ ਦੁਵੱਲੇ ਸਬੰਧਾਂ 'ਚ ਲਾਇਆ ਇਹ ਟੈਰਿਫ ਇੱਕ ਗਲਤੀ ਹੈ।

ਬੋਲਟਨ ਨੇ ਕੀ ਕਿਹਾ?
ਬੋਲਟਨ ਨੇ ਇੰਟਰਵਿਊ 'ਚ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਰੂਸ 'ਤੇ ਅਸਲ 'ਚ ਕੋਈ ਨਵੀਂ ਪਾਬੰਦੀਆਂ ਨਹੀਂ ਲਗਾਈਆਂ ਗਈਆਂ ਹਨ। ਚੀਨ 'ਤੇ ਵੀ ਕੋਈ ਪਾਬੰਦੀਆਂ ਨਹੀਂ ਹਨ, ਹਾਲਾਂਕਿ ਇਹ ਰੂਸ ਤੋਂ ਤੇਲ ਅਤੇ ਗੈਸ ਦਾ ਸਭ ਤੋਂ ਵੱਡਾ ਖਰੀਦਦਾਰ ਹੈ। ਸਿਰਫ਼ ਭਾਰਤ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਟਰੰਪ ਨੇ ਭਾਰਤ 'ਤੇ 50 ਫੀਸਦੀ ਟੈਰਿਫ ਲਗਾਇਆ
ਤੁਹਾਨੂੰ ਦੱਸ ਦੇਈਏ ਕਿ ਟਰੰਪ ਨੇ ਪਹਿਲਾਂ ਭਾਰਤ 'ਤੇ 25 ਫੀਸਦੀ ਟੈਰਿਫ ਲਗਾਇਆ ਸੀ। ਇੰਨਾ ਹੀ ਨਹੀਂ, ਟਰੰਪ ਨੇ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖਣ ਲਈ ਭਾਰਤ 'ਤੇ 25 ਫੀਸਦੀ ਵਾਧੂ ਟੈਰਿਫ ਵੀ ਲਗਾਇਆ ਸੀ। ਅਮਰੀਕਾ ਦਾ ਕਹਿਣਾ ਹੈ ਕਿ ਇਹ ਤੇਲ ਵਪਾਰ ਯੂਕਰੇਨ ਯੁੱਧ 'ਚ ਰੂਸ ਦਾ ਸਮਰਥਨ ਕਰ ਰਿਹਾ ਹੈ।

ਜੌਨ ਬੋਲਟਨ ਨੇ ਪ੍ਰਗਟਾਈ ਚਿੰਤਾ
ਪਹਿਲੀਆਂ ਅਮਰੀਕੀ ਸਰਕਾਰਾਂ ਏਸ਼ੀਆ 'ਚ ਚੀਨ ਦੇ ਪ੍ਰਭਾਵ ਨੂੰ ਸੰਤੁਲਿਤ ਕਰਨ ਲਈ ਭਾਰਤ ਨਾਲ ਸਬੰਧਾਂ ਨੂੰ ਮਜ਼ਬੂਤ ​​ਕਰਨ 'ਤੇ ਕੰਮ ਕਰ ਰਹੀਆਂ ਹਨ, ਪਰ ਬੋਲਟਨ ਦਾ ਕਹਿਣਾ ਹੈ ਕਿ ਟਰੰਪ ਦੀਆਂ ਟੈਰਿਫ ਧਮਕੀਆਂ ਭਾਰਤ ਨੂੰ ਚੀਨ ਤੇ ਰੂਸ ਦੇ ਨੇੜੇ ਧੱਕ ਦੇਣਗੀਆਂ। ਉਨ੍ਹਾਂ ਕਿਹਾ ਕਿ ਭਾਰਤ ਨੂੰ ਇਕੱਲਾ ਛੱਡਣਾ ਅਤੇ ਇਸ ਵਿਰੁੱਧ ਦੰਡਕਾਰੀ ਕਾਰਵਾਈ ਕਰਨਾ ਇਹ ਸੰਦੇਸ਼ ਦਿੰਦਾ ਹੈ ਕਿ ਅਮਰੀਕਾ ਨੇ ਭਾਰਤ ਨੂੰ ਛੱਡ ਦਿੱਤਾ ਹੈ। ਮੈਨੂੰ ਡਰ ਹੈ ਕਿ ਇਸ ਕਾਰਨ ਭਾਰਤ ਰੂਸ ਅਤੇ ਚੀਨ ਵੱਲ ਹੋਰ ਝੁਕ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS