ਜਲੰਧਰ- ਪੰਜਾਬ ਦੇ ਕਿਸਾਨਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਜਲੰਧਰ ਸਮੇਤ ਕਈ ਜ਼ਿਲ੍ਹਿਆਂ ਵਿਚ ਕੰਬਾਈਨਾਂ ਨਾਲ ਝੋਨੇ ਦੀ ਕਟਾਈ ਨੂੰ ਲੈ ਕੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਵੱਡੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕੰਬਾਈਨ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ ਵਿਚ ਕੋਈ ਵੀ ਕੰਬਾਈਨ ਬਿਨਾਂ ਸੁਪਰ ਐੱਸ. ਐੱਮ. ਐੱਸ. ਦੇ ਨਹੀਂ ਚਲਾਈ ਜਾਵੇਗੀ। ਇਸ ਤੋਂ ਇਲਾਵਾ ਕੰਬਾਈਨਾਂ ਨਾਲ ਝੋਨੇ ਦੀ ਕਟਾਈ ਸਿਰਫ਼ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਹੀ ਕਰਨ ਦੀ ਆਗਿਆ ਹੋਵੇਗੀ।
ਡੀ. ਸੀ. ਨੇ ਕੰਬਾਈਨ ਮਾਲਕਾਂ ਨੂੰ ਹਦਾਇਤ ਕੀਤੀ ਕਿ ਝੋਨਾ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਹੀ ਉਸ ਦੀ ਕਟਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਵੇਖਿਆ ਜਾਂਦਾ ਹੈ ਕਿ ਕੰਬਾਈਨ ਨਾਲ ਰਾਤ ਦੇ ਸਮੇਂ ਹਰੀ-ਗਿੱਲੀ ਫਸਲ, ਜੋ ਪੂਰੀ ਤਰ੍ਹਾਂ ਸੁੱਕੀ ਨਹੀਂ ਹੁੰਦੀ, ਉਸ ਦੀ ਕਟਾਈ ਕਰ ਲਈ ਜਾਂਦੀ ਹੈ, ਜਿਸ ਨਾਲ ਝੋਨੇ ਵਿਚ ਨਮੀ ਦੀ ਮਾਤਰਾ ਵਧ ਜਾਂਦੀ ਹੈ ਅਤੇ ਕਿਸਾਨਾਂ ਨੂੰ ਮੰਡੀ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੰਬਾਈਨ ਮਾਲਕਾਂ ਨੂੰ ਸਿਰਫ਼ ਉਦੋਂ ਹੀ ਫ਼ਸਲ ਦੀ ਕਟਾਈ ਲਈ ਅੱਗੇ ਆਉਣਾ ਚਾਹੀਦਾ ਹੈ, ਜਦੋਂ ਝੋਨੇ ਵਿਚ ਨਮੀ ਦੀ ਮਾਤਰਾ ਢੁੱਕਵੀਂ ਹੋਵੇ। ਉਨ੍ਹਾਂ ਕੰਬਾਈਨ ਮਾਲਕਾਂ ਨੂੰ ਝੋਨੇ ਦੀ ਕਟਾਈ ਦੌਰਾਨ ਕੰਬਾਈਨ ਹਾਰਵੈਸਟਰ ’ਤੇ ਸੁਪਰ ਐੱਸ. ਐੱਮ. ਐੱਸ. ਲਾਉਣ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਵਿਚ ਸਹੂਲਤ ਹੋਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਜੇਕਰ ਕੋਈ ਉਲੰਘਣਾ ਪਾਈ ਜਾਂਦੀ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਬੰਧਤ ਕੰਬਾਈਨ ਮਾਲਕ ਵਿਰੁੱਧ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਖੇਤੀਬਾੜੀ ਵਿਭਾਗ ਵੱਲੋਂ ਕੰਬਾਈਨ ਮਾਲਕਾਂ ਨਾਲ ਮੀਟਿੰਗਾਂ ਕਰ ਕੇ ਉਨ੍ਹਾਂ ਨੂੰ ਝੋਨੇ ਦੀ ਕਟਾਈ ਨਾਲ ਸੰਬੰਧਤ ਹਦਾਇਤਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਵੀ ਇਸ ਸਬੰਧ ਵਿਚ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਬਿਨਾਂ ਸੁਪਰ ਐੱਸ. ਐੱਮ. ਐੱਸ. ਲੱਗੀਆਂ ਕੰਬਾਈਨਾਂ ਚਲਾਉਣ ’ਤੇ ਪਾਬੰਦੀ
