ਬਾਰਿਸ਼ ਨੇ ਮਚਾਈ ਤਬਾਹੀ, ਕੰਢੀ ਇਲਾਕਿਆਂ 'ਚ ਸਕੂਲ ਰਹਿਣਗੇ ਬੰਦ

ਬਾਰਿਸ਼ ਨੇ ਮਚਾਈ ਤਬਾਹੀ, ਕੰਢੀ ਇਲਾਕਿਆਂ 'ਚ ਸਕੂਲ ਰਹਿਣਗੇ ਬੰਦ

ਅੰਮ੍ਰਿਤਸਰ - ਭਾਰੀ ਬਾਰਿਸ਼ ਕਾਰਨ ਰਾਵੀ ਤੇ ਬਿਆਸ ਵਿਚ ਪੈਦਾ ਹੋਈ ਹੜ੍ਹਾਂ ਦੀ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਲਾ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਬਲਾਕ ਅਜਨਾਲਾ-2 ਅਤੇ ਰਈਆ-1 ਵਿਚ ਪੈਂਦੇ ਸਮੂਹ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਵਿਚ ਅੱਜ ਛੁੱਟੀ ਐਲਾਨੀ ਗਈ ਹੈ। ਜ਼ਿਲਾ ਸਿੱਖਿਆ ਅਫਸਰ ਕਵਲਜੀਤ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਸਕੂਲ ਵਿਚ 26 ਅਗਸਤ ਨੂੰ ਕਿਸੇ ਵੀ ਬੋਰਡ ਵਲੋਂ ਪੇਪਰ/ਪ੍ਰੈਕਟੀਕਲ ਨਿਰਧਾਰਤ ਕੀਤਾ ਗਿਆ ਹੈ ਤਾਂ ਇਹ ਹੁਕਮ ਉਸ ਸਕੂਲ ’ਤੇ ਲਾਗੂ ਨਹੀਂ ਹੋਣਗੇ।

ਭਾਰੀ ਬਾਰਿਸ਼ ਕਾਰਨ ਵਿਦਿਆਰਥੀਆਂ ਦੀ ਸੁਰੱਖਿਆ ਸਬੰਧੀ ਸਕੂਲ ਮੁਖੀ ਕਰਨ ਹਦਾਇਤਾਂ ਦੀ ਪਾਲਣਾ
ਜ਼ਿਲਾ ਸਿੱਖਿਆ ਅਫਸਰ ਕਵਲਜੀਤ ਸਿੰਘ ਨੇ ਸਮੂਹ ਸਕੂਲ ਮੁਖੀ ਸਰਕਾਰੀ/ਗੈਰ-ਸਰਕਾਰੀ ਦੇ ਮੁਖੀਆਂ ਨੂੰ ਭਾਰੀ ਬਾਰਿਸ਼ ਕਾਰਨ ਵਿਦਿਆਰਥੀਆਂ ਦੀ ਸੁਰੱਖਿਆ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਤੋਂ ਇਲਾਵਾ ਲਿਖਿਆ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਭਰ ਵਿਚ ਭਾਰੀ ਬਰਸਾਤ ਹੋ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਬਾਰਿਸ਼ ਜਾਰੀ ਰਹਿਣ ਦੀ ਸੰਭਾਵਨਾ ਹੈ।

ਉਨ੍ਹਾਂ ਕਿਹਾ ਕਿ ਜਿਹੜੇ ਸਕੂਲਾਂ ਦੇ ਕਮਰਿਆਂ ਦੀਆਂ ਛੱਤਾਂ ਕਮਜ਼ੋਰ ਅਤੇ ਚੋਅ ਰਹੀਆਂ ਹਨ, ਉਨ੍ਹਾਂ ਵਿਚ ਵਿਦਿਆਰਥੀਆਂ ਨੂੰ ਬਿਠਾਉਣ ਤੋਂ ਗੁਰੇਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਬਾਰਿਸ਼ ਕਾਰਨ ਜਾਂ ਕਿਸੇ ਹੋਰ ਕਾਰਨ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਕੋਈ ਖਤਰਾ ਹੋਵੇ ਤਾਂ ਇਸ ਦੀ ਸੂਚਨਾ ਤੁਰੰਤ ਜ਼ਿਲਾ ਦਫਤਰ ਨੂੰ ਭੇਜੀ ਜਾਵੇ, ਤਾਂ ਜੋ ਕਿਸੇ ਵੀ ਅਣਸਖਾਵੀਂ ਘਟਨਾ ਤੋਂ ਬਚਿਆ ਜਾਵੇ ਅਤੇ ਕੋਈ ਵੀ ਅਣਗਹਿਲੀ ਨਾ ਵਰਤੀ ਜਾਵੇ।

ਜੇਕਰ ਕਿਸੇ ਸਕੂਲ ਵਿਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਰਸਾਤੀ ਪਾਣੀ ਸਕੂਲ ਵਿਚ ਖੜ੍ਹਾ ਹੈ ਤਾਂ ਇਸ ਦੀ ਸੂਚਨਾ ਵੀ ਦਫਤਰ ਨੂੰ ਭੇਜੀ ਜਾਵੇ। ਜ਼ਿਲਾ ਸਿੱਖਿਆ ਅਫਸਰ ਨੇ ਕਿਹਾ ਕਿ ਉਕਤ ਹੁਕਮਾਂ ਨੂੰ ਅਤੀ ਜ਼ਰੂਰੀ ਸਮਝਿਆ ਜਾਵੇ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਅਣਗਹਿਲੀ ਕਾਰਨ ਨਿਕਲਣ ਵਾਲੇ ਸਿੱਟਿਆਂ ਲਈ ਸਕੂਲ ਮੁਖੀ ਜ਼ਿੰਮੇਵਾਰ ਹੋਣਗੇ।
 

Credit : www.jagbani.com

  • TODAY TOP NEWS