ਦੁਬਈ– ਖਿਤਾਬ ਦਾ ਪ੍ਰਮੁੱਖ ਦਾਅਵੇਦਾਰ ਭਾਰਤ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਵਿਚ ਅੱਜ ਜਦੋਂ ਮੇਜ਼ਬਾਨ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ ਤਾਂ ਆਲਰਾਊਂਡਰਾਂ ਦੇ ਰਾਹੀਂ ਟੀਮ ਵਿਚ ਲੋੜੀਂਦਾ ਸੰਤੁਲਨ ਸਥਾਪਤ ਕਰਨ ਦੀ ਕੋਸ਼ਿਸ਼ ਕਰੇਗਾ। ਭਾਰਤ ਹਾਲਾਂਕਿ ਅਜੇ ਤੱਕ ਇਹ ਤੈਅ ਨਹੀਂ ਕਰ ਸਕਿਆ ਹੈ ਕਿ ਇਸ ਮੁਕਾਬਲੇ ਵਿਚ ਤੀਜੇ ਸਪਿੰਨਰ ਜਾਂ ਮਾਹਿਰ ਤੇਜ਼ ਗੇਂਦਬਾਜ਼ ਦੇ ਨਾਲ ਉਤਰਨਾ ਹੈ ਜਾਂ ਨਹੀਂ।
ਮੁੱਖ ਕੋਚ ਗੌਤਮ ਗੰਭੀਰ ਦੇ ਕਾਰਜਭਾਰ ਸੰਭਾਲਣ ਤੋਂ ਬਾਅਦ ਤੋਂ ਭਾਰਤ ਨੇ ਸਾਰੇ ਰੂਪਾਂ ਵਿਚ ਆਲਰਾਊਂਡਰਾਂ ਨੂੰ ਪਹਿਲ ਦਿੱਤੀ ਹੈ। ਅਜਿਹਾ ਵਿਸ਼ੇਸ਼ ਕਰ ਕੇ ਬੱਲੇਬਾਜ਼ੀ ਨੂੰ ਮਜ਼ਬੂਤ ਕਰਨ ਲਈ ਕੀਤਾ ਗਿਆ ਹੈ ਤਾਂ ਕਿ 8ਵੇਂ ਨੰਬਰ ਤੱਕ ਉਸਦੇ ਕੋਲ ਚੰਗੇ ਬੱਲੇਬਾਜ਼ ਰਹਿਣ। ਅਮੀਰਾਤ ਵਿਰੁੱਧ ਮੈਚ 14 ਸਤੰਬਰ ਨੂੰ ਪਾਕਿਸਤਾਨ ਵਿਰੁੱਧ ਹੋਣ ਵਾਲੇ ਮਹੱਤਵਪੂਰਨ ਮੈਚ ਤੋਂ ਪਹਿਲਾਂ ਅਭਿਆਸ ਮੈਚ ਦੀ ਤਰ੍ਹਾਂ ਹੋਵੇਗਾ। ਕਮਜ਼ੋਰ ਮੰਨੀ ਜਾਣ ਵਾਲੀ ਇਹ ਟੀਮ ਭਾਰਤੀ ਟੀਮ ਮੈਨੇਜਮੈਂਟ ਨੂੰ ਇਸ ਗੱਲ ਦਾ ਅੰਦਾਜ਼ਾ ਕਰਵਾਏਗੀ ਕਿ ਟੂਰਨਾਮੈਂਟ ਵਿਚ ਅੱਗੇ ਵਧਣ ਲਈ ਕਿਸ ਸੁਮੇਲ ਦੇ ਨਾਲ ਮੈਦਾਨ ਵਿਚ ਉਤਰਨਾ ਬਿਹਤਰ ਹੋਵੇਗਾ।