ਨਵਾਂਸ਼ਹਿਰ (ਤ੍ਰਿਪਾਠੀ)-ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟ੍ਰੇਟ ਅੰਕੁਰਜੀਤ ਸਿੰਘ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲੇ ਵਿਚ ਝੋਨੇ ਦੀ ਕਟਾਈ ਲਈ ਬਿਨਾਂ ਸੁਪਰ ਐੱਸ.ਐੱਮ.ਐੱਸ. ਲੱਗੀਆਂ ਕੰਬਾਈਨਾਂ ਚਲਾਉਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਕੰਬਾਈਨ ਚਲਾਉਂਦੇ ਸਮੇਂ ਸੁਪਰ ਐੱਸ. ਐੱਮ. ਐੱਸ. ਦੇ ਪੱਖੇ ਲਾਜ਼ਮੀ ਤੌਰ ’ਤੇ ਚੱਲਦੇ ਰੱਖੇ ਜਾਣੇ ਹਨ। ਕੰਬਾਈਨ ਮਾਲਕਾਂ ਵੱਲੋਂ ਸ਼ਾਮ 6 ਤੋਂ ਸਵੇਰੇ 10 ਵਜੇ ਤੱਕ ਝੋਨੇ ਦੀ ਕਟਾਈ ਨਹੀਂ ਕੀਤੀ ਜਾਵੇਗੀ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਝੋਨੇ ਦੀ ਰਹਿੰਦ, ਪਰਾਲੀ ਨੂੰ ਸਾੜਨ ’ਤੇ ਮੁਕੰਮਲ ਪਾਬੰਦੀ ਰਹੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਪਰਾਲੀ, ਫ਼ਸਲਾਂ ਦੀ ਰਹਿੰਦ-ਖੂੰਹਦ ਅਤੇ ਨਾੜ ਨੂੰ ਖ਼ੇਤਾਂ ਵਿਚ ਅੱਗ ਨਾ ਲਾਈ ਜਾਵੇ ਜਿਸ ਨਾਲ ਖੇਤਾਂ ਦੀ ਉਪਜਾਊ ਸ਼ਕਤੀ ਬਰਕਰਾਰ ਰੱਖੀ ਜਾ ਸਕੇ। ਜਾਰੀ ਹੁਕਮਾਂ ਅਨੁਸਾਰ ਅਕਸਰ ਝੋਨੇ ਦੀ ਕਟਾਈ ਕੰਬਾਈਨਾਂ ਨਾਲ ਕੀਤੀ ਜਾਂਦੀ ਹੈ ਅਤੇ ਕੰਬਾਇਨ ਮਾਲਕ, ਕਿਸਾਨਾਂ ਨੂੰ ਝੋਨੇ ਦੀ ਕਟਾਈ ਦੇ ਸਹੀ ਸਮੇਂ ਬਾਰੇ ਜਾਣਕਾਰੀ ਨਹੀਂ ਦਿੰਦੇ। ਜ਼ਿਮੀਦਾਰਾਂ ਵੱਲੋਂ ਜਦੋਂ ਵੀ ਕੰਬਾਈਨ ਉਪਲਬੱਧ ਹੁੰਦੀ ਹੈ, ਉਸ ਸਮੇਂ ਝੋਨੇ ਦੀ ਕਟਾਈ ਕਰ ਲਈ ਜਾਂਦੀ ਹੈ, ਭਾਵੇ ਉਸ ਵੇਲੇ ਰਾਤ ਹੋਵੇ। ਇਸ ਤਰ੍ਹਾਂ ਜ਼ਿੰਮੀਦਾਰਾਂ ਵੱਲੋਂ ਅਣ-ਪੱਕਿਆ ਅਤੇ ਨਮੀ ਵਾਲੇ ਝੋਨੇ ਦੀ ਕਟਾਈ ਕਰਵਾ ਲਈ ਜਾਂਦੀ ਹੈ। ਅਜਿਹੇ ਝੋਨੇ ਨੂੰ ਖ਼ਰੀਦਣ ਲਈ ਖ਼ਰੀਦ ਏਜੰਸੀਆਂ ਗੁਰੇਜ਼ ਕਰਦੀਆਂ ਹਨ, ਜਿਸ ਨਾਲ ਜ਼ਿੰਮੀਦਾਰਾਂ ਨੂੰ ਅੋਕੜ ਪੇਸ਼ ਆਉਂਦੀ ਹੈ, ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਸਾਰੇ ਕੰਬਾਈਨ ਮਾਲਕ, ਜ਼ਿੰਮੀਦਾਰਾਂ/ਕਿਸਾਨਾਂ ਵੱਲੋਂ ਝੋਨੇ ਦੀ ਕਟਾਈ ਕਰਨ ਸਮੇਂ ਕੰਬਾਈਨਾਂ ਦੇ ਸੁਪਰ ਐੱਸ. ਐੱਮ. ਐੱਸ. ਵਿਚ ਉਪਲੱਬਧ ਪੱਖਿਆਂ ਨੂੰ ਚਾਲੂ ਹਾਲਤ ਵਿਚ ਰੱਖਿਆ ਜਾਵੇਗਾ ਅਤੇ ਬਿਨ੍ਹਾਂ ਸੁਪਰ ਐੱਸ. ਐੱਮ. ਐੱਸ. ਲੱਗੀਆਂ ਕੰਬਾਈਨਾਂ ਚਲਾਉਣ ’ਤੇ ਪੂਰਨ ਰੋਕ ਰਹੇਗੀ। ਇਸੇ ਤਰ੍ਹਾਂ ਝੋਨੇ ਦੀ ਕਟਾਈ ਤੋਂ ਬਾਅਦ ਬਚ ਗਈ ਰਹਿੰਦ ਖੂੰਹਦ/ਪਰਾਲੀ ਨੂੰ ਖੇਤਾਂ ਵਿਚ ਅੱਗ ਲਾਉਣ ਨਾਲ ਵਾਤਾਵਰਣ, ਜੀਵ ਜੰਤੂਆਂ, ਲਾਗੇ ਖੜੀ ਫਸਲ, ਸੜਕ ਦੇ ਕਿਨਾਰੇ ਲਗਾਏ ਬੂਟੇ/ਦਰਖਤਾਂ ਨੂੰ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ ਅਤੇ ਮਨੁੱਖੀ ਸਿਹਤ ’ਤੇ ਬੁਰਾ ਅਸਰ ਪੈਣ ਦੇ ਨਾਲ-ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ। ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਜ਼ਿਲੇ ਦੀ ਹਦੂਦ ਅੰਦਰ ਝੋਨੇ ਦੀ ਰਹਿੰਦ ਖੂੰਹਦ/ਪਰਾਲੀਨੂੰ ਅੱਗ ਲਗਾਉਣ ’ਤੇ ਪਾਬੰਦੀ ਰਹੇਗੀ। ਇਹ ਹੁਕਮ 14 ਨਵੰਬਰ 2025 ਤੱਕ ਲਾਗੂ ਰਹਿਣਗੇ।
ਡੀ.ਸੀ ਨੇ ਕਿਸਾਨਾਂ ਨੂੰ ਅਨਾਜ ਮੰਡੀਆਂ ਵਿੱਚ ਸੁੱਕਾ ਝੋਨਾ ਲਿਆਉਣ ਦੀ ਕੀਤੀ ਅਪੀਲ
ਰਾਏਕੋਟ (ਭੱਲਾ) ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਸਾਨਾਂ ਨੂੰ 16 ਸਤੰਬਰ ਤੋਂ ਸ਼ੁਰੂ ਹੋ ਰਹੀ ਝੋਨੇ ਦੀ ਸੁਚਾਰੂ ਖ਼ਰੀਦ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਅਨਾਜ ਮੰਡੀਆਂ ਵਿੱਚ ਸਿਰਫ਼ 17 ਫ਼ੀਸਦੀ ਜਾਂ ਇਸ ਤੋਂ ਘੱਟ ਨਮੀ ਵਾਲਾ ਸੁੱਕਾ ਝੋਨਾ ਲਿਆਉਣ ਲਈ ਕਿਹਾ।ਹਿਮਾਂਸ਼ੂ ਜੈਨ ਨੇ ਕਿਹਾ ਕਿ ਝੋਨੇ ਦੇ ਸੁਚਾਰੂ ਸੀਜ਼ਨ ਨੂੰ ਯਕੀਨੀ ਬਣਾਉਣ ਲਈ ਕੰਬਾਈਨ ਹਾਰਵੈਸਟਰਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਚਲਾਉਣ ਦੇ ਆਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪ੍ਰਸ਼ਾਸਨ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਸਖ਼ਤ ਕਾਰਵਾਈ ਕਰੇਗਾ ਅਤੇ ਕੰਬਾਈਨਾਂ ਨੂੰ ਜ਼ਬਤ ਕਰ ਲਿਆ ਜਾਵੇਗਾ। ਉਨ੍ਹਾਂ ਨੇ 17 ਫ਼ੀਸਦੀ ਜਾਂ ਇਸ ਤੋਂ ਘੱਟ ਨਮੀ ਵਾਲਾ ਝੋਨਾ ਅਨਾਜ ਮੰਡੀਆਂ ਵਿੱਚ ਲਿਆਉਣ ਦੀ ਜ਼ਰੂਰਤ ''ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਨੂੰ ਝੋਨਾ ਵੇਚਣ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ।ਹਿਮਾਂਸ਼ੂ ਜੈਨ ਨੇ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਝੋਨੇ ਦੀ ਸੁਚਾਰੂ ਖਰੀਦ ਨੂੰ ਯਕੀਨੀ ਬਣਾਉਣ ਲਈ ਅਨਾਜ ਮੰਡੀਆਂ ਅਤੇ ਅਸਥਾਈ ਯਾਰਡਾਂ ਵਿੱਚ ਸਾਰੇ ਜ਼ਰੂਰੀ ਪ੍ਰਬੰਧ ਯਕੀਨੀ ਬਣਾਉਣ ਲਈ ਵੀ ਕਿਹਾ। ਜ਼ਿਲ੍ਹਾ ਪ੍ਰਸ਼ਾਸਨ ਕੋਲ 108 ਅਨਾਜ ਮੰਡੀਆਂ ਅਤੇ 79 ਅਸਥਾਈ ਯਾਰਡ ਹਨ।ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਖ਼ਰੀਦ ਸੀਜ਼ਨ ਦੌਰਾਨ ਝੋਨੇ ਦੇ ਇੱਕ-ਇੱਕ ਦਾਣੇ ਨੂੰ ਸੁਚਾਰੂ ਅਤੇ ਮੁਸ਼ਕਿਲ ਰਹਿਤ ਢੰਗ ਨਾਲ ਚੁੱਕੇਗੀ।
