ਜਲੰਧਰ- ਜਲੰਧਰ ਵਿਚ ਇਕ ਸ਼ੂਟਰ ਦਾ ਐਨਕਾਊਂਟਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜੱਗੂ ਭਗਵਾਨਪੁਰੀਆ ਗੈਂਗ ਦੇ ਇਕ ਸ਼ੂਟਰ ਦਾ ਐਨਕਾਊਂਟਰ ਕੀਤਾ। ਸ਼ੂਟਰ ਦੀ ਪਛਾਣ ਮਨਕਰਨ ਵਜੋਂ ਹੋਈ ਹੈ, ਜੋਕਿ ਪੁਲਸ ਦੀ ਗੋਲ਼ੀ ਲੱਗਣ ਦੌਰਾਨ ਜ਼ਖ਼ਮੀ ਹੋ ਗਿਆ। ਦੋਵੇਂ ਪਾਸਿਓਂ ਚੱਲੀਆਂ ਗੋਲ਼ੀਆਂ ਦੌਰਾਨ ਮਨਕਰਨ ਦੇ ਢਿੱਡ ਵਿੱਚ ਗੋਲ਼ੀ ਲੱਗੀ ਹੈ, ਜਿਸ ਤੋਂ ਬਾਅਦ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਕਾਬੂ ਕਰਕੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਇਹ ਮੁਲਜ਼ਮ ਜੱਗੂ ਭਗਵਾਨਪੁਰੀਆ ਗੈਂਗ ਨਾਲ ਸੰਬੰਧਤ ਹੈ ਅਤੇ ਅੰਮ੍ਰਿਤਸਰ ਦੇ ਚਰਚਿਤ ਧਰਮਾ ਕਤਲ