ਕਾਨਪੁਰ : ਕਾਨਪੁਰ ਦੇਹਾਤ ਜ਼ਿਲ੍ਹੇ ਦੇ ਅਕਬਰਪੁਰ ਖੇਤਰ ਵਿੱਚ ਇੱਕ ਨਵੇਂ ਬਣੇ ਸੀਵਰ ਟੈਂਕ ਵਿੱਚ ਜ਼ਹਿਰੀਲੀ ਗੈਸ ਦੇ ਪ੍ਰਭਾਵ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਕਾਨਪੁਰ ਦੇਹਾਤ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ (ਐੱਸਪੀ) ਅਰਵਿੰਦ ਮਿਸ਼ਰਾ ਨੇ ਪੁਸ਼ਟੀ ਕੀਤੀ ਕਿ ਨਵੇਂ ਬਣੇ ਸੀਵਰ ਟੈਂਕ ਵਿੱਚ ਜ਼ਹਿਰੀਲੀ ਗੈਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇੱਕ ਹੋਰ ਵਿਅਕਤੀ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਅਕਬਰਪੁਰ ਪੁਲਸ ਸਟੇਸ਼ਨ ਦੇ ਇੰਚਾਰਜ ਸਤੀਸ਼ ਸਿੰਘ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਬਿਗਾਹੀ ਪਿੰਡ ਦਾ ਰਹਿਣ ਵਾਲਾ ਮਜ਼ਦੂਰ ਮੁਬੀਨ (26) ਸ਼ਟਰਿੰਗ ਹਟਾਉਣ ਲਈ ਲਗਭਗ 10 ਫੁੱਟ ਡੂੰਘੇ ਸੀਵਰ ਟੈਂਕ 'ਚ ਦਾਖਲ ਹੋਇਆ, ਪਰ ਜ਼ਹਿਰੀਲੀ ਗੈਸ ਦੇ ਪ੍ਰਭਾਵ ਕਾਰਨ ਉਸਦਾ ਦਮ ਘੁੱਟ ਗਿਆ ਅਤੇ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ।
ਇੰਚਾਰਜ ਨੇ ਦੱਸਿਆ ਕਿ ਮੁਬੀਨ ਦੀ ਹਾਲਤ ਵਿਗੜਦੀ ਦੇਖ ਕੇ ਘਰ ਦੇ ਮਾਲਕ ਸੁਰੇਂਦਰ ਗੁਪਤਾ ਉਰਫ਼ ਅਮਨ (22) ਅਤੇ ਸਾਥੀ ਮਜ਼ਦੂਰ ਸਰਵੇਸ਼ ਕੁਸ਼ਵਾਹਾ (32) ਨੇ ਉਸਨੂੰ ਬਚਾਉਣ ਲਈ ਟੈਂਕ 'ਚ ਛਾਲ ਮਾਰ ਦਿੱਤੀ, ਪਰ ਉਹ ਵੀ ਜ਼ਹਿਰੀਲੀ ਗੈਸ ਦੀ ਲਪੇਟ 'ਚ ਆ ਗਏ ਤੇ ਉਸਦੀ ਮੌਤ ਹੋ ਗਈ। ਮੁਬੀਨ ਦੇ ਭਰਾ ਇਸਰਾਰ (22) ਨੇ ਵੀ ਉਸਨੂੰ ਬਚਾਉਣ ਲਈ ਟੈਂਕ 'ਚ ਛਾਲ ਮਾਰ ਦਿੱਤੀ, ਪਰ ਉਹ ਵੀ ਬਾਹਰ ਨਹੀਂ ਆ ਸਕਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀ ਮੌਕੇ 'ਤੇ ਪਹੁੰਚੇ ਤੇ ਚਾਰਾਂ ਨੂੰ ਬਾਹਰ ਕੱਢਿਆ ਅਤੇ ਜ਼ਿਲ੍ਹਾ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਮੁਬੀਨ, ਸੁਰੇਂਦਰ ਅਤੇ ਸਰਵੇਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਇਸਰਾਰ ਦੀ ਹਾਲਤ ਨਾਜ਼ੁਕ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਾਰੇ ਲੋਕ ਬਿਨਾਂ ਕਿਸੇ ਸੁਰੱਖਿਆ ਉਪਕਰਨ ਦੇ ਟੈਂਕ ਵਿੱਚ ਦਾਖਲ ਹੋਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com