
ਸਿੱਧਵਾਂ ਬੇਟ-ਐਸਐਸਪੀ ਡਾਕਟਰ ਅੰਕੁਰ ਗੁਪਤਾ ਵੱਲੋਂ ਗੈਂਗਸਟਰਾਂ, ਲੁਟੇਰਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਦੇ ਤਹਿਤ ਲੁਧਿਆਣਾ ਦਿਹਾਤੀ ਪੁਲਸ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਲੁਧਿਆਣਾ ਦਿਹਾਤੀ ਦੀ ਪੁਲਸ ਦੇ ਐਸਪੀ ਹਰਕਮਲ ਕੌਰ, ਡੀਐਸਪੀਡੀ ਇੰਦਰਜੀਤ ਸਿੰਘ ਬੋਪਾਰਾਏ, ਡੀਐਸਪੀ ਜਸਜੋਤ ਸਿੰਘ, ਸੀਆਈਏ ਸਟਾਫ ਦੇ ਮੁੱਖ ਅਫਸਰ ਇੰਸਪੈਕਟਰ ਅੰਮ੍ਰਿਤਪਾਲ ਸਿੰਘ, ਸਿੱਧਵਾਂ ਬੇਟ ਦੇ ਮੁੱਖ ਅਫਸਰ ਇੰਸਪੈਕਟਰ ਹੀਰਾ ਸਿੰਘ ਅਤੇ ਉਨਾਂ ਦੀ ਪੁਲਸ ਪਾਰਟੀ ਦੇ ਹੱਥ ਵੱਡੀ ਕਾਮਯਾਬੀ ਲੱਗੀ। ਜਾਣਕਾਰੀ ਦਿੰਦੇ ਹੋਏ ਐਸਐਸਪੀ ਡਾਕਟਰ ਅੰਕੁਰ ਗੁਪਤਾ ਨੇ ਦੱਸਿਆ ਕਿ ਸੀਆਈਏ ਸਟਾਫ ਨੂੰ ਮੁੱਖਬਰ ਦੀ ਇਤਲਾਹ ਤੇ ਪਤਾ ਲੱਗਾ ਕਿ ਸਿੱਧਵਾਂ ਬੇਟ ਏਰੀਏ ਵਿੱਚ ਕੁਝ ਸ਼ੱਕੀ ਵਿਅਕਤੀ ਘੁੰਮ ਰਹੇ ਹਨ ਅਤੇ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ। ਪਤਾ ਲੱਗਾ ਕਿ ਉਹਨਾਂ ਕੋਲ ਅਸਲਾ ਅਤੇ ਵਿਸਫੋਟਕ ਪਦਾਰਥ ਮੌਜੂਦ ਹਨ। ਇਸ ਤੇ ਪੁਲਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ। ਉਹਨਾਂ ਦੱਸਿਆ ਕਿ ਜਦ ਸਾਡੀ ਪੁਲਸ ਪਾਰਟੀ ਜੰਡੀ ਤੋਂ ਆਉਂਦੇ ਕੱਚੇ ਰਸਤੇ ਉੱਪਰ ਗਸ਼ਤ ਕਰ ਰਹੀ ਸੀ ਤਾਂ ਦੂਸਰੀ ਸਾਈਡ ਤੋਂ ਆਉਂਦੀ ਸਕਾਰਪੀਓ ਕਾਰ ਵਿੱਚ ਬੈਠੇ ਵਿਅਕਤੀ ਪੁਲਸ ਪਾਰਟੀ ਨੂੰ ਵੇਖ ਕੇ ਘਬਰਾ ਗਏ ਅਤੇ ਉਹਨਾਂ ਨੇ ਗੱਡੀ ਭਜਾ ਲਈ। ਉਨਾਂ ਦੀ ਗੱਡੀ ਇੱਕ ਦਰਖਤ ਨਾਲ ਟਕਰਾ ਗਈ। ਗੱਡੀ ਵਿੱਚ ਕੁੱਲ ਪੰਜ ਵਿਅਕਤੀ ਸਨ। ਗੱਡੀ ਦੀ ਪਿਛਲੀ ਤਾਕੀ ਖੋਲ ਕੇ ਉਤਰੇ ਇੱਕ ਵਿਅਕਤੀ ਨੇ ਪੁਲਸ ਪਾਰਟੀ ਉੱਪਰ ਗੋਲੀ ਚਲਾ ਦਿੱਤੀ। ਇਹ ਗੋਲੀ ਸਾਡੇ ਪੁਲਸ ਪਾਰਟੀ ਦੇ ਇੱਕ ਜਵਾਨ ਦੀ ਪੱਗ ਵਿੱਚ ਲੱਗੀ। ਜਵਾਬੀ ਕਾਰਵਾਈ ਵਿੱਚ ਪੁਲਸ ਪਾਰਟੀ ਨੇ ਗੋਲੀ ਚਲਾਈ ਜੋ ਕਿ ਉਸ ਦੀ ਲੱਤ ਵਿੱਚ ਲੱਗੀ। ਇਸ ਨਾਲ ਉਹ ਜ਼ਖਮੀ ਹੋ ਗਿਆ ਅਤੇ ਐਂਬੂਲੈਂਸ ਨੂੰ ਬੁਲਾ ਕੇ ਉਸ ਜਖਮੀ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ। ਜਾਣਕਾਰੀ ਦਿੰਦੇ ਐਸਐਸਪੀ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਪੁਲਸ ਮੁਲਾਜ਼ਮ ਦੇ ਜਖਮੀ ਹੋਣ ਦੀ ਖਬਰ ਨਹੀਂ ਹੈ। ਐਸਐਸਪੀ ਨੇ ਦੱਸਿਆ ਕਿ ਅਰਜਨ ਨਾਮ ਦੇ ਵਿਅਕਤੀ ਕੋਲੋਂ ਇੱਕ ਗਰਨੇਡ ਵੀ ਮਿਲਿਆ ਹੈ। ਬੰਬ ਸਕੁਇਡ ਟੀਮ ਨੂੰ ਬੁਲਾ ਕੇ ਉਸ ਨੂੰ ਡਿਫਿਊਜ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇੱਕ 32 ਬੋਰ ਦਾ ਪਿਸਟਲ ਵੀ ਬਰਾਮਦ ਹੋਇਆ ਹੈ । ਜਾਣਕਾਰੀ ਦਿੰਦੇ ਹੋਏ ਐਸਐਸਪੀ ਨੇ ਦੱਸਿਆ ਕਿ ਇਹਨਾਂ ਤੋਂ ਡੁੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਇਹ ਤਰਨ ਤਾਰਨ ਏਰੀਏ ਦੇ ਰਹਿਣ ਵਾਲੇ ਹਨ। ਉਹਨਾਂ ਕਿਹਾ ਕਿ ਜੋ ਵੀ ਇਸ ਘਟਨਾ ਨਾਲ ਸੰਬੰਧਿਤ ਵਿਅਕਤੀ ਹੋਣਗੇ ਉਹਨਾਂ ਨੂੰ ਕਿਸੇ ਕੀਮਤ ਤੇ ਬਖਸ਼ਾਂਗੇ ਨਹੀਂ।
Credit : www.jagbani.com