ਇੰਦੌਰ - ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਰਵਾਇਤੀ ਦਰਸ਼ਨ ’ਚ ਭਰੋਸਾ ਰੱਖਣ ਕਾਰਨ ਦੇਸ਼ ਹਰ ਕਿਸੇ ਦੀਆਂ ਭਵਿੱਖਬਾਣੀਆਂ ਨੂੰ ਗਲਤ ਸਾਬਤ ਕਰ ਕੇ ਲਗਾਤਾਰ ਅੱਗੇ ਵਧ ਰਿਹਾ ਹੈ। ਉਨ੍ਹਾਂ ਐਤਵਾਰ ਕਿਹਾ ਕਿ ਭਾਰਤ ਦੇ 3,000 ਸਾਲਾਂ ਦੇ ਵਿਸ਼ਵ ਨੇਤਾ ਹੋਣ ਦੌਰਾਨ ਦੁਨੀਆ ’ਚ ਕੋਈ ਮਤਭੇਦ ਨਹੀਂ ਸੀ। ਬਰਤਾਨੀਅਾ ਦੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਨੇ ਇਕ ਵਾਰ ਕਿਹਾ ਸੀ ਕਿ ਭਾਰਤ ਇੱਕਜੁੱਟ ਨਹੀਂ ਰਹਿ ਸਕੇਗਾ ਤੇ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਹੋਣ ਪਿੱਛੋਂ ਵੰਡਿਆ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਜੋ ਵੀ ਵੰਡਿਆ ਗਿਆ ਹੈ, ਅਸੀਂ ਉਸ ਨੂੰ ਵੀ ਦੁਬਾਰਾ ਇੱਕਜੁੱਟ ਕਰਾਂਗੇ। ਭਾਗਵਤ ਨੇ ਇੰਦੌਰ ’ਚ ਇਕ ਪ੍ਰੋਗਰਾਮ ਦੌਰਾਨ ਇਹ ਟਿੱਪਣੀਆਂ ਕੀਤੀਆਂ।
ਸੰਘ ਮੁਖੀ ਦੀ ਇਹ ਪ੍ਰਤੀਕਿਰਿਆ ਅਜਿਹੇ ਸਮੇਂ ਆਈ ਹੈ ਜਦੋਂ ਦੇਸ਼ ਦੀ ਆਰਥਿਕ ਵਿਕਾਸ ਦਰ ਮੌਜੂਦਾ ਵਿੱਤੀ ਸਾਲ ਦੀ ਅਪ੍ਰੈਲ-ਜੂਨ ਦੀ ਤਿਮਾਹੀ ’ਚ 7.80 ਫੀਸਦੀ ’ਤੇ ਉਮੀਦ ਨਾਲੋਂ ਬਿਹਤਰ ਰਹੀ ਹੈ। ਇਹ ਅਮਰੀਕਾ ਵੱਲੋਂ ਭਾਰੀ ਟੈਰਿਫ ਲਾਉਣ ਤੋਂ ਪਹਿਲਾਂ ਦੀਆਂ 5 ਤਿਮਾਹੀਆਂ ’ਚ ਸਭ ਤੋਂ ਵੱਧ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਨਾਗਰਿਕਾਂ ਦੇ ਪੂਰਵਜਾਂ ਨੇ ਕਈ ਭਾਈਚਾਰਿਆਂ ਰਾਹੀਂ ਕਈ ਰਸਤੇ ਵਿਖਾ ਕੇ ਸਾਰਿਆਂ ਨੂੰ ਦੱਸਿਆ ਹੈ ਕਿ ਗਿਆਨ, ਕਰਮ ਤੇ ਸ਼ਰਧਾ ਦੀ ਸੰਤੁਲਿਤ ਤ੍ਰਿਵੇਣੀ ਨੂੰ ਕਿਵੇਂ ਜੀਵਨ ’ਚ ਲਿਆਂਦਾ ਜਾ ਸਕਦਾ ਹੈ। ਭਾਰਤ ਅਜੇ ਵੀ ਜੀਵਨ ਦੇ ਇਸ ਰਵਾਇਤੀ ਦਰਸ਼ਨ ’ਚ ਭਰੋਸਾ ਰੱਖਦਾ ਹੈ, ਇਸ ਲਈ ਦੇਸ਼ ਹਰ ਕਿਸੇ ਦੀਆਂ ਭਵਿੱਖਬਾਣੀਆਂ ਨੂੰ ਗਲਤ ਸਾਬਤ ਕਰ ਕੇ ਵਿਕਾਸ ਦੇ ਰਾਹ ’ਤੇ ਲਗਾਤਾਰ ਅੱਗੇ ਵਧ ਰਿਹਾ ਹੈ।
ਭਾਗਵਤ ਨੇ ਕਿਹਾ ਕਿ ਭਾਰਤ ’ਚ ਗਾਂ, ਨਦੀਆਂ, ਰੁੱਖਾਂ ਅਤੇ ਪੌਦਿਆਂ ਦੀ ਪੂਜਾ ਰਾਹੀਂ ਕੁਦਰਤ ਦੀ ਪੂਜਾ ਕੀਤੀ ਜਾਂਦੀ ਹੈ । ਦੇਸ਼ ਦਾ ਕੁਦਰਤ ਨਾਲ ਸਬੰਧ ਇਕ ਭਖਦੇ ਤੇ ਚੇਤੰਨ ਤਜਰਬੇ ’ਤੇ ਅਧਾਰਤ ਹੈ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਭਾਰਤੀ ਸੱਭਿਆਚਾਰ ‘ਮੇਰਾ ਅਤੇ ਤੁਹਾਡਾ’ ਦੇ ਭੇਦ ਤੋਂ ਉੱਪਰ ਉੱਠਣ ਦਾ ਸੰਦੇਸ਼ ਦਿੰਦਾ ਹੈ । ਸਾਰੇ ਮਨੁੱਖਾਂ ’ਚ ਆਪਸੀ ਨੇੜਤਾ ਅਤੇ ਆਪਣਾਪਣ ਜ਼ਰੂਰੀ ਹੈ। ਆਰ. ਐੱਸ. ਐੱਸ. ਦੇ ਮੁਖੀ ਨੇ ਕਿਹਾ ਕਿ ਗਿਆਨ ਤੇ ਕਰਮ ਦੇ ਦੋਵੇਂ ਰਸਤੇ ਮਨੁੱਖਾਂ ਲਈ ਜ਼ਰੂਰੀ ਹਨ, ਪਰ ਗੈਰ-ਸਰਗਰਮ ਗਿਆਨਵਾਨ ਲੋਕ' ਕਿਸੇ ਕੰਮ ਦੇ ਨਹੀਂ ਹਨ।
Credit : www.jagbani.com