ਸਪੋਰਟਸ ਡੈਸਕ- ਐਤਵਾਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਦਾ ਮਹਾਮੁਕਾਬਲਾ ਖੇਡਿਆ ਗਿਆ। ਇਸ ਮੈਚ 'ਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ। ਇਸ ਮਗਰੋਂ ਜਦੋਂ ਮੈਚ ਖ਼ਤਮ ਹੋਇਆ ਤਾਂ ਭਾਰਤੀ ਖਿਡਾਰੀਆਂ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਅਜਿਹਾ ਪਹਿਲਗਾਮ ਹਮਲੇ ਕਾਰਨ ਕੀਤਾ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਸਥਿਤੀ ਕਾਫ਼ੀ ਤਣਾਅਪੂਰਨ ਬਣੀ ਹੋਈ ਹੈ।
ਮੈਚ ਤੋਂ ਬਾਅਦ ਭਾਰਤੀ ਖਿਡਾਰੀਆਂ ਵੱਲੋਂ ਆਪਣੇ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰਨ 'ਤੇ ਪਾਕਿਸਤਾਨ ਨੇ ਏਸ਼ੀਅਨ ਕ੍ਰਿਕਟ ਕੌਂਸਲ (ਏ.ਸੀ.ਸੀ.) ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਐਤਵਾਰ ਦੇਰ ਰਾਤ ਜਾਰੀ ਇੱਕ ਬਿਆਨ ਵਿੱਚ, ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਟੀਮ ਦੀ 7 ਵਿਕਟਾਂ ਦੀ ਜਿੱਤ ਤੋਂ ਬਾਅਦ ਭਾਰਤੀ ਟੀਮ ਦੇ ਵਿਵਹਾਰ ਨੂੰ "ਖੇਡ ਭਾਵਨਾ ਦੇ ਖ਼ਿਲਾਫ਼" ਕਰਾਰ ਦਿੱਤਾ।

ਪੀ.ਸੀ.ਬੀ. ਦੇ ਬਿਆਨ ਵਿੱਚ ਕਿਹਾ ਗਿਆ ਹੈ, "ਟੀਮ ਮੈਨੇਜਰ ਨਵੀਦ ਚੀਮਾ ਨੇ ਭਾਰਤੀ ਖਿਡਾਰੀਆਂ ਦੇ ਹੱਥ ਨਾ ਮਿਲਾਉਣ ਦੇ ਵਿਵਹਾਰ ਦਾ ਸਖ਼ਤ ਵਿਰੋਧ ਦਰਜ ਕਰਵਾਇਆ। ਇਸ ਨੂੰ ਅਣਉਚਿਤ ਅਤੇ ਖੇਡ ਭਾਵਨਾ ਦੇ ਵਿਰੁੱਧ ਮੰਨਿਆ ਗਿਆ। ਵਿਰੋਧ ਵਿੱਚ, ਅਸੀਂ ਆਪਣੇ ਕਪਤਾਨ ਨੂੰ ਮੈਚ ਤੋਂ ਬਾਅਦ ਦੇ ਇਨਾਮ ਵੰਡ ਸਮਾਰੋਹ ਵਿੱਚ ਨਹੀਂ ਭੇਜਿਆ।"
ਇਸ ਮਾਮਲੇ ਬਾਰੇ ਬੋਲਦਿਆਂ ਭਾਰਤੀ ਕਪਤਾਨ ਸੂਰਿਆਕੁਮਾਰ ਨੇ ਕਿਹਾ ਕਿ ਵਿਰੋਧੀ ਟੀਮ ਦੇ ਖਿਡਾਰੀਆਂ ਨਾਲ ਹੱਥ ਨਾ ਮਿਲਾਉਣ ਦਾ ਫੈਸਲਾ ਅਪ੍ਰੈਲ ਵਿੱਚ ਪਹਿਲਗਾਮ ਅੱਤਵਾਦੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਨਾਲ ਇਕਜੁੱਟਤਾ ਦਿਖਾਉਣ ਦਾ ਉਨ੍ਹਾਂ ਦਾ ਤਰੀਕਾ ਹੈ।

ਜ਼ਿਕਰਯੋਗ ਹੈ ਕਿ ਕਸ਼ਮੀਰ ਵਿੱਚ ਹੋਏ ਕਾਇਰਤਾਪੂਰਨ ਹਮਲੇ ਅਤੇ ਉਸ ਤੋਂ ਬਾਅਦ ਮਈ ਵਿੱਚ ਸਰਹੱਦ ਪਾਰ ਅੱਤਵਾਦੀ ਢਾਂਚੇ 'ਤੇ ਭਾਰਤ ਦੁਆਰਾ ਸ਼ੁਰੂ ਕੀਤੇ ਗਏ 'ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ ਪਹਿਲੀ ਵਾਰ, ਦੋਵੇਂ ਕੱਟੜ ਵਿਰੋਧੀ ਕ੍ਰਿਕਟ ਦੇ ਮੈਦਾਨ 'ਤੇ ਆਹਮੋ-ਸਾਹਮਣੇ ਸਨ। ਮੈਚ ਇੱਕ ਪਾਸੜ ਸੀ ਅਤੇ ਭਾਰਤ ਨੇ ਖੇਡ ਦੇ ਹਰ ਵਿਭਾਗ ਵਿੱਚ ਪਾਕਿਸਤਾਨ ਨੂੰ ਪਛਾੜਿਆ ਤੇ ਹਰਾਇਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com