ਜਲੰਧਰ- ਜਲੰਧਰ ਦੇ ਬਹੁ-ਚਰਚਿਤ ਰਿਸ਼ਵਤ ਕਾਂਡ ਵਿੱਚ ਵਿਜੀਲੈਂਸ ਵਿਭਾਗ ਦੇ ਡੀ. ਐੱਸ. ਪੀ. ਅਰਮਿੰਦਰ ਸਿੰਘ 'ਤੇ ਵੱਡੀ ਗਾਜ ਡਿੱਗੀ ਹੈ। ਡੀ. ਐੱਸ. ਪੀ. ਅਰਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਚਰਚਾ ਹੈ ਕਿ ਇਹ ਕਾਰਵਾਈ ਵਿਧਾਇਕ ਰਮਨ ਅਰੋੜਾ ਨਾਲ ਜੁੜੇ ਕੇਸ ਵਿੱਚ ਹੋਈ ਹੈ। ਡੀ. ਐੱਸ. ਪੀ. ਅਰਮਿੰਦਰ ਸਿੰਘ ਉਹੀ ਅਧਿਕਾਰੀ ਹਨ, ਜਿਨ੍ਹਾਂ ਨੇ ਵਿਧਾਇਕ ਰਮਨ ਅਰੋੜਾ ਦੀ ਨੂੰਹ ਸਾਕਸ਼ੀ ਅਰੋੜਾ ਨੂੰ ਸੰਮਨ ਭੇਜਿਆ ਸੀ। ਹਾਲਾਂਕਿ ਡੀ. ਐੱਸ. ਪੀ. ਅਰਮਿੰਦਰ ਸਿੰਘ ਨੂੰ ਮੁਅੱਤਲ ਕਰਨ ਦਾ ਕਾਰਨ ਡਿਊਟੀ ਵਿੱਚ ਕੁਤਾਹੀ ਵਰਤਣਾ ਦੱਸਿਆ ਗਿਆ ਹੈ। ਵਿਭਾਗ ਵੱਲੋਂ ਇਸ ਸਬੰਧੀ ਕੋਈ ਸਪੱਸ਼ਟ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਡੀ. ਐੱਸ. ਪੀ. ਅਰਮਿੰਦਰ ਨੂੰ ਹੁਣ ਅੰਮ੍ਰਿਤਸਰ ਦੀ ਪੀ. ਏ. ਪੀ. 9ਵੀਂ ਬਟਾਲੀਅਨ ਵਿੱਚ ਤਾਇਨਾਤ ਕੀਤਾ ਗਿਆ ਹੈ।
ਅੱਜ ਕੋਰਟ 'ਚ ਅਹਿਮ ਸੁਣਵਾਈ
ਇਸ ਪੂਰੇ ਮਾਮਲੇ ਵਿੱਚ ਅੱਜ ਕੋਰਟ ਵਿੱਚ ਅਹਿਮ ਸੁਣਵਾਈ ਹੋਣੀ ਹੈ। ਮੰਨਿਆ ਜਾ ਰਿਹਾ ਹੈ ਕਿ ਡੀ. ਐੱਸ. ਪੀ. ਦੀ ਮੁਅੱਤਲੀ ਅਤੇ ਵਿਜੀਲੈਂਸ ਜਾਂਚ ਦੀ ਦਿਸ਼ਾ ਨੂੰ ਲੈ ਕੇ ਅਦਾਲਤ ਵਿੱਚ ਕਈ ਨਵੇਂ ਸਵਾਲ ਉੱਠ ਸਕਦੇ ਹਨ। ਡੀ. ਐੱਸ. ਪੀ. ਅਰਮਿੰਦਰ ਸਿੰਘ ਦਾ ਅਚਾਨਕ ਹਟਣਾ ਅਤੇ ਜਾਂਚ ਦੀ ਰਫ਼ਤਾਰ 'ਤੇ ਬ੍ਰੇਕ ਲੱਗਣਾ ਇਸ ਕੇਸ ਨੂੰ ਹੋਰ ਸੰਵੇਦਨਸ਼ੀਲ ਬਣਾ ਰਿਹਾ ਹੈ।
ਨੂੰਹ ਨੂੰ ਸੰਮਨ ਭੇਜਣ ਦਾ ਕਾਰਨ
ਵਿਜੀਲੈਂਸ ਟੀਮ ਨੇ ਜਾਂਚ ਵਿੱਚ ਪਾਇਆ ਕਿ ਵਿਧਾਇਕ ਰਮਨ ਅਰੋੜਾ ਦੇ ਸਾਢੂੰ ਰਾਜਨ ਕਪੂਰ ਦੇ ਬੇਟੇ ਹਿਤੇਸ਼ ਕਪੂਰ ਅਤੇ ਉਨ੍ਹਾਂ ਦੀ ਨੂੰਹ ਸਾਕਸ਼ੀ ਅਰੋੜਾ ਦੀ ਫਰਮ 'ਸ੍ਰੀ ਸ਼ਿਆਮ ਟੈਕਸਟਾਈਲਜ਼' ਵਿੱਚ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਹੈ। ਇਹ ਫਰਮ 2021 ਵਿੱਚ ਸ਼ੁਰੂ ਹੋਈ ਸੀ ਅਤੇ ਤਿੰਨ ਸਾਲਾਂ ਵਿੱਚ ਇਸਦਾ ਟਰਨਓਵਰ 4.42 ਕਰੋੜ ਰੁਪਏ ਤੋਂ ਵਧ ਕੇ 7.39 ਕਰੋੜ ਰੁਪਏ ਤੱਕ ਪਹੁੰਚ ਗਿਆ ਸੀ।
ਫੰਡ ਦੇ ਸਰੋਤ ਅਤੇ ਬੈਂਕਿੰਗ ਟ੍ਰਾਂਜੈਕਸ਼ਨ ਦੀ ਜਾਂਚ ਲਈ ਹੀ ਸਾਕਸ਼ੀ ਅਰੋੜਾ ਨੂੰ ਸੰਮਨ ਭੇਜਿਆ ਗਿਆ ਸੀ। ਵਿਜੀਲੈਂਸ ਨੂੰ 2021 ਤੋਂ 2025 ਦੇ ਵਿਚਕਾਰ ਮਦਾਨ ਕਾਰਡਸ, ਜਗਦੰਬੇ ਫੈਸ਼ਨ ਅਤੇ ਸ੍ਰੀ ਸ਼ਿਆਮ ਟੈਕਸਟਾਈਲਜ਼ ਵਰਗੀਆਂ ਕੰਪਨੀਆਂ ਵਿੱਚ ਕਰੋੜਾਂ ਦੇ ਟ੍ਰਾਂਜੈਕਸ਼ਨ ਮਿਲੇ ਹਨ। ਇਸ ਤੋਂ ਇਲਾਵਾ ਕਾਰੋਬਾਰੀ ਮਹੇਸ਼ ਕਾਲੜਾ ਨੇ ਵਿਧਾਇਕ ਦੀ ਪਤਨੀ ਦੇ ਖ਼ਾਤੇ ਵਿੱਚ 15 ਲੱਖ ਰੁਪਏ ਜਮ੍ਹਾ ਕਰਵਾਏ ਸਨ।
- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
Credit : www.jagbani.com