ਨੈਸ਼ਨਲ ਡੈਸਕ- ਬੀਤੇ ਦਿਨ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ 'ਚ ਇਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ ਸੀ, ਜਦੋਂ ਇਕ ਏ.ਸੀ. ਬੱਸ 'ਚ ਅਚਾਨਕ ਅੱਗ ਲੱਗ ਜਾਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਅੱਗ 'ਚ ਸੜ ਜਾਣ ਕਾਰਨ ਰੂਹ ਕੰਬਾਊ ਮੌਤ ਹੋ ਗਈ ਸੀ। ਇਨ੍ਹਾਂ 'ਚ ਇਕ ਫੌਜੀ ਵੀ ਮੌਜੂਦ ਸੀ, ਜੋ ਕਿ ਆਪਣੇ ਪਰਿਵਾਰ ਨਾਲ ਦੀਵਾਲੀ ਦੀਆਂ ਛੁੱਟੀਆਂ ਮਨਾਉਣ ਜਾ ਰਿਹਾ ਸੀ।
ਫ਼ੌਜੀ ਮਹਿੰਦਰ ਮੇਘਵਾਲ ਜੈਸਲਮੇਰ ਦੇ ਆਰਮੀ ਡਿਪੂ ਵਿੱਚ ਤਾਇਨਾਤ ਸਨ। ਉਹ ਆਪਣੀ ਪਤਨੀ ਪਾਰਵਤੀ ਨਾਲ ਦੀਵਾਲੀ ਮਨਾਉਣ ਦੀਆਂ ਸਲਾਹਾਂ ਕਰਦੇ ਹੋਏ ਜੈਸਲਮੇਰ ਤੋਂ ਆਪਣੇ ਘਰ ਵੱਲ ਜਾ ਰਹੇ ਸਨ, ਪਰ ਇਸ ਭਿਆਨਕ ਹਾਦਸੇ ਨੇ ਉਨ੍ਹਾਂ ਦੀਆਂ ਖੁਸ਼ੀਆਂ ਖੋਹ ਲਈਆਂ।
ਮਹਿੰਦਰ ਦੀ ਬਜ਼ੁਰਗ ਮਾਂ, ਜੋ ਜੋਧਪੁਰ ਤੋਂ ਲਗਭਗ 100 ਕਿਲੋਮੀਟਰ ਦੂਰ ਡੇਚੂ ਪਿੰਡ ਵਿੱਚ ਆਪਣੇ ਨੂੰਹ-ਪੁੱਤ ਅਤੇ ਪੋਤੇ-ਪੋਤੀਆਂ ਦੀ ਉਡੀਕ ਕਰ ਰਹੀ ਸੀ, ਦਾ ਇੰਤਜ਼ਾਰ ਹੁਣ ਕਦੇ ਖ਼ਤਮ ਨਹੀਂ ਹੋਵੇਗਾ, ਕਿਉਂਕਿ ਉਸ ਦੇ ਨੂੰਹ-ਪੁੱਤ ਤੇ ਪੋਤੇ-ਪੋਤੀਆਂ ਹੁਣ ਕਦੇ ਵੀ ਨਹੀਂ ਆਉਣਗੇ।
ਹਾਦਸੇ ਮਗਰੋਂ ਅੱਗ ਲੱਗਣ ਕਾਰਨ ਲਾਸ਼ਾਂ ਦਾ ਆਲਮ ਇਹਸੀ ਕਿ ਉਨ੍ਹਾਂ ਨੂੰ ਪਛਾਨਣਾ ਵੀ ਬੇਹੱਦ ਮੁਸ਼ਕਲ ਹੋ ਰਿਹਾ ਹੈ, ਜਿਸ ਮਗਰੋਂ ਪੁਲਸ ਹੁਣ ਮ੍ਰਿਤਕਾਂ ਦੀ ਪਛਾਣ ਲਈ ਡੀ.ਐੱਨ.ਏ. ਸੈਂਪਲ ਲੈਣ ਦੀ ਤਿਆਰੀ ਕਰ ਰਹੀ ਹੈ। ਪੁਲਸ ਮਹਿੰਦਰ ਦੀ ਮਾਂ ਨੂੰ ਜੋਧਪੁਰ ਬੁਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਡੀ.ਐੱਨ.ਏ. ਟੈਸਟ ਲਈ ਸੈਂਪਲ ਲਿਆ ਜਾ ਸਕੇ। ਜੇਕਰ ਇਹ ਸੰਭਵ ਨਾ ਹੋ ਸਕਿਆ ਤਾਂ ਸੈਂਪਲ ਲੈਣ ਲਈ ਡਾਕਟਰਾਂ ਦੀ ਇੱਕ ਟੀਮ ਜੋਧਪੁਰ ਤੋਂ ਉਨ੍ਹਾਂ ਦੇ ਘਰ ਭੇਜੀ ਜਾਵੇਗੀ। ਪਰ ਇਸ ਭਿਆਨਕ ਹਾਦਸੇ ਨੇ ਇਕ ਹੱਸਦਾ-ਵੱਸਦਾ ਪਰਿਵਾਰ ਹੀ ਤਬਾਹ ਕਰ ਦਿੱਤਾ ਹੈ ਤੇ ਉਮਰ ਦੇ ਇਸ ਪੜਾਅ 'ਤੇ ਆ ਕੇ ਮਹਿੰਦਰ ਦੀ ਬਜ਼ੁਰਗ ਮਾਂ ਇਸ ਦੁਨੀਆ 'ਤੇ ਬਿਲਕੁਲ ਇਕੱਲੀ ਰਹਿ ਗਈ ਹੈ।
Credit : www.jagbani.com