ਗਯਾ : ਆਮ ਤੌਰ 'ਤੇ ਇਨਸਾਨ ਦੇ ਮਰਨ ਤੋਂ ਬਾਅਦ ਉਸਦੀ ਅੰਤਿਮ ਯਾਤਰਾ ਨਿਕਲਦੀ ਹੈ, ਪਰ ਬਿਹਾਰ ਦੇ ਗਯਾ ਜ਼ਿਲ੍ਹੇ ਦੇ ਗੁਰਾਰੂ ਬਲਾਕ ਦੇ ਕੋਂਚੀ ਪਿੰਡ ਵਿੱਚ ਇੱਕ ਅਜਿਹਾ ਅਨੋਖਾ ਦ੍ਰਿਸ਼ ਦੇਖਣ ਨੂੰ ਮਿਲਿਆ, ਜਿਸ ਨੇ ਸੈਂਕੜੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇੱਥੇ ਸਾਬਕਾ ਹਵਾਈ ਫੌਜ ਦੇ ਜਵਾਨ, 74 ਸਾਲਾ ਮੋਹਨ ਲਾਲ ਨੇ ਜੀਵਿਤ ਹੁੰਦਿਆਂ ਹੀ ਆਪਣੀ ਅੰਤਿਮ ਯਾਤਰਾ ਕੱਢ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਮੋਹਨ ਲਾਲ ਨੇ ਸਾਰਿਆਂ ਨੂੰ ਆਪਣੀ ਇਸ 'ਜੀਵਿਤ ਅੰਤਿਮ ਯਾਤਰਾ' ਦਾ ਸੱਦਾ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਦੀ ਯਾਤਰਾ ਵਿੱਚ ਸੈਂਕੜੇ ਲੋਕ ਸ਼ਾਮਲ ਹੋਏ। ਬੈਂਡ-ਬਾਜੇ ਅਤੇ 'ਰਾਮ ਨਾਮ ਸਤਿ ਹੈ' ਦੇ ਨਾਅਰਿਆਂ ਦੀ ਗੂੰਜ ਦੇ ਵਿਚਕਾਰ, ਮੋਹਨ ਲਾਲ ਫੁੱਲਾਂ ਅਤੇ ਮਾਲਾਵਾਂ ਨਾਲ ਸਜੀ ਅਰਥੀ 'ਤੇ ਲੰਮੇ ਪੈ ਕੇ ਹੀ ਮੁਕਤੀਧਾਮ (ਸ਼ਮਸ਼ਾਨ ਘਾਟ) ਤੱਕ ਪਹੁੰਚੇ। ਇਸ ਪੂਰੇ ਮਾਹੌਲ ਨੂੰ ਹੋਰ ਵੀ ਜ਼ਿਆਦਾ ਗ਼ਮਗੀਨ ਬਣਾਉਂਦੇ ਹੋਏ, ਅਰਥੀ ਦੇ ਪਿੱਛੇ-ਪਿੱਛੇ 'ਚਲ ਉਡ ਜਾ ਰੇ ਪੰਛੀ, ਅਬ ਦੇਸ਼ ਹੂਆ ਬੇਗਾਨਾ' ਦੀ ਧੁਨ ਵਜ ਰਹੀ ਸੀ। ਖਬਰ ਤਾਂ ਇਹ ਵੀ ਮਿਲੀ ਹੈ ਕਿ ਜਦ ਉਨ੍ਹਾਂ ਦੀ ਦੇਹ ਨੂੰ ਚਿਖਾ ਤੇ ਪਾਇਆ ਗਿਆ ਤਾਂ ਉਹ ਉੱਠ ਖੜ੍ਹੇ ਹੋਏ।
ਮੋਹਨ ਲਾਲ ਨੇ ਇਸ ਅਜੀਬ ਕਦਮ ਦੀ ਵਜ੍ਹਾ ਦੱਸਦੇ ਹੋਏ ਕਿਹਾ ਕਿ ਇਨਸਾਨ ਜਦੋਂ ਮਰ ਜਾਂਦਾ ਹੈ, ਤਾਂ ਉਹ ਇਹ ਨਹੀਂ ਦੇਖ ਸਕਦਾ ਕਿ ਉਸਦੀ ਅੰਤਿਮ ਯਾਤਰਾ ਵਿੱਚ ਕੌਣ-ਕੌਣ ਸ਼ਾਮਲ ਹੋਇਆ। ਉਹ ਖੁਦ ਇਹ ਦੇਖਣਾ ਚਾਹੁੰਦੇ ਸਨ ਕਿ ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਕਿਹੜੇ-ਕਿਹੜੇ ਲੋਕ ਸ਼ਾਮਲ ਹੁੰਦੇ ਹਨ, ਅਤੇ ਉਹ ਇਹ ਜਾਣਨਾ ਚਾਹੁੰਦੇ ਸਨ ਕਿ ਲੋਕ ਉਨ੍ਹਾਂ ਨੂੰ ਕਿੰਨਾ ਸਨਮਾਨ ਅਤੇ ਸਨੇਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਮਰਨ ਤੋਂ ਬਾਅਦ ਲੋਕ ਅਰਥੀ ਚੁੱਕਦੇ ਹਨ, ਪਰ ਉਹ ਚਾਹੁੰਦੇ ਸਨ ਕਿ ਇਹ ਦ੍ਰਿਸ਼ ਉਹ ਖੁਦ ਆਪਣੀਆਂ ਅੱਖਾਂ ਨਾਲ ਦੇਖਣ।
ਮੁਕਤੀਧਾਮ ਪਹੁੰਚਣ ਤੋਂ ਬਾਅਦ ਵੀ ਰਸਮਾਂ ਜਾਰੀ ਰਹੀਆਂ। ਉੱਥੇ ਪਹੁੰਚ ਕੇ ਮੋਹਨ ਲਾਲ ਨੂੰ ਅਰਥੀ ਤੋਂ ਚੁੱਕ ਕੇ ਚਿਖਾ 'ਤੇ ਪਾਇਆ ਗਿਆ, ਜਿਥੇ ਉਹ ਉੱਠ ਖੜ੍ਹੇ ਹੋਏ ਅਤੇ ਫਿਰ ਉਨ੍ਹਾਂ ਦੀ ਜਗ੍ਹਾ 'ਤੇ ਇੱਕ ਪ੍ਰਤੀਕਾਤਮਕ ਪੁਤਲਾ ਜਲਾਇਆ ਗਿਆ। ਇਸ ਦੌਰਾਨ ਸਾਰੇ ਨਿਯਮਾਂ ਅਤੇ ਵਿਧੀ ਵਿਧਾਨਾਂ ਦਾ ਪਾਲਣ ਕੀਤਾ ਗਿਆ, ਅਤੇ ਚਿਤਾ ਦੀ ਰਾਖ ਨੂੰ ਬਾਅਦ ਵਿੱਚ ਨਦੀ ਵਿੱਚ ਪ੍ਰਵਾਹ ਕਰ ਦਿੱਤਾ ਗਿਆ। ਰਸਮਾਂ ਪੂਰੀਆਂ ਹੋਣ ਤੋਂ ਬਾਅਦ, ਮੋਹਨ ਲਾਲ ਨੇ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ ਸਾਰੇ ਲੋਕਾਂ ਲਈ ਸਮੂਹਿਕ ਭੋਜ (ਭੰਡਾਰੇ) ਦਾ ਆਯੋਜਨ ਵੀ ਕੀਤਾ।
ਮੋਹਨ ਲਾਲ, ਜਿਨ੍ਹਾਂ ਦੀ ਪਤਨੀ ਜੀਵਨ ਜੋਤੀ 14 ਸਾਲ ਪਹਿਲਾਂ ਗੁਜ਼ਰ ਗਈ ਸੀ, ਆਪਣੇ ਸਮਾਜਿਕ ਕੰਮਾਂ ਲਈ ਵੀ ਮਸ਼ਹੂਰ ਹਨ। ਉਹ ਆਪਣੀ ਪੈਨਸ਼ਨ ਤੋਂ ਮਿਲਣ ਵਾਲੇ ਪੈਸਿਆਂ ਦੀ ਵਰਤੋਂ ਸਮਾਜਿਕ ਕਾਰਜਾਂ ਲਈ ਕਰਦੇ ਹਨ। ਉਨ੍ਹਾਂ ਨੇ ਬਰਸਾਤ ਦੇ ਦਿਨਾਂ ਵਿੱਚ ਸ਼ਵਦਾਹ ਦੀ ਸਮੱਸਿਆ ਨੂੰ ਦੇਖਦੇ ਹੋਏ ਆਪਣੇ ਖਰਚੇ 'ਤੇ ਪਿੰਡ ਵਿੱਚ ਇੱਕ ਸੁਵਿਧਾਜਨਕ ਮੁਕਤੀਧਾਮ ਵੀ ਬਣਵਾਇਆ ਹੈ। ਪਿੰਡ ਵਾਸੀਆਂ ਨੇ ਮੋਹਨ ਲਾਲ ਦੇ ਇਸ ਕਦਮ ਅਤੇ ਸਮਾਜ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਪੂਰੇ ਖੇਤਰ ਲਈ ਪ੍ਰੇਰਨਾ ਸਰੋਤ ਦੱਸਿਆ ਹੈ।
Credit : www.jagbani.com