ਮੈਲਬੌਰਨ- ਜੁਲਾਈ 2025 ਵਿੱਚ ਮੈਲਬੌਰਨ ਦੇ ਸੈਂਟਰਲ ਸਕੁਏਅਰ ਸ਼ਾਪਿੰਗ ਸੈਂਟਰ ਅਲਟੋਨਾ ਵਿਖੇ ਜਾਨਲੇਵਾ ਹਮਲੇ ਦਾ ਸ਼ਿਕਾਰ ਹੋਏ 33 ਸਾਲਾ ਭਾਰਤੀ ਨਾਗਰਿਕ ਸੌਰਭ ਆਨੰਦ ਨੂੰ ਆਸਟ੍ਰੇਲੀਆਈ ਸਰਕਾਰ ਵੱਲੋਂ ਪੱਕੀ ਰਿਹਾਇਸ਼ (Permanent Residency) ਦੇ ਦਿੱਤੀ ਗਈ ਹੈ। ਇਹ ਫੈਸਲਾ ਉਸ ਦੀ ਸਿਹਤ, ਮਨੋਵਿਗਿਆਨਕ ਹਾਲਤ ਅਤੇ ਮਾਨਵਤਾਵਾਦੀ ਆਧਾਰ 'ਤੇ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਸੌਰਭ 'ਤੇ ਹਮਲਾ ਉਸ ਵੇਲੇ ਹੋਇਆ ਸੀ, ਜਦੋਂ ਉਹ ਸ਼ਾਪਿੰਗ ਸੈਂਟਰ 'ਚ ਹੀ ਇਕ ਫਾਰਮੇਸੀ ਵੱਲ ਜਾ ਰਿਹਾ ਸੀ। ਕੁਝ ਨੌਜਵਾਨ ਹਮਲਾਵਰਾਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਸੌਰਭ ਦੀ ਖੱਬੀ ਬਾਂਹ ਅਤੇ ਹੱਥ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਕਈ ਘੰਟਿਆਂ ਦੀ ਸਰਜਰੀ ਤੋਂ ਬਾਅਦ ਹੱਥ ਨੂੰ ਮੁੜ ਜੋੜਿਆ ਗਿਆ, ਪਰ ਅਜੇ ਵੀ ਉਹ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ। ਇਸ ਤੋਂ ਇਲਾਵਾ ਸੌਰਭ ਦੀ ਰੀੜ੍ਹ ਦੀ ਹੱਡੀ ਅਤੇ ਹੋਰ ਅੰਦਰੂਨੀ ਅੰਗਾਂ ਤੇ ਵੀ ਗੁੱਝੀਆਂ ਸੱਟਾਂ ਹਨ।
ਸੌਰਭ ਆਪਣੀ ਪੜ੍ਹਾਈ ਪੂਰੀ ਕਰ ਕੇ ਆਰਜ਼ੀ ਵੀਜ਼ੇ 'ਤੇ ਆਸਟ੍ਰੇਲੀਆ 'ਚ ਪੱਕੇ ਹੋਣ ਦੀ ਉਮੀਦ 'ਚ ਰਹਿ ਰਿਹਾ ਸੀ। ਇਸ ਘਟਨਾ ਨੇ ਸੌਰਭ ਦੀ ਜ਼ਿੰਦਗੀ ਨੂੰ ਹਨੇਰੇ ਵਿੱਚ ਧੱਕ ਦਿੱਤਾ। ਇਕ ਪਾਸੇ ਉਸ ਦਾ ਇਲਾਜ ਮਹਿੰਗਾ ਅਤੇ ਲੰਬਾ ਸੀ, ਉੱਥੇ ਹੀ ਇਲਾਜ ਦੀਆਂ ਕਈ ਪ੍ਰਕਿਰਿਆਵਾਂ ਵਿੱਚੋਂ ਗੁਜ਼ਰਨਾ ਪੈਣਾ ਸੀ, ਜੋ ਕਿ ਸੌਰਭ ਦੇ ਵੱਸ ਤੋਂ ਬਾਹਰ ਸੀ, ਪਰੰਤੂ ਸਥਾਨਕ ਭਾਈਚਾਰੇ ਵਲੋਂ ਉਸ ਦੀ ਕੀਤੀ ਵਿੱਤੀ ਮਦਦ ਤੇ ਸੋਸ਼ਲ ਮੀਡੀਆ ਰਾਹੀਂ ਇਹ ਮਾਮਲਾ ਫੈਡਰਲ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਸਰਕਾਰ ਕੋਲ ਵੀਜ਼ਾ ਵਧਾਉਣ ਦੀ ਬੇਨਤੀ ਕੀਤੀ।