ਯੂ. ਏ. ਈ. ਵਿਰੁੱਧ ਖਿਡਾਰੀਆਂ ਲਈ ਇਹ ਸਭ ਤੋਂ ਵੱਡਾ ਮੈਚ ਹੋਵੇਗਾ। ਜਸਪ੍ਰੀਤ ਬੁਮਰਾਹ ਦਾ ਸਾਹਮਣਾ ਕਰਨਾ ਜਾਂ ਸ਼ੁਭਮਨ ਗਿੱਲ ਨੂੰ ਗੇਂਦਬਾਜ਼ੀ ਕਰਨਾ ਕਿਸੇ ਐਸੋਸੀਏਟ ਦੇਸ਼ ਦੇ ਕ੍ਰਿਕਟਰ ਦੀ ਜ਼ਿੰਦਗੀ ਵਿਚ ਆਮ ਗੱਲ ਨਹੀਂ ਹੈ ਤੇ ਏਸ਼ੀਆ ਕੱਪ ਉਸ ਨੂੰ ਖੇਡ ਦੇ ਅਸਲ ਮਾਹੌਲ ਤੋਂ ਜਾਣੂ ਕਰਵਾਏਗਾ। ਭਾਰਤੀ ਟੀਮ ਵਿਚ ਸੰਜੂ ਸੈਮਸਨ ਬਨਾਮ ਜਿਤੇਸ਼ ਸ਼ਰਮਾ ਦੀ ਪਹੇਲੀ ਫਿਲਹਾਲ ਸੁਲਝ ਗਈ ਹੈ। ਜਿਤੇਸ਼ ਦੀ ਫਿਨਿਸ਼ਰ ਦੀ ਭੂਮਿਕਾ ਨੂੰ ਸੈਮਸਨ ਦੀ ਧਮਾਕੇਦਾਰ ਬੱਲੇਬਾਜ਼ੀ ’ਤੇ ਪਹਿਲ ਮਿਲਣਾ ਤੈਅ ਹੈ। ਚੋਟੀ ਕ੍ਰਮ ਵਿਚ ਸ਼ੁਭਮਨ ਗਿੱਲ ਦੀ ਵਾਪਸੀ ਨਾਲ ਵੀ ਸੈਮਸਨ ਲਈ ਆਖਰੀ-11 ਵਿਚ ਜਗ੍ਹਾ ਬਣਾ ਸਕਣਾ ਮੁਸ਼ਕਿਲ ਹੋ ਗਿਆ ਹੈ। ਗਿੱਲ ਹੁਣ ਅਭਿਸ਼ੇਕ ਸ਼ਰਮਾ ਦੇ ਨਾਲ ਬੱਲੇਬਾਜ਼ੀ ਦਾ ਆਗਾਜ਼ ਕਰੇਗਾ।
ਅਜਿਹੇ ਵਿਚ ਤੀਜਾ ਨੰਬਰ ਬਚਦਾ ਹੈ ਪਰ ਇਸ ਸਥਾਨ ’ਤੇ ਤਿਲਕ ਵਰਮਾ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ, ਜਿਸ ਨਾਲ ਉਹ ਟੀ-20 ਵਿਸ਼ਵ ਰੈਂਕਿੰਗ ਵਿਚ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਕਪਤਾਨ ਸੂਰਯਕੁਮਾਰ ਯਾਦਵ ਤੀਜੇ ਜਾਂ ਚੌਥੇ ਸਥਾਨ ’ਤੇ ਬੱਲੇਬਾਜ਼ੀ ਲਈ ਉਤਰ ਸਕਦਾ ਹੈ। ਇਸ ਤੋਂ ਬਾਅਦ ਆਲਰਾਊਂਡਰ ਦਾ ਨੰਬਰ ਆਉਂਦਾ ਹੈ, ਜਿਸ ਵਿਚ ਹਾਰਦਿਕ ਪੰਡਯਾ ਮਹੱਤਵਪੂਰਨ ਹੈ। ਉਹ ਇਕ ਉਪਯੋਗੀ ਤੇਜ਼ ਗੇਂਦਬਾਜ਼ ਹੋਣ ਦੇ ਨਾਲ ਮਾਹਿਰ ਬੱਲੇਬਾਜ਼ ਵੀ ਹੈ। ਫਿਰ ਆਉਂਦਾ ਹੈ, ਖੱਬੇ ਹੱਥ ਦਾ ਬੱਲੇਬਾਜ਼ ਸ਼ਿਵਮ ਦੂਬੇ, ਜਿਹੜਾ ਹੌਲੀਆਂ ਪਿੱਚਾਂ ’ਤੇ ਵੀ ਸਪਿੰਨ ਗੇਂਦਬਾਜ਼ੀ ਦੀਆਂ ਧੱਜੀਆਂ ਉਡਾ ਸਕਦਾ ਹੈ। ਨੰਬਰ-7 ’ਤੇ ਵਿਕਟਕੀਪਰ ਬੱਲੇਬਾਜ਼ ਜਿਤੇਸ਼ ਸ਼ਰਮਾ ਆਰ. ਸੀ. ਬੀ. ਵੱਲੋਂ ਆਈ. ਪੀ. ਐੱਲ. ਵਿਚ ਕੀਤੇ ਗਏ ਪ੍ਰਦਰਸ਼ਨ ਨੂੰ ਦੇਖਦੇ ਹੋਏ ਫਿੱਟ ਬੈਠਦਾ ਹੈ। ਇਸ ਤੋਂ ਬਾਅਦ ਅਕਸ਼ਰ ਪਟੇਲ ਦਾ ਨੰਬਰ ਆਉਂਦਾ ਹੈ, ਜਿਹੜਾ ਮਾਹਿਰ ਸਪਿੰਨਰ ਦੇ ਨਾਲ ਉਪਯੋਗੀ ਬੱਲੇਬਾਜ਼ ਵੀ ਹੈ।
ਕਪਿਲ ਦੇਵ ਤੋਂ ਬਾਅਦ ਭਾਰਤ ਦੇ ਸਭ ਤੋਂ ਮਾਹਿਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਭਾਰਤ ਦੇ ਸਭ ਤੋਂ ਸਫਲ ਟੀ-20 ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਚੋਣ ਤੈਅ ਹੈ, ਜਿਸ ਨਾਲ ਸਿਰਫ ਇਕ ਹੀ ਸਥਾਨ ਖਾਲੀ ਰਹਿ ਜਾਂਦਾ ਹੈ। ਸਤੰਬਰ ਵਿਚ ਏਸ਼ੀਆ ਕੱਪ ਖੇਡੇ ਜਾਣ ਦਾ ਮਤਲਬ ਹੈ ਕਿ ਦੁਬਈ ਇੰਟਰਨੈਸ਼ਨਲ ਸਟੇਡੀਅਮ ਦੀ ਪਿੱਚ ਮਾਰਚ ਦੀ ਤੁਲਨਾ ਵਿਚ ਜ਼ਿਆਦਾ ਹਰੀ-ਭਰੀ ਤੇ ਤਾਜ਼ਾ ਹੋਵੇਗੀ, ਜਿਸ ਵਿਚ ਜ਼ਿਆਦਾ ਉਛਾਲ ਹੋਵੇਗੀ। ਭਾਰਤ ਨੇ ਮਾਰਚ ਵਿਚ ਇੱਥੇ ਚੈਂਪੀਅਨਜ਼ ਟਰਾਫੀ ਦੌਰਾਨ ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ ਤੇ ਵਰੁਣ ਚੱਕਰਵਰਤੀ ਨੂੰ ਉਤਾਰਿਆ ਸੀ ਪਰ ਬਦਲੇ ਹਾਲਾਤ ਵਿਚ ਜੇਕਰ ਟੀਮ ਮੈਨੇਜਮੈਂਟ ਅਕਸ਼ਰ ਦੇ ਨਾਲ ਹੋਰ ਸਪਿੰਨਰਾਂ ਨੂੰ ਆਖਰੀ-11 ਵਿਚ ਰੱਖਦੀ ਹੈ ਤਾਂ ਉਸਦੇ ਕੋਲ ਕੁਲਦੀਪ ਤੇ ਚੱਕਰਵਰਤੀ ਦੇ ਰੂਪ ਵਿਚ ਦੋ ਚੰਗੇ ਬਦਲ ਹਨ। ਯੂ. ਏ. ਈ. ਲਈ ਇਹ ਟੂਰਨਾਮੈਂਟ ਆਪਣੀ ਮਹਾਰਤ ਦਿਖਾਉਣ ਦਾ ਇਕ ਸ਼ਾਨਦਾਰ ਮੌਕਾ ਹੈ। ਮੁਹੰਮਦ ਵਸੀਮ, ਰਾਹੁਲ ਚੋਪੜਾ ਤੇ ਸਿਮਰਨਜੀਤ ਸਿੰਘ ਵਰਗੇ ਖਿਡਾਰੀ ਤਜਰਬੇਕਾਰ ਕੋਚ ਲਾਲਚੰਦ ਰਾਜਪੂਤ ਦੇ ਮਾਰਗਦਰਸ਼ਨ ਵਿਚ ਆਪਣੀ ਛਾਪ ਛੱਡਣ ਲਈ ਉਤਸ਼ਾਹਿਤ ਹਨ।
