ਪਟਿਆਲਾ,- ਵਧੀਕ ਸੈਸ਼ਨ ਜੱਜ ਨਵਦੀਪ ਕੌਰ ਗਿੱਲ ਦੀ ਅਦਾਲਤ ਨੇ ਸਨੌਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਹਲਕਾ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪਟਿਆਲਾ ਪੁਲਸ ਨੇ 2 ਸਤੰਬਰ ਸਵੇਰੇ ਹਰਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਸੀ ਪਰ ਵਿਧਾਇਕ, ਪੁਲਸ ਹਿਰਾਸਤ ਵਿੱਚੋਂ ਫਰਾਰ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਉਹ ਪੁਲਸ ਟੀਮ 'ਤੇ ਗੋਲੀਬਾਰੀ ਕਰਦੇ ਹੋਏ ਫਰਾਰ ਹੋਏ ਸੀ। ਪਠਾਣਮਾਜਰਾ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ 'ਚ ਦਰਜ ਐੱਫਆਈਆਰ ਦੇ ਅਨੁਸਾਰ ਪਠਾਣਮਾਜਰਾ 'ਤੇ ਬਲਾਤਕਾਰ, ਧੋਖਾਧੜੀ ਅਤੇ ਧਮਕੀ ਦੇ ਇਲਜ਼ਾਮ ਲਗਾਏ ਗਏ ਹਨ।
ਜਾਣਕਾਰੀ ਅਨੁਸਾਰ ਗ੍ਰਿਫਤਾਰੀ ਤੋਂ ਬਾਅਦ ਪੁਲਸ ਸਟੇਸ਼ਨ ਲਿਆਉਣ ਸਮੇਂ ਪਠਾਨਮਾਜਰਾ ਅਤੇ ਉਸਦੇ ਸਾਥੀਆਂ ਵੱਲੋਂ ਪੁਲਸ 'ਤੇ ਗੋਲੀਬਾਰੀ ਕੀਤੀ ਗਈ। ਇਸ ਘਟਨਾ ਵਿੱਚ ਇੱਕ ਪੁਲਸ ਮੁਲਾਜ਼ਮ ਜ਼ਖਮੀ ਹੋ ਗਿਆ ਸੀ।
ਦੱਸਣਯੋਗ ਹੈ ਕਿ ਪਟਿਆਲਾ ਦੇ ਆਮ ਆਦਮੀ ਪਾਰਟੀ (ਆਪ) ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖਿਲਾਫ 1 ਸਤੰਬਰ 2025 ਨੂੰ ਪਟਿਆਲਾ ਦੇ ਸਿਵਲ ਲਾਈਨਜ਼ ਪੁਲਸ ਸਟੇਸ਼ਨ 'ਚ ਔਰਤ ਵੱਲੋਂ ਬਲਾਤਕਾਰ (ਆਈਪੀਸੀ ਧਾਰਾ 376), ਧੋਖਾਧੜੀ ਅਤੇ ਅਪਰਾਧਿਕ ਧਮਕੀ ਦੇ ਦੋਸ਼ਾਂ 'ਚ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਵਿਧਾਇਕ ਨੂੰ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਉਹ ਫਿਰ ਪੁਲਸ ਹਿਰਾਸਤ ਤੋਂ ਫਰਾਰ ਹੋ ਗਏ।
ਪਟਿਆਲਾ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਹਾਲਾਂਕਿ ਪਠਾਣਮਾਜਰਾ ਦੀ ਪਤਨੀ ਨੇ ਹਾਈ ਕੋਰਟ 'ਚ ਇੱਕ ਪਟੀਸ਼ਨ ਦਾਇਰ ਕਰਕੇ ਉਨ੍ਹਾਂ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਮੰਗੀ ਹੈ ਅਤੇ ਦਾਅਵਾ ਕੀਤਾ ਹੈ ਕਿ ਇਹ ਮਾਮਲਾ ਰਾਜਨੀਤਿਕ ਤਬਾਦਲਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 23 ਸਤੰਬਰ 2025 ਨੂੰ ਹੋਣੀ ਹੈ।
ਇਸ ਮਾਮਲੇ ਵਿੱਚ ਪਠਾਣਮਾਜਰਾ ਨੇ ਦਲੀਲ ਦਿੱਤੀ ਹੈ ਕਿ ਉਨ੍ਹਾਂ ਨੂੰ ਸਿਆਸੀ ਕਾਰਵਾਈ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹ ਸਰਕਾਰ ਵਿਰੁੱਧ ਆਵਾਜ਼ ਉਠਾ ਰਹੇ ਸਨ।
Credit : www.jagbani.com