ਕਿਉਂਕਿ ਸੌਰਭ ਦਾ ਆਰਜ਼ੀ ਵੀਜ਼ਾ ਵੀ ਖ਼ਤਮ ਹੋਣ ਵਾਲਾ ਸੀ। ਜਿਸ ਦੇ ਚਲਦਿਆਂ ਫੈਡਰਲ ਸਰਕਾਰ ਦੇ ਸਹਾਇਕ ਵਿਦੇਸ਼ ਮੰਤਰੀ ਟਿਮ ਵਾਟਸ ਅਤੇ ਸਹਾਇਕ ਨਾਗਰਿਕਤਾ ਤੇ ਅਵਾਸ ਮੰਤਰੀ ਜੁਲੀਅਨ ਹਿੱਲ ਦੇ ਇਸ ਮਾਮਲੇ ਵਿੱਚ ਦਖਲ ਤੇ ਖੋਜ ਪੜਤਾਲ ਮਗਰੋਂ ਪਹਿਲਾਂ ਸੌਰਭ ਨੂੰ ਦੋ ਸਾਲ ਦਾ ਆਰਜ਼ੀ ਵੀਜ਼ਾ ਜਾਰੀ ਕੀਤਾ, ਪਰੰਤੂ ਉਸ ਦੀ ਸਿਹਤ ਅਤੇ ਮਾਨਸਿਕ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਇੰਮੀਗਰੇਸ਼ਨ ਮੰਤਰੀ ਨੇ ਵਿਸ਼ੇਸ਼ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਸੌਰਭ ਨੂੰ ਪੀ.ਆਰ. ਦੇਣ ਦਾ ਫੈਸਲਾ ਕੀਤਾ ਤੇ ਖੁਦ ਉਸ ਨੂੰ ਮਿਲ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਇਹੀ ਨਹੀਂ, ਭਾਰਤ ਵਿੱਚ ਰਹਿ ਰਹੀ ਸੌਰਭ ਦੀ ਮਾਤਾ ਨੂੰ ਵੀ ਵੀਜ਼ਾ ਦਿੱਤਾ ਗਿਆ, ਤਾਂ ਜੋ ਉਹ ਆ ਕੇ ਆਪਣੇ ਪੁੱਤਰ ਦੀ ਦੇਖਭਾਲ ਕਰ ਸਕੇ।
ਸਰਕਾਰ ਦੇ ਇਸ ਕਦਮ ਮਗਰੋਂ ਸੌਰਭ ਨੇ ਆਸਟ੍ਰੇਲੀਆਈ ਸਰਕਾਰ ਅਤੇ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ, “ਇਸ ਔਖੀ ਘੜੀ ਵਿੱਚ ਮੇਰੇ ਨਾਲ ਖੜ੍ਹੇ ਰਹਿਣ ਵਾਲਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਇਹ ਸਹਿਯੋਗ ਮੇਰੇ ਲਈ ਬੇਹੱਦ ਮਹੱਤਵਪੂਰਨ ਹੈ।”
ਜ਼ਿਕਰਯੋਗ ਹੈ ਕਿ ਸੌਰਭ ਕਰੀਬ ਸੱਤ ਸਾਲ ਪਹਿਲਾਂ ਚੰਗੇ ਭਵਿੱਖ ਦੀ ਭਾਲ ਵਿੱਚ ਆਸਟ੍ਰੇਲੀਆ ਆਇਆ ਸੀ, ਜਿਥੇ ਉਸ ਨੇ ਮੈਲਬੌਰਨ ਦੀ RMIT ਯੂਨੀਵਰਸਿਟੀ ਤੋਂ ਆਈ.ਟੀ. ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਤੇ ਹੁਣ ਉਹ ਸਾਇਬਰ ਸੁਰੱਖਿਆ ਦੇ ਖੇਤਰ ਵਿੱਚ ਵੀ ਭਵਿੱਖ ਬਣਾ ਰਿਹਾ ਸੀ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮੰਤਰੀ ਜੂਲੀਅਨ ਹਿੱਲ ਤੇ ਟਿਮ ਵਾਟਸ ਨੇ ਕਿਹਾ, “ਇਸ ਤਰ੍ਹਾਂ ਦੀ ਜਾਨਲੇਵਾ ਘਟਨਾ ਤੋਂ ਬਾਅਦ ਉਸ ਦੇ ਦਰਦ ਨੂੰ ਅਸੀ ਸਮਝ ਸਕਦੇ ਹਾਂ ਤੇ ਹੁਣ ਵੀਜ਼ਾ ਆਦਿ ਦੀ ਚਿੰਤਾ ਸੌਰਭ ਨੂੰ ਨਹੀਂ ਹੋਣੀ ਚਾਹੀਦੀ। ਹੁਣ ਉਹ ਆਸਟ੍ਰੇਲੀਆ ਵਿੱਚ ਵਧੀਆ ਢੰਗ ਨਾਲ ਇਲਾਜ ਕਰਵਾ ਸਕਦਾ ਹੈ ਅਤੇ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਸਕਦਾ ਹੈ ਤੇ ਅਸੀਂ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ। ਫਿਲਹਾਲ ਪੁਲਸ ਵਲੋਂ ਇਸ ਹਮਲੇ ਦੇ ਦੋਸ਼ੀਆਂ ਨੂੰ ਵੱਖ-ਵੱਖ ਧਾਰਾਵਾਂ ਹੇਠ ਕਾਬੂ ਕਰ ਕੇ ਜੇਲ੍ਹ ਭੇਜ ਦਿੱਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com