ਟੀਮਾਂ ਇਸ ਤਰ੍ਹਾਂ ਹਨ
ਭਾਰਤ : ਸੂਰਯਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ, ਅਭਿਸ਼ੇਕ ਸ਼ਰਮਾ, ਹਾਰਦਿਕ ਪੰਡਯਾ, ਜਿਤੇਸ਼ ਸ਼ਰਮਾ (ਵਿਕਟਕੀਪਰ), ਸ਼ਿਵਮ ਦੂਬੇ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਸੰਜੂ ਸੈਮਸਨ, ਰਿੰਕੂ ਸਿੰਘ।
ਸੰਯੁਕਤ ਅਰਬ ਅਮੀਰਾਤ : ਮੁਹੰਮਦ ਵਸੀਮ (ਕਪਤਾਨ), ਅਲੀਸ਼ਾਨ ਸ਼ਰਾਫੂ, ਅਰੀਆਂਸ਼ ਸ਼ਰਮਾ, ਆਸਿਫ ਖਾਨ, ਧਰੁਵ ਪਰਾਸ਼ਰ, ਐਥਨ ਡਿਸੂਜਾ, ਹੈਦਰ ਅਲੀ, ਹਰਸ਼ਿਤ ਕੌਸ਼ਿਕ, ਜੁਨੈਦ ਸਿੱਦਿਕੀ, ਮਤੀਉੱਲ੍ਹਾ ਖਾਨ, ਮੁਹੰਮਦ ਫਾਰੂਕ, ਮੁਹੰਮਦ ਜਵਾਦੂਉੱਲ੍ਹਾ, ਮੁਹੰਮਦ ਜੋਹੈਬ, ਰਾਹੁਲ ਚੋਪੜਾ, ਰੋਹਿਦ ਖਾਨ, ਸਿਮਰਨਜੀਤ ਸਿੰਘ, ਸਗੀਰ ਖਾਨ।
ਹੈੱਡ ਟੂ ਹੈੱਡ
ਕੁੱਲ ਮੈਚ - 1
ਭਾਰਤ ਜਿੱਤਿਆ - 1
ਯੂਏਈ ਜਿੱਤਿਆ - 0
ਪਿੱਚ ਅਤੇ ਮੌਸਮ
ਏਸ਼ੀਆ ਕੱਪ ਲਈ ਤਾਜ਼ੀਆਂ ਪਿੱਚਾਂ ਤਿਆਰ ਕੀਤੀਆਂ ਗਈਆਂ ਹਨ। ਤੇਜ਼ ਗੇਂਦਬਾਜ਼ਾਂ ਨੂੰ ਵੀ ਇਸ 'ਤੇ ਮਦਦ ਮਿਲਣ ਦੀ ਉਮੀਦ ਹੈ। ਹਾਲਾਂਕਿ, ਹਮੇਸ਼ਾ ਵਾਂਗ, ਇੱਥੇ ਸਪਿਨਰਾਂ ਦੀ ਭੂਮਿਕਾ ਮਹੱਤਵਪੂਰਨ ਹੋਵੇਗੀ। ਗਰਮੀ ਬਹੁਤ ਜ਼ਿਆਦਾ ਹੈ ਅਤੇ ਇਹ ਦੋਵਾਂ ਟੀਮਾਂ ਦੇ ਖਿਡਾਰੀਆਂ ਲਈ ਇੱਕ ਵੱਖਰੀ ਚੁਣੌਤੀ ਹੋਵੇਗੀ। ਘੱਟੋ-ਘੱਟ ਤਾਪਮਾਨ 32 ਡਿਗਰੀ ਦੇ ਆਸ-ਪਾਸ ਰਹੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com