ਨਿਊਯਾਰਕ – ਅਮਰੀਕੀ ਮੋਟਲ ਵਿਚ ਇਕ ਭਾਰਤੀ ਨਾਗਰਿਕ ਦਾ ਸਿਰ ਕਲਮ ਕਰਨ ਵਾਲੇ ਵਿਅਕਤੀ ਵਿਰੁੱਧ ਦੇਸ਼ ਨਿਕਾਲਾ ਦੇਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਭਾਰਤੀ ਨਾਗਰਿਕ ਚੰਦਰ ਨਾਗਮਲੱਈਆ ਦੇ ਬੇਰਹਿਮੀ ਨਾਲ ਕਤਲ ਤੋਂ ਦੋ ਦਿਨ ਬਾਅਦ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (ਡੀ. ਐੱਚ. ਐੱਸ.) ਨੇ ਐਲਾਨ ਕੀਤਾ ਹੈ ਕਿ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ਆਈ. ਸੀ. ਈ.) ਨੇ ਹਮਲਾਵਰ ਨੂੰ ਦੇਸ਼ ’ਚੋਂ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਹਮਲਾਵਰ ਕਿਊਬਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਉਸ ਕੋਲ ਦਸਤਾਵੇਜ਼ ਨਹੀਂ ਹਨ। ਇਕ ਬਿਆਨ ਵਿਚ ਏਜੰਸੀ ਨੇ ਕਥਿਤ ਕਾਤਲ ਦੇ ਅਪਰਾਧਿਕ ਪਿਛੋਕੜ ’ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਯੋਰਡਾਨਿਸ ਕੋਬੋਸ-ਮਾਰਟੀਨੇਜ਼ (ਕਿਊਬਾ ਦਾ ਇਕ ਗੈਰ-ਕਾਨੂੰਨੀ ਪ੍ਰਵਾਸੀ) ’ਤੇ ਬੱਚਿਆਂ ਨਾਲ ਬਦਸਲੂਕੀ ਕਰਨ ਸਮੇਤ ਵਾਹਨ ਚੋਰੀ ਕਰਨ ਦੇ ਕੇਸ ਦਰਜ ਹਨ।
ਬੁੱਧਵਾਰ ਨੂੰ ਟੈਕਸਾਸ ਦੇ ਡੱਲਾਸ ਵਿਚ ਇਕ ਮੋਟਲ ’ਚ 41 ਸਾਲਾ ਨਾਗਮਲੱਈਆ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਅਤੇ ਉਸ ਦਾ ਸਿਰ ਕਲਮ ਕਰ ਦਿੱਤਾ ਗਿਆ। 37 ਸਾਲਾ ਮਾਰਟੀਨੇਜ਼ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ’ਤੇ ਕਤਲ ਦਾ ਦੋਸ਼ ਲਾਇਆ ਗਿਆ। ਉਸ ’ਤੇ ਨਾਗਮਲੱਈਆ ਦਾ ਸਿਰ ਕਲਮ ਕਰ ਕੇ ਕੂੜੇਦਾਨ ਵਿਚ ਸੁੱਟਣ ਦਾ ਦੋਸ਼ ਹੈ।
