ਵਾਸ਼ਿੰਗਟਨ – ਅਮਰੀਕਾ ਵਿਚ ਨਿਊ ਵਰਲਡ ਸਕਰੂਵਰਮ (ਮਾਸ ਖਾਣ ਵਾਲਾ ਪਰਜੀਵੀ) ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕੀ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ (ਐੱਚ. ਐੱਚ. ਐੱਸ.) ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਨਿਊ ਵਰਲਡ ਸਕਰੂਵਰਮ ਨੇ ਅਮਰੀਕਾ ਵਿਚ ਪਸ਼ੂ ਪਾਲਕਾਂ, ਮਾਸ ਉਤਪਾਦਕਾਂ ਅਤੇ ਕਾਰੋਬਾਰੀਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ, ਕਿਉਂਕਿ ਸਕਰੂਵਰਮ ਮੱਧ ਅਮਰੀਕਾ ਅਤੇ ਦੱਖਣੀ ਮੈਕਸੀਕੋ ਤੋਂ ਉੱਤਰ ਵੱਲ ਵਧ ਰਿਹਾ ਹੈ ਅਤੇ ਪ੍ਰਸ਼ਾਸਨ ਇਸ ਬਾਰੇ ਚੌਕਸ ਹੈ।
ਅਲ ਸਲਵਾਡੋਰ ਦੀ ਯਾਤਰਾ ਤੋਂ ਪਰਤਿਆ ਸੀ ਪੀੜਤ
ਐੱਚ. ਐੱਚ. ਐੱਸ. ਦੇ ਬੁਲਾਰੇ ਐਂਡਰਿਊ ਜੀ. ਨਿਕਸਨ ਨੇ ਇਕ ਈਮੇਲ ’ਚ ਰਾਇਟਰਜ਼ ਨੂੰ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਮੈਰੀਲੈਂਡ ਡਿਪਾਰਟਮੈਂਟ ਆਫ਼ ਹੈਲਥ ਅਤੇ ਯੂ. ਐੱਸ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੁਆਰਾ ਕੀਤੀ ਗਈ ਸੀ, ਜਿਸ ਦੀ ਪੁਸ਼ਟੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ. ਡੀ. ਸੀ.) ਨੇ ਨਿਊ ਵਰਲਡ ਸਕਰੂਵਰਮ ਵਜੋਂ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਇਹ ਮਾਮਲਾ ਇਕ ਅਜਿਹੇ ਵਿਅਕਤੀ ਨਾਲ ਸਬੰਧਤ ਹੈ, ਜੋ ਅਲ ਸਲਵਾਡੋਰ ਦੀ ਯਾਤਰਾ ਤੋਂ ਪਰਤਿਆ ਸੀ। ਇਸ ਤੋਂ ਪਹਿਲਾਂ ਬੀਫ (ਗਊ ਮਾਸ) ਇੰਡਸਟਰੀ ਦੇ ਸੂਤਰਾਂ ਨੇ ਪਿਛਲੇ ਹਫ਼ਤੇ ਦਾਅਵਾ ਕੀਤਾ ਸੀ ਕਿ ਸੀ. ਡੀ. ਸੀ. ਨੇ ਮੈਰੀਲੈਂਡ ’ਚ ਇਕ ਵਿਅਕਤੀ ਵਿਚ ਨਿਊ ਵਰਲਡ ਸਕਰੂਵਰਮ ਦੇ ਕੇਸ ਦੀ ਪੁਸ਼ਟੀ ਕੀਤੀ ਸੀ, ਜੋ ਗੁਆਟੇਮਾਲਾ ਤੋਂ ਯਾਤਰਾ ਕਰ ਕੇ ਅਮਰੀਕਾ ਪਰਤਿਆ ਸੀ।
ਮਰੀਜ਼ ਦਾ ਕੀਤਾ ਗਿਆ ਇਲਾਜ
ਇਸ ਦੇ ਨਾਲ ਹੀ ਇਕ ਹੋਰ ਸਰੋਤ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸੂਬੇ ’ਚ ਵੈਟਨਰੀ ਡਾਕਟਰਾਂ (ਪਸ਼ੂਅਾਂ ਦੇ ਡਾਕਟਰਾਂ) ਨੂੰ ਸੀ. ਡੀ. ਸੀ. ਦੀ ਇਕ ਕਾਲ ਜ਼ਰੀਏ ਮੈਰੀਲੈਂਡ ’ਚ ਇਸ ਕੇਸ ਬਾਰੇ ਸੂਚਿਤ ਕੀਤਾ ਗਿਆ ਹੈ। ਬਾਅਦ ਵਿਚ ਮੈਰੀਲੈਂਡ ਦੀ ਸੂਬਾ ਸਰਕਾਰ ਦੇ ਇਕ ਅਧਿਕਾਰੀ ਨੇ ਵੀ ਕੇਸ ਦੀ ਪੁਸ਼ਟੀ ਕੀਤੀ। ਹਾਲਾਂਕਿ, ਮੈਰੀਲੈਂਡ ਸਿਹਤ ਵਿਭਾਗ ਦੇ ਇਕ ਬੁਲਾਰੇ ਨੇ ਇਸ ਮਾਮਲੇ ’ਚ ਕੋਈ ਟਿੱਪਣੀ ਨਹੀਂ ਕੀਤੀ ਹੈ।
ਬੀਫ ਅਲਾਇੰਸ ਦੇ ਕਾਰਜਕਾਰੀ ਮੁਖੀ ਨੇ ਆਪਣੀ ਈਮੇਲ ਵਿਚ ਕਿਹਾ ਕਿ ਮਰੀਜ਼ ਦੀ ਪਛਾਣ ਗੁਪਤ ਰੱਖਣ ਦੇ ਕਾਰਨ ਕੇਸ ਬਾਰੇ ਕੋਈ ਹੋਰ ਜਾਣਕਾਰੀ ਉਪਲਬਧ ਨਹੀਂ ਹੈ ਪਰ ਮਰੀਜ਼ ਦਾ ਇਲਾਜ ਕੀਤਾ ਗਿਆ ਹੈ। ਸਾਨੂੰ ਉਮੀਦ ਹੈ ਕਿ ਜਾਗਰੂਕਤਾ ਇਸ ਵੇਲੇ ਸਿਰਫ ਉਦਯੋਗ ਦੇ ਪ੍ਰਤੀਨਿਧੀਆਂ ਅਤੇ ਸੂਬੇ ’ਚ ਪਸ਼ੂਆਂ ਦੇ ਡਾਕਟਰਾਂ ਤਕ ਸੀਮਤ ਹੈ।
1.8 ਅਰਬ ਡਾਲਰ ਦਾ ਹੋ ਸਕਦੈ ਨੁਕਸਾਨ
ਸੰਯੁਕਤ ਰਾਜ ਖੇਤੀਬਾੜੀ ਵਿਭਾਗ (ਯੂ. ਐੱਸ. ਡੀ. ਏ.) ਨੇ ਅੰਦਾਜ਼ਾ ਲਾਇਆ ਹੈ ਕਿ ਸਕਰੂਵਰਮ ਦੇ ਪ੍ਰਕੋਪ ਨਾਲ ਟੈਕਸਾਸ ਵਿਚ 1.8 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਇਸ ਨੁਕਸਾਨ ਵਿਚ ਜਾਨਵਰਾਂ ਦੀ ਮੌਤ, ਮਜ਼ਦੂਰੀ ਦੀ ਲਾਗਤ ਅਤੇ ਦਵਾਈਆਂ ਦੀ ਲਾਗਤ ਸ਼ਾਮਲ ਹੋਵੇਗੀ। ਇਸ ਖ਼ਤਰੇ ਨਾਲ ਨਜਿੱਠਣ ਲਈ ਯੂ. ਐੱਸ. ਡੀ. ਏ. ਦੇ ਸਕੱਤਰ ਬਰੂਕ ਰੋਲਿੰਸ ਨੇ ਟੈਕਸਾਸ ’ਚ ‘ਸਟਰਾਈਲ ਫਲਾਈ ਫੈਸਿਲਿਟੀ’ ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ।
ਇਸ ਤੋਂ ਇਲਾਵਾ ਸਾਊਥ ਡਕੋਟਾ ਦੀ ਸੂਬਾ ਵੈਟਨਰੀ ਡਾਕਟਰ ਬੇਥ ਥਾਂਪਸਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਇਕ ਵਿਅਕਤੀ ਰਾਹੀਂ ਪਤਾ ਲੱਗਿਆ, ਜੋ ਇਸ ਬਾਰੇ ਜਾਣਦਾ ਸੀ। ਉਨ੍ਹਾਂ ਕਿਹਾ ਕਿ ਸੀ. ਡੀ. ਸੀ. ਨੇ ਸਵਾਲਾਂ ਤੋਂ ਬਚ ਕੇ ਮੈਰੀਲੈਂਡ ’ਤੇ ਜ਼ਿੰਮੇਵਾਰੀ ਪਾ ਦਿੱਤੀ ਹੈ। ਥਾਂਪਸਨ ਨੇ ਕਿਹਾ ਕਿ ਸਾਨੂੰ ਇਸ ਬਾਰੇ ਹੋਰ ਸਰੋਤਾਂ ਰਾਹੀਂ ਵੀ ਪਤਾ ਲੱਗਿਆ ਅਤੇ ਫਿਰ ਸਾਨੂੰ ਸੀ. ਡੀ. ਸੀ. ਤੋਂ ਪੁੱਛਣਾ ਪਿਆ ਕਿ ਅਸਲ ਵਿਚ ਕੀ ਹੋ ਰਿਹਾ ਹੈ।
ਕੀ ਹੁੰਦਾ ਹੈ ਸਕਰੂਵਰਮ?
ਸਕਰੂਵਰਮ ਪਰਜੀਵੀ ਮੱਖੀਆਂ ਹਨ, ਜਿਸ ਦੀਆਂ ਮਾਦਾਵਾਂ ਕਿਸੇ ਵੀ ਗਰਮ ਖੂਨ ਵਾਲੇ ਜਾਨਵਰ ਦੇ ਜ਼ਖ਼ਮਾਂ ਵਿਚ ਅੰਡੇ ਦਿੰਦੀਆਂ ਹਨ। ਅੰਡਿਆਂ ’ਚੋਂ ਲਾਰਵਾ ਨਿਕਲਣ ਤੋਂ ਬਾਅਦ ਉਹ ਸੈਂਕੜਿਆਂ ਦੀ ਗਿਣਤੀ ਵਿਚ ਜ਼ਿੰਦਾ ਮਾਸ ਖਾਣਾ ਸ਼ੁਰੂ ਕਰ ਦਿੰਦੇ ਹਨ, ਜਿਸ ਦਾ ਇਲਾਜ ਨਾ ਹੋਣ ’ਤੇ ਜਾਨਵਰ ਦੀ ਮੌਤ ਹੋ ਜਾਂਦੀ ਹੈ। ਇਨ੍ਹਾਂ ਕੀੜਿਆਂ ਨੂੰ ਉਨ੍ਹਾਂ ਦੇ ਖਾਣ ਦੇ ਤਰੀਕੇ ਕਾਰਨ ਇਹ ਨਾਂ ਦਿੱਤਾ ਗਿਆ ਹੈ। ਇਨ੍ਹਾਂ ਦਾ ਇਲਾਜ ਸੈਂਕੜੇ ਲਾਰਵਿਆਂ ਨੂੰ ਹਟਾ ਕੇ ਅਤੇ ਜ਼ਖ਼ਮਾਂ ਨੂੰ ਸਾਫ਼ ਕਰ ਕੇ ਕੀਤਾ ਜਾਂਦਾ ਹੈ।
Credit : www.jagbani.com