ਡੇਰਾਬੱਸੀ : ਗੈਂਗਸਟਰਾਂ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ.) ਅਤੇ ਡੇਰਾਬੱਸੀ ਦੇ ਡੀ. ਐੱਸ. ਪੀ. ਬਿਕਰਮਜੀਤ ਸਿੰਘ ਬਰਾੜ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਧਮਕੀ ਦੇਣ ਵਾਲੇ ਗੈਂਗਸਟਰਾਂ ਵੱਲੋਂ ਆਪਣੇ ਆਪ ਨੂੰ ਮਾਨ ਘਨਸ਼ਾਮਪੁਰੀਆ ਗਿਰੋਹ ਨਾਲ ਸਬੰਧਿਤ ਹੋਣਾ ਦੱਸਿਆ ਜਾ ਰਿਹਾ ਹੈ। ਗੈਂਗਸਟਰਾਂ ਵੱਲੋਂ ਇਕ ਧਮਕੀ ਸੋਸ਼ਲ ਮੀਡੀਆ ’ਤੇ ਵੀਡੀਓ ਪਾ ਕੇ ਦਿੱਤੀ ਗਈ ਹੈ। ਡੀ. ਐੱਸ. ਪੀ. ਬਰਾੜ ਨੂੰ ਇਸ ਤੋਂ ਪਹਿਲਾਂ ਵੀ ਕਈਂ ਵਾਰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਚੁੱਕੀਆਂ ਹਨ। ਲੰਘੇ ਦਿਨੀਂ ਉਨ੍ਹਾਂ ਦੀ ਨਾਮੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਗੋਲਡੀ ਬਰਾੜ ਨਾਲ ਫੋਨ ’ਤੇ ਹੋਈ ਆਡੀਓ ਕਾਫੀ ਵਾਇਰਲ ਹੋਈ ਸੀ, ਜਿਸ ਵਿੱਚ ਬਰਾੜ ਕਿਸੇ ਤੋਂ ਵੀ ਨਾ ਡਰ ਕੇ ਕਾਨੂੰਨ ਮੁਤਾਬਕ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕਰਨ ਭਵਿੱਖ ਵਿੱਚ ਵੀ ਜਾਰੀ ਰੱਖਣ ਦੀ ਗੱਲ ਦੁਹਰਾ ਰਹੇ ਹਨ।
ਸੋਸ਼ਲ ਮੀਡੀਆ ’ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਗੈਂਗਸਟਰਾਂ ਵੱਲੋਂ ਪਾਈ ਗਈ ਵੀਡੀਓ ਵਿੱਚ ਡੀ. ਐੱਸ. ਪੀ. ਬਰਾੜ ਨੂੰ ਵਿੱਕੀ ਗੌਂਡਰ ਅਤੇ ਹੋਰਨਾਂ ਗੈਂਗਸਟਰਾਂ ਦਾ ਐਨਕਾਊਂਟਰ ਕਰਨ ਲਈ ਬਦਲਾ ਲੈਣ ਦੀ ਗੱਲ ਆਖੀ ਗਈ ਹੈ। ਗੈਂਗਸਟਰ ਵੱਲੋਂ ਕਿਹਾ ਗਿਆ ਕਿ ਉਹ ਛੇਤੀ ਆਪਣੇ ਭਰਾ ਵਿੱਕੀ ਗੌਂਡਰ ਦਾ ਬਦਲਾ ਲੈਣ ਲਈ ਪੰਜਾਬ ਆਵੇਗਾ। ਗੈਂਗਸਟਰ ਵੱਲੋਂ ਡੀ. ਐੱਸ. ਪੀ. ’ਤੇ ਦੋਸ਼ ਲਾਇਆ ਗਿਆ ਕਿ ਉਸ ਵੱਲੋਂ ਕਈ ਗੈਂਗਸਟਰਾਂ ਦਾ ਝੂਠਾ ਐਨਕਾਊਂਟਰ ਕੀਤਾ ਗਿਆ ਹੈ, ਜਿਸਦਾ ਬਦਲਾ ਲੈਣ ਲਈ ਉਹ (ਗੈਂਗਸਟਰ) ਛੇਤੀ ਪੰਜਾਬ ਆਵੇਗਾ ਅਤੇ ਉਸ ਨੂੰ ਸਮਾਂ ਦੇਵੇਗਾ ਕਿ ਉਹ ਉੱਥੇ ਆ ਕੇ ਮਿਲੇ ਅਤੇ ਉਹ ਬਦਲਾ ਲਵੇਗਾ।
ਜ਼ਿਕਰਯੋਗ ਹੈ ਕਿ ਬਿਕਰਮਜੀਤ ਸਿੰਘ ਬਰਾੜ ਵੱਲੋਂ ਨਾਮੀ ਗੈਂਗਸਟਰ ਵਿੱਕੀ ਗੌਂਡਰ ਸਣੇ ਹੋਰਨਾਂ ਕਈਂ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਗਿਆ ਹੈ, ਜਿਸ ਕਾਰਨ ਉਹ ਹਮੇਸ਼ਾ ਸੁਰਖੀਆਂ ਵਿੱਚ ਅਤੇ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਰਹਿੰਦੇ ਹਨ। ਇਸ ਬਾਬਤ ਗੱਲ ਕਰਨ ’ਤੇ ਡੀ. ਐੱਸ. ਪੀ. ਬਿਕਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਨੇ ਵੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਦੇਖੀ ਹੈ। ਉਨ੍ਹਾਂ ਨੇ ਕਿਹਾ ਕਿ ਵੀਡੀਓ ਸਾਹਮਣੇ ਆਉਣ ਮਗਰੋਂ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਗੈਂਗਸਟਰਾਂ ਅਕਸਰ ਧਮਕੀਆਂ ਦਿੰਦੇ ਰਹਿੰਦੇ ਹਨ ਪਰ ਉਹ ਇਸਦੀ ਪਰਵਾਹ ਨਾ ਕਰਦੇ ਹੋਏ ਆਪਣਾ ਕੰਮ ਕਰਦੇ ਹਨ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਗੈਂਗਸਟਰਾਂ ਵੱਲੋਂ ਪਹਿਲਾਂ ਵੀ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ ਹਨ, ਜਿਨ੍ਹਾਂ ਤੋਂ ਪੰਜਾਬ ਪੁਲਸ ਡਰਨ ਵਾਲੀ ਨਹੀਂ, ਸਗੋਂ ਗੈਂਗਸਟਰਾਂ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com