ਸੋਸ਼ਲ ਮੀਡੀਆ ’ਤੇ ਚੱਲ ਰਹੀ ਇਕ ਪ੍ਰੇਸ਼ਾਨ ਕਰਨ ਵਾਲੀ ਵੀਡੀਓ ’ਚ ਦਿਖਾਇਆ ਗਿਆ ਹੈ ਕਿ ਮਾਰਟੀਨੇਜ਼ ਪੀੜਤ ਨਾਗਮਲੱਈਆ ਦਾ ਕੁਹਾੜੀ ਲੈ ਕੇ ਪਿੱਛਾ ਕਰ ਰਿਹਾ ਹੈ ਅਤੇ ਉਸ ’ਤੇ ਉਦੋਂ ਤੱਕ ਹਮਲਾ ਕਰਦਾ ਰਿਹਾ ਜਦੋਂ ਤਕ ਉਸ ਦਾ ਸਿਰ ਧੜ ਨਾਲੋਂ ਵੱਖ ਨਹੀਂ ਹੋ ਗਿਆ। ਫਿਰ ਉਸ ਨੇ ਪੀੜਤ ਦਾ ਸਿਰ ਮੋਟਲ ਦੀ ਪਾਰਕਿੰਗ ’ਚ ਪਟਕ ਦਿੱਤਾ ਅਤੇ ਫਿਰ ਉਸ ਨੂੰ ਚੁੱਕ ਕੇ ਕੂੜੇਦਾਨ ’ਚ ਸੁੱਟ ਦਿੱਤਾ।
ਡੀ. ਐੱਚ. ਐੱਸ. ਸਹਾਇਕ ਸਕੱਤਰ ਟ੍ਰਿਸ਼ੀਆ ਮੈਕਲਾਘਲੀ ਨੇ ਸਾਬਕਾ ਬਾਈਡੇਨ ਪ੍ਰਸ਼ਾਸਨ ’ਤੇ ਇਕ ਬਿਨਾਂ ਦਸਤਾਵੇਜ਼ਾਂ ਵਾਲੇ ਪ੍ਰਵਾਸੀ ਨੂੰ ਦੇਸ਼ ’ਚ ਆਉਣ ਦੀ ਇਜਾਜ਼ਤ ਦੇਣ ਦਾ ਦੋਸ਼ ਲਾਇਆ ਹੈ।
ਉਨ੍ਹਾਂ ਕਿਹਾ ਕਿ, ‘ਯੋਰਡਾਨਿਸ ਕੋਬੋਸ-ਮਾਰਟੀਨੇਜ਼ ਦੁਆਰਾ ਇਕ ਮੋਟਲ ਵਿਚ ਪੀੜਤ ਦਾ ਇਹ ਭਿਆਨਕ ਤਰੀਕੇ ਨਾਲ ਕੀਤਾ ਗਿਆ ਕਤਲ ਰੋਕਿਆ ਜਾ ਸਕਦਾ ਸੀ ਜੇਕਰ ਇਸ ਅਪਰਾਧੀ ਗੈਰ-ਕਾਨੂੰਨੀ ਪ੍ਰਵਾਸੀ ਨੂੰ ਬਾਈਡੇਨ ਪ੍ਰਸ਼ਾਸਨ ਵੱਲੋਂ ਸਾਡੇ ਦੇਸ਼ ’ਚ ਰਿਹਾਅ ਨਾ ਕੀਤਾ ਜਾਂਦਾ।’
ਡੈਮੋਕ੍ਰੇਟ ਪ੍ਰਤੀਨਿਧੀ ਰੋ ਖੰਨਾ ਨੇ ਇਸ ਘਿਨਾਉਣੇ ਅਪਰਾਧ ਦੀ ਕੀਤੀ ਨਿੰਦਾ
ਕੈਲੀਫੋਰਨੀਆ ਤੋਂ ਡੈਮੋਕ੍ਰੇਟ ਪ੍ਰਤੀਨਿਧੀ ਰੋ ਖੰਨਾ ਨੇ ‘ਐਕਸ’ ’ਤੇ ਲਿਖਿਆ, ‘ਇਕ ਮਿਹਨਤੀ ਭਾਰਤੀ ਅਮਰੀਕੀ ਪ੍ਰਵਾਸੀ ਦਾ ਉਸ ਦੀ ਪਤਨੀ ਅਤੇ ਪੁੱਤਰ ਦੇ ਸਾਹਮਣੇ ਬੇਰਹਿਮੀ ਨਾਲ ਸਿਰ ਕਲਮ ਕਰਨਾ ਭਿਆਨਕ ਹੈ। ਕਾਤਲ ਨੂੰ ਪਹਿਲਾਂ ਵੀ ਹਿੰਸਾ, ਚੋਰੀ ਅਤੇ ਬੱਚਿਆਂ ਨੂੰ ਖਤਰੇ ’ਚ ਪਾਉਣ ਲਈ ਕਈ ਵਾਰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਕੋਲ ਕੋਈ ਦਸਤਾਵੇਜ਼ ਵੀ ਨਹੀਂ ਸੀ। ਉਸ ਨੂੰ ਅਮਰੀਕੀ ਸੜਕਾਂ ’ਤੇ ਖੁੱਲ੍ਹਾ ਘੁੰਮਣ ਨਹੀਂ ਦੇਣਾ ਚਾਹੀਦਾ ਸੀ।’
Credit : www.jagbani.com