ਇੰਟਰਨੈਸ਼ਨਲ ਡੈਸਕ : ਯੂਕਰੇਨ ਨਾਲ ਜੰਗ ਵਿਚਾਲੇ ਰੂਸੀ ਫੌਜ ਵੱਲੋਂ ਪੋਲੈਂਡ 'ਤੇ 19 ਡਰੋਨ ਸੁੱਟੇ ਜਾਣ ਦੀ ਖ਼ਬਰ ਹੈ, ਜਿਨ੍ਹਾਂ ਵਿੱਚੋਂ ਪੋਲਿਸ਼ ਫੌਜ ਨੇ 4 ਡਰੋਨ ਸੁੱਟਣ ਦਾ ਦਾਅਵਾ ਕੀਤਾ ਹੈ। ਪੋਲੈਂਡ ਨਾਟੋ ਦਾ ਮੈਂਬਰ ਦੇਸ਼ ਹੈ। ਨਾਟੋ ਦੇ ਨਿਯਮਾਂ ਅਨੁਸਾਰ, ਉਸਦੇ ਕਿਸੇ ਸਹਿਯੋਗੀ ਦੇਸ਼ 'ਤੇ ਜੇਕਰ ਕੋਈ ਹਮਲਾ ਕਰਦਾ ਹੈ, ਤਾਂ ਇਸਨੂੰ ਸਾਰੇ ਸਹਿਯੋਗੀ ਦੇਸ਼ਾਂ 'ਤੇ ਹਮਲਾ ਮੰਨਿਆ ਜਾਵੇਗਾ। ਅਜਿਹੀ ਸਥਿਤੀ ਵਿੱਚ, ਰੂਸ ਵੱਲੋਂ ਕੀਤੇ ਗਏ ਇਸ ਹਮਲੇ ਨੂੰ ਤੀਜੇ ਵਿਸ਼ਵ ਯੁੱਧ ਨੂੰ ਭੜਕਾਉਣ ਵਾਲਾ ਮੰਨਿਆ ਜਾ ਰਿਹਾ ਹੈ। ਸਾਰਿਆਂ ਦੀਆਂ ਨਜ਼ਰਾਂ ਨਾਟੋ ਦੇ ਮਹੱਤਵਪੂਰਨ ਦੇਸ਼ ਅਮਰੀਕਾ 'ਤੇ ਹਨ।
ਐਕਸੀਓਸ ਦੇ ਅਨੁਸਾਰ, ਬੁੱਧਵਾਰ ਨੂੰ ਨਾਟੋ ਦੇਸ਼ ਪੋਲੈਂਡ ਵਿੱਚ ਇੱਕ ਰੂਸੀ ਡਰੋਨ ਦੇਖਿਆ ਗਿਆ। ਪੋਲੈਂਡ ਦਾ ਕਹਿਣਾ ਹੈ ਕਿ ਇਹ ਡਰੋਨ ਰੂਸ ਵਲੋਂ ਉਸਨੂੰ ਮਾਰਨ ਲਈ ਭੇਜੇ ਗਏ ਸਨ। ਰੂਸ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਕਿਉਂ ਕੀਤਾ ਰੂਸ ਨੇ ਪੋਲੈਂਡ 'ਤੇ ਹਮਲਾ ?
ਰੂਸ ਨੇ ਪੋਲੈਂਡ 'ਤੇ ਡਰੋਨ ਸੁੱਟਣ ਸੰਬੰਧੀ ਕੋਈ ਸਪੱਸ਼ਟ ਬਿਆਨ ਨਹੀਂ ਦਿੱਤਾ ਹੈ, ਪਰ ਇਹ ਕਿਹਾ ਜਾ ਰਿਹਾ ਹੈ ਕਿ ਕੀਵ 'ਤੇ ਡਰੋਨ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਇਹ ਪੋਲਿਸ਼ ਸਰਹੱਦ ਵਿੱਚ ਚਲਾ ਗਿਆ। ਪੋਲੈਂਡ ਯੂਕਰੇਨ ਦਾ ਗੁਆਂਢੀ ਦੇਸ਼ ਹੈ। ਪੋਲੈਂਡ ਨੇ ਰੂਸੀ ਡਰੋਨ ਨੂੰ ਸੁੱਟਣ ਲਈ F-35 ਦੀ ਵਰਤੋਂ ਕੀਤੀ।
ਹੁਣ ਪੋਲੈਂਡ ਸਰਕਾਰ ਡਰੋਨ ਦੇ ਮਲਬੇ ਦੀ ਭਾਲ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਅਮਰੀਕਾ ਅਤੇ ਨਾਟੋ ਵੀ ਮਲਬੇ ਦੀ ਉਡੀਕ ਵਿੱਚ ਕੋਈ ਬਿਆਨ ਨਹੀਂ ਦੇ ਰਹੇ ਹਨ। ਪੋਲੈਂਡ ਦੇ ਪ੍ਰਧਾਨ ਮੰਤਰੀ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਗੱਲ ਕੀਤੀ ਹੈ। ਇਕ ਖਬਰ ਏਜੰਸੀ ਨਾਲ ਗੱਲ ਕਰਦਿਆਂ ਰੂਬੀਓ ਨੇ ਕਿਹਾ ਕਿ ਸਾਰਾ ਮਾਮਲਾ ਸਾਡੇ ਧਿਆਨ ਵਿੱਚ ਹੈ।
ਕਿਉਂ ਛਿੜ ਗਈ ਤੀਜੇ ਵਿਸ਼ਵ ਯੁੱਧ ਦੀ ਚਰਚਾ ?
