ਜਲੰਧਰ–ਰਾਮਾ ਮੰਡੀ ਵਿਖੇ ਇਕ ਵਿਆਹੁਤਾ ਨੇ ਆਪਣੇ ਸਹੁਰਾ ਪਰਿਵਾਰ ਤੋਂ ਦੁਖ਼ੀ ਹੋ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਸੰਗੀਤਾ ਪਤਨੀ ਦਲਜੀਤ ਸਿੰਘ ਨਿਵਾਸੀ ਮਕਾਨ ਨੰਬਰ 31 ਪ੍ਰੋਫ਼ੈਸਰ ਕਾਲੋਨੀ, ਥਾਣਾ ਰਾਮਾ ਮੰਡੀ, ਜਲੰਧਰ ਵਜੋਂ ਹੋਈ ਹੈ। ਥਾਣਾ ਰਾਮਾ ਮੰਡੀ ਦੀ ਪੁਲਸ ਨੇ ਮ੍ਰਿਤਕਾ ਦੀ ਲਾਸ਼ ਸਿਵਲ ਹਸਪਤਾਲ ਵਿਚ ਭੇਜ ਦਿੱਤੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਕੇ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।
ਥਾਣਾ ਰਾਮਾ ਮੰਡੀ ਦੇ ਐੱਸ. ਐੱਚ. ਓ. ਮਨਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੇ ਮ੍ਰਿਤਕਾ ਸੰਗੀਤਾ ਦੇ ਪਿਤਾ ਗਗਨਦੀਪ ਪੁੱਤਰ ਬਿਹਾਰੀ ਲਾਲ ਨਿਵਾਸੀ ਪਿੰਡ ਮੂਨਕ ਖੁਰਦ, ਥਾਣਾ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ ਦੇ ਬਿਆਨਾਂ ’ਤੇ ਮ੍ਰਿਤਕਾ ਸੰਗੀਤਾ ਦੀ ਸੱਸ ਰਵਿੰਦਰ ਕੌਰ ਪਤਨੀ ਦਲਜੀਤ ਸਿੰਘ ਨਿਵਾਸੀ ਪ੍ਰੋਫ਼ਾਸਰ ਕਾਲੋਨੀ ਰਾਮਾ ਮੰਡੀ ਜਲੰਧਰ, ਅਮਰੀਕਾ ਰਹਿੰਦੀ ਨਣਾਨ ਸੁਖਬੀਰ ਕੌਰ ਡੌਲੀ ਪਤਨੀ ਸਿਧਾਰਥ ਰਾਏ ਅਤੇ ਕੈਨੇਡਾ ਰਹਿੰਦੇ ਪਤੀ ਗੁਰਪ੍ਰੀਤ ਸਿੰਘ ਪੁੱਤਰ ਦਲਜੀਤ ਸਿੰਘ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿਚ 108 ਅਤੇ 85 ਬੀ. ਐੱਨ. ਐੱਸ. ਤਹਿਤ 302 ਨੰਬਰ ਐੱਫ਼. ਆਈ. ਆਰ. ਦਰਜ ਕਰ ਲਈ ਹੈ ਪਰ ਅਜੇ ਤਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ।

ਥਾਣਾ ਇੰਚਾਰਜ ਮਨਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮ੍ਰਿਤਕ ਦੇ ਪਿਤਾ ਗਗਨਦੀਪ ਨੇ ਦੱਸਿਆ ਕਿ ਉਸ ਦੀ ਧੀ ਦਾ ਵਿਆਹ ਗੁਰਪ੍ਰੀਤ ਸਿੰਘ ਨਾਲ 30 ਜੁਲਾਈ 2024 ਨੂੰ ਧਾਰਮਿਕ ਰੀਤੀ-ਰਿਵਾਜ ਨਾਲ ਹੋਇਆ ਸੀ। ਧੀ ਦਾ ਪਤੀ ਗੁਰਪ੍ਰੀਤ ਸਿੰਘ 2017 ਵਿਚ ਕੈਨੇਡਾ ਗਿਆ ਸੀ ਅਤੇ ਜੁਲਾਈ 2025 ਵਿਚ ਇਕ ਮਹੀਨਾ ਉਹ ਆਪਣੇ ਪਰਿਵਾਰ ਕੋਲ ਰਹਿ ਕੇ ਗਿਆ ਸੀ। 