ਨਵੀਂ ਦਿੱਲੀ - ਸੁਪਰੀਮ ਕੋਰਟ 12 ਸਤੰਬਰ ਨੂੰ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਪਟੀਸ਼ਨ ’ਤੇ ਸੁਣਵਾਈ ਕਰੇਗੀ, ਜਿਸ ’ਚ 2020-21 ’ਚ ਹੋਏ ਕਿਸਾਨਾਂ ਦੇ ਪ੍ਰਦਰਸ਼ਨ ਦੇ ਸਬੰਧ ’ਚ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਲਈ ਉਨ੍ਹਾਂ ਖਿਲਾਫ ਦਰਜ ਮਾਮਲੇ ਨੂੰ ਰੱਦ ਕਰਨ ਤੋਂ ਹਾਈ ਕੋਰਟ ਦੇ ਇਨਕਾਰ ਕਰਨ ਨੂੰ ਚੁਣੌਤੀ ਦਿੱਤੀ ਗਈ ਹੈ।
ਕੰਗਨਾ ਨੇ ਮਾਣਹਾਨੀ ਦੇ ਉਸ ਮਾਮਲੇ ਨੂੰ ਚੁਣੌਤੀ ਦਿੱਤੀ ਹੈ, ਜੋ ਉਨ੍ਹਾਂ ਦੇ ਉਸ ਰੀ-ਟਵੀਟ ਤੋਂ ਪੈਦਾ ਹੋਇਆ ਹੈ, ਜਿਸ ’ਚ ਹੁਣ ਰੱਦ ਹੋ ਚੁੱਕੇ ਖੇਤੀਬਾੜੀ ਕਾਨੂੰਨਾਂ ਖਿਲਾਫ 2020-21 ਦੇ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਇਕ ਮਹਿਲਾ ਪ੍ਰਦਰਸ਼ਨਕਾਰੀ ਬਾਰੇ ਉਨ੍ਹਾਂ ਦੀ ਆਪਣੀ ਟਿੱਪਣੀ ਸ਼ਾਮਲ ਸੀ।
ਇਹ ਸ਼ਿਕਾਇਤ ਮਹਿੰਦਰ ਕੌਰ (73) ਨੇ 2021 ’ਚ ਦਰਜ ਕਰਵਾਈ ਸੀ, ਜੋ ਪੰਜਾਬ ਦੇ ਬਠਿੰਡਾ ਜ਼ਿਲੇ ਦੀ ਰਹਿਣ ਵਾਲੀ ਹੈ। ਮਹਿੰਦਰ ਕੌਰ ਦੀ ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਕੰਗਨਾ ਨੇ ਇਕ ਰੀ-ਟਵੀਟ ’ਚ ਉਨ੍ਹਾਂ ਖਿਲਾਫ ‘ਝੂਠੇ ਦੋਸ਼’ ਅਤੇ ਟਿੱਪਣੀਆਂ ਕੀਤੀਆਂ ਅਤੇ ਕਿਹਾ ਕਿ ਉਹ ਉਹੀ ‘ਦਾਦੀ ਭਾਵ ਬਿਲਕਿਸ ਬਾਨੋ ਹੈ, ਜੋ ਸ਼ਾਹੀਨ ਬਾਗ ’ਚ ਹੋਏ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਸੀ।
Credit : www.jagbani.com