ਦੂਜਾ ਵਿਸ਼ਵ ਯੁੱਧ 1939 ਵਿੱਚ ਪੋਲੈਂਡ 'ਤੇ ਹਮਲੇ ਤੋਂ ਬਾਅਦ ਸ਼ੁਰੂ ਹੋਇਆ ਸੀ। ਉਸ ਸਮੇਂ ਜਰਮਨੀ ਦੇ ਐਡੋਲਫ ਹਿਟਲਰ ਨੇ ਪੋਲੈਂਡ 'ਤੇ ਪਹਿਲਾ ਹਮਲਾ ਕੀਤਾ ਸੀ। ਇਸ ਵਾਰ ਵੀ ਯੂਰਪੀਅਨ ਦੇਸ਼ ਰੂਸ ਦੇ ਖਿਲਾਫ ਮਜ਼ਬੂਤੀ ਨਾਲ ਮੋਰਚੇ 'ਤੇ ਹਨ। ਜਰਮਨੀ, ਬ੍ਰਿਟੇਨ, ਫਰਾਂਸ ਵਰਗੇ ਵੱਡੇ ਦੇਸ਼ ਰੂਸ ਦੇ ਖਿਲਾਫ ਕਾਫ਼ੀ ਆਵਾਜ਼ ਚੁੱਕ ਰਹੇ ਹਨ।
ਅਜਿਹੀ ਸਥਿਤੀ ਵਿੱਚ, ਜਿਸ ਤਰ੍ਹਾਂ ਪੋਲੈਂਡ 'ਤੇ ਹਮਲਾ ਕੀਤਾ ਗਿਆ ਹੈ, ਉਸਨੂੰ ਵਿਸ਼ਵ ਯੁੱਧ ਨਾਲ ਜੋੜਿਆ ਜਾ ਰਿਹਾ ਹੈ। ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਡਸਕ ਨੇ ਖੁਦ ਇਸਨੂੰ ਵਿਸ਼ਵ ਯੁੱਧ ਨਾਲ ਜੋੜਿਆ ਹੈ।
ਕੀ ਹੈ ਨਾਟੋ ਅਤੇ ਇਸਦੇ ਨਿਯਮ?
ਨਾਟੋ ਇੱਕ ਫੌਜੀ ਸੰਗਠਨ ਹੈ, ਜਿਸ ਵਿੱਚ 32 ਦੇਸ਼ ਸ਼ਾਮਲ ਹਨ। ਇਨ੍ਹਾਂ ਵਿੱਚ ਅਮਰੀਕਾ, ਫਰਾਂਸ, ਬ੍ਰਿਟੇਨ, ਤੁਰਕੀ ਵਰਗੇ ਪ੍ਰਮੁੱਖ ਦੇਸ਼ ਸ਼ਾਮਲ ਹਨ। ਨਾਟੋ ਦੇ ਆਰਟੀਕਲ 4 ਦੇ ਅਨੁਸਾਰ, ਜੇਕਰ ਕੋਈ ਕਿਸੇ ਵੀ ਸਹਿਯੋਗੀ ਦੇਸ਼ 'ਤੇ ਹਮਲਾ ਕਰਦਾ ਹੈ, ਤਾਂ ਸਾਰੇ ਦੇਸ਼ਾਂ ਨੂੰ ਇਸ ਬਾਰੇ ਸੂਚਿਤ ਕਰਨਾ ਪੈਂਦਾ ਹੈ। ਨਾਟੋ ਦੇ ਆਰਟੀਕਲ 5 ਵਿੱਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਇੱਕ ਦੇਸ਼ 'ਤੇ ਹਮਲਾ ਹੁੰਦਾ ਹੈ, ਤਾਂ ਇਸਨੂੰ ਸਾਰੇ ਦੇਸ਼ਾਂ 'ਤੇ ਹਮਲਾ ਮੰਨਿਆ ਜਾਵੇਗਾ। ਅਜਿਹੀ ਸਥਿਤੀ ਵਿੱਚ, ਸਾਰੇ ਇਕੱਠੇ ਹੋ ਕੇ ਹਮਲਾ ਕਰਨ ਵਾਲੇ ਦੇਸ਼ਾਂ ਵਿਰੁੱਧ ਲੜਨਗੇ।
Credit : www.jagbani.com