6 ਮਹੀਨਿਆਂ ਤੋਂ ਸੰਗੀਤਾ ਦਾ ਆਪਣੀ ਸੱਸ ਨਾਲ ਝਗੜਾ ਰਿਹਾ ਸੀ, ਜਿਸ ਕਾਰਨ ਉਸ ਦੀ ਧੀ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗੀ। ਹਰ ਸਮੇਂ ਸਹੁਰਾ ਪਰਿਵਾਰ ਨੇ ਉਸ ਦੀ ਧੀ ਤੋਂ ਕਾਰ ਅਤੇ ਗਹਿਣਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਜਦਕਿ ਵਿਆਹ ਦੇ ਸਮੇਂ ਉਨ੍ਹਾਂ ਆਪਣੀ ਹੈਸੀਅਤ ਤੋਂ ਵਧ ਕੇ ਗਹਿਣੇ ਵੀ ਪਾਏ ਸਨ।
ਵਿਆਹ ਦੇ ਸਮੇਂ ਗੁਰਪ੍ਰੀਤ ਅਤੇ ਉਸ ਦੀ ਮਾਂ ਰਵਿੰਦਰ ਕੌਰ ਨੇ ਉਨ੍ਹਾਂ ਕੋਲੋਂ ਕੋਈ ਦਾਜ ਨਹੀਂ ਲਿਆ ਸੀ ਪਰ ਵਿਆਹ ਤੋਂ ਬਾਅਦ ਉਨ੍ਹਾਂ ਦੀ ਨੀਅਤ ਬਦਲ ਗਈ ਅਤੇ ਉਨ੍ਹਾਂ ਦਾਜ ਮੰਗਣਾ ਸ਼ੁਰੂ ਕਰ ਦਿੱਤਾ। ਗਗਨਦੀਪ ਨੇ ਕਿਹਾ ਕਿ ਸੰਗੀਤਾ ਦੀ ਸੱਸ, ਪਤੀ ਅਤੇ ਨਨਾਣ ਉਸ ਨੂੰ ਦਾਜ ਦੀ ਮੰਗ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਕਰ ਰਹੇ ਸਨ। ਗਗਨਦੀਪ ਅਨੁਸਾਰ ਉਹ ਆਪਣੀ ਪਤਨੀ ਨੀਲਮ ਰਾਣੀ ਨੂੰ ਨਾਲ ਲੈ ਕੇ ਧੀ ਨੂੰ ਆਪਣੇ ਨਾਲ ਲਿਜਾਣ ਲਈ 18 ਅਕਤੂਬਰ ਨੂੰ ਉਸ ਦੇ ਸਹੁਰੇ ਆਏ ਸਨ ਪਰ ਸੱਸ ਰਵਿੰਦਰ ਕੌਰ ਨੇ ਉਸ ਨੂੰ ਉਨ੍ਹਾਂ ਦੇ ਨਾਲ ਭੇਜਣ ਤੋਂ ਮਨ੍ਹਾ ਕਰ ਦਿੱਤਾ।
19 ਅਕਤੂਬਰ ਨੂੰ ਉਹ ਵਾਪਸ ਚਲੇ ਗਏ, ਉਸ ਸਮੇਂ ਉਨ੍ਹਾਂ ਦੀ ਧੀ ਸੰਗੀਤਾ ਨੇ ਦੱਸਿਆ ਕਿ ਉਹ ਸਹੁਰੇ ਘਰ ਵਿਚ ਬਹੁਤ ਜ਼ਿਆਦਾ ਪ੍ਰੇਸ਼ਾਨ ਹੈ। 20 ਅਕਤੂਬਰ ਨੂੰ ਉਨ੍ਹਾਂ ਦੀ ਆਪਣੀ ਧੀ ਸੰਗੀਤਾ ਨਾਲ ਉਸ ਦੇ ਵ੍ਹਟਸਐਪ ਨੰਬਰ ’ਤੇ ਗੱਲ ਹੋਈ ਤਾਂ ਉਹ ਕਾਫ਼ੀ ਪ੍ਰੇਸ਼ਾਨ ਸੀ। ਉਸੇ ਦਿਨ ਦੁਪਹਿਰ 2.52 ਵਜੇ ਉਨ੍ਹਾਂ ਨੂੰ ਗੁਰਪ੍ਰੀਤ ਸਿੰਘ ਦੀ ਵ੍ਹਟਸਐਪ ਕਾਲ ਆਈ, ਜਿਸ ਨੇ ਕਿਹਾ ਕਿ ਤੁਹਾਡੀ ਧੀ ਨੇ ਕੁਝ ਕਰ ਲਿਆ ਹੈ, ਫਿਰ ਸੱਸ ਰਵਿੰਦਰ ਕੌਰ ਦਾ ਫੋਨ ਆਇਆ ਕਿ ਉਨ੍ਹਾਂ ਦੀ ਧੀ ਪੌੜ੍ਹੀਆਂ ਤੋਂ ਡਿੱਗ ਗਈ ਹੈ।
- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
Credit : www.jagbani.com