ਪਟਿਆਲਾ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਨਵੇਂ ਹੁਕਮ ਜਾਰੀ
ਪਟਿਆਲਾ (ਮਨਦੀਪ ਜੋਸਨ, ਰਾਜੇਸ਼ ਪੰਜੌਲਾ, ਰਾਣਾ)- ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਮੈਡਮ ਸਿਮਰਪ੍ਰੀਤ ਨੇ ਜ਼ਿਲ੍ਹੇ ਅੰਦਰ ਫ਼ਸਲਾਂ ਨੂੰ ਰਹਿੰਦ-ਖੂੰਹਦ ਨੂੰ ਅੱਗ ਲਾਉਣ ਤੋਂ ਰੋਕਣ ਸਬੰਧੀ ਹੁਕਮ ਜਾਰੀ ਕੀਤੇ ਹਨ। ਏ. ਡੀ. ਸੀ. ਨੇ ਨਵਾਂ ਅਸਲਾ ਲਾਇਸੈਂਸ ਅਤੇ ਪੁਰਾਣਾ ਨਵਿਆਉਣ ਮੌਕੇ ਜ਼ਮੀਨੀ ਰਿਕਾਰਡ ਦੀ ਪੜਤਾਲ ਕਰਕੇ ਹੀ ਅਸਲਾ ਲਾਇਸੈਂਸ ਦੇਣ ਜਾਂ ਨਵਿਆਉਣ ਦੀ ਅਗਲੇਰੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਹੁਕਮ ਮੁਤਾਬਕ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਵਾਲਿਆਂ ਦੇ ਨਵੇਂ ਅਸਲਾ ਲਾਇਸੈਂਸ ਨਹੀਂ ਬਣਾਏ ਜਾਣਗੇ ਅਤੇ ਨਾ ਹੀ ਪੁਰਾਣੇ ਅਸਲਾ ਲਾਇਸੈਂਸੀ ਦੇ ਲਾਇਸੈਂਸ ਦਾ ਨਵੀਨੀਕਰਨ ਕੀਤਾ ਜਾਵੇਗਾ।
ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ’ਤੇ ਪਾਬੰਦੀ
ਵਧੀਕ ਜ਼ਿਲ੍ਹਾ ਮੈਜਿਸਟਰੇਟ ਸਿਮਰਪ੍ਰੀਤ ਨੇ ਜ਼ਿਲ੍ਹੇ ’ਚ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਹੈ। ਜਾਰੀ ਹੁਕਮਾਂ ’ਚ ਕਿਹਾ ਗਿਆ ਕਿ ਝੋਨੇ ਦੀ ਫ਼ਸਲ ਕੱਟਣ ਉਪਰੰਤ ਜ਼ਮੀਨ ਮਾਲਕਾਂ ਵੱਲੋਂ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਦਿੱਤੀ ਜਾਂਦੀ ਹੈ, ਜਿਸ ਨਾਲ ਹਵਾ ’ਚ ਧੂੰਏਂ ਨਾਲ ਬਹੁਤ ਪ੍ਰਦੂਸ਼ਣ ਫੈਲਦਾ ਹੈ ਅਤੇ ਵਾਤਾਵਰਣ ’ਤੇ ਮਾੜਾ ਅਸਰ ਪੈਂਦਾ ਹੈ। ਝੋਨੇ ਆਦਿ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਕਾਰਨ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ। ਇਸ ਤਰ੍ਹਾਂ ਨਾਲ ਲੋਕਾਂ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਖਤਰਾ ਪੈਦਾ ਹੋ ਸਕਦਾ ਹੈ। ਇਹ ਹੁਕਮ ਜ਼ਿਲ੍ਹੇ ’ਚ 11 ਨਵੰਬਰ 2025 ਤੱਕ ਲਾਗੂ ਰਹਿਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com