ਨੈਸ਼ਨਲ ਡੈਸਕ - ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੀ ਇੱਕ ਔਰਤ, ਜਿਸਦਾ ਨਾਮ ਨਿਖ਼ਤ ਹਾਸ਼ਮੀ ਹੈ, ਨੇ ਦੋ ਨੌਜਵਾਨਾਂ ਨੂੰ ਹਨੀਟ੍ਰੈਪ ਦੇ ਜਾਲ ਵਿੱਚ ਫਸਾ ਕੇ ਉਨ੍ਹਾਂ ਨਾਲ ਵਿਆਹ ਕੀਤਾ ਅਤੇ ਫਿਰ ਤਿੰਨ ਕਰੋੜ ਰੁਪਏ ਤੋਂ ਵੱਧ ਦੀ ਠੱਗੀ ਕਰਕੇ ਗਾਇਬ ਹੋ ਗਈ।
ਪੀੜਤਾਂ ਵਿੱਚੋਂ ਖੰਡਵਾ ਦੇ ਰਹਿਣ ਵਾਲੇ ਏਹਤੇਸ਼ਾਮ ਖਾਨ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦੀ ਪਤਨੀ ਨਿਖ਼ਤ ਅਕਸਰ ਉਸਨੂੰ ਪੁਲਸ ਸ਼ਿਕਾਇਤ ਦੀ ਧਮਕੀ ਦੇ ਕੇ ਪੈਸੇ ਲੈਂਦੀ ਸੀ। ਏਹਤੇਸ਼ਾਮ ਅਨੁਸਾਰ, ਨਿਖ਼ਤ ਨੇ ਪਹਿਲਾਂ ਉਸ ਨਾਲ 2019 ਵਿੱਚ ਦੋਸਤੀ ਕੀਤੀ ਅਤੇ 2021 ਵਿੱਚ ਵਿਆਹ ਕਰ ਲਿਆ। ਪਰ ਵਿਆਹ ਤੋਂ ਕੇਵਲ 17 ਦਿਨ ਬਾਅਦ ਹੀ ਉਹ ਘਰ ਵਿੱਚੋਂ ਸੋਨੇ–ਚਾਂਦੀ ਦੇ ਗਹਿਣੇ ਤੇ ਨਗਦ 7.5 ਲੱਖ ਰੁਪਏ ਲੈ ਕੇ ਫਰਾਰ ਹੋ ਗਈ।

ਇਸ ਤੋਂ ਬਾਅਦ ਨਿਖ਼ਤ ਨੇ ਆਪਣੀ ਪਹਿਚਾਣ ਬਦਲ ਕੇ ਕੋਲਕਾਤਾ ਦੇ ਇੱਕ ਜੁਲਰੀ ਵਪਾਰੀ ਨੂੰ ਨਿਸ਼ਾਨਾ ਬਣਾਇਆ। ਉਰਵਸ਼ੀ ਅਗਰਵਾਲ ਅਤੇ ਨਰਗਿਸ ਨਾਮ ਦੇ ਨਕਲੀ ਆਈਡੀ ਕਾਰਡਾਂ ਦੀ ਮਦਦ ਨਾਲ ਉਸਨੇ ਵਪਾਰੀ ਨਾਲ ਵਿਆਹ ਕੀਤਾ। ਵਿਆਹ ਤੋਂ ਕੁਝ ਹੀ ਮਹੀਨੇ ਬਾਅਦ ਉਸਨੇ ਵਪਾਰੀ ਤੋਂ 2–3 ਕਰੋੜ ਰੁਪਏ ਵਸੂਲ ਕੇ ਗਾਇਬ ਹੋ ਗਈ।
ਏਹਤੇਸ਼ਾਮ ਨੇ ਪੁਲਸ ਨੂੰ ਦੱਸਿਆ ਕਿ ਨਿਖ਼ਤ ਨੇ ਕਈ ਵਾਰ ਮਾਂ ਦੇ ਇਲਾਜ ਜਾਂ ਭੈਣ–ਭਰਾਵਾਂ ਦੀ ਪੜ੍ਹਾਈ ਦੇ ਨਾਂ 'ਤੇ ਉਸ ਤੋਂ 22 ਲੱਖ ਰੁਪਏ ਠੱਗੇ ਸਨ। ਪੁਲਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਸਦੇ ਕੋਲ ਫਰਜ਼ੀ ਆਧਾਰ ਕਾਰਡ ਅਤੇ ਵੋਟਰ ਆਈਡੀ ਵੀ ਸਨ।
ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਮੋਘਟ ਥਾਣਾ ਪੁਲਸ ਨੇ ਏਹਤੇਸ਼ਾਮ ਦੀ ਸ਼ਿਕਾਇਤ ‘ਤੇ ਧੋਖਾਧੜੀ ਅਤੇ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਸਿਟੀ ਐਸਪੀ ਅਭਿਨਵ ਬਾਰੰਗੇ ਨੇ ਪੁਸ਼ਟੀ ਕੀਤੀ ਹੈ ਕਿ ਖੰਡਵਾ ਅਤੇ ਕੋਲਕਾਤਾ ਦੋਵੇਂ ਪੀੜਤਾਂ ਦੇ ਬਿਆਨ ਲਏ ਗਏ ਹਨ ਅਤੇ ਪੁਲਸ ਨਿਖ਼ਤ ਦੀ ਗ੍ਰਿਫ਼ਤਾਰੀ ਲਈ ਜ਼ੋਰਦਾਰ ਕੋਸ਼ਿਸ਼ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਇਸ ਦਗਾਬਾਜ਼ ਦੂਲ੍ਹਨ ਨੂੰ ਕਾਬੂ ਕਰ ਲਿਆ ਜਾਵੇਗਾ।
Credit : www.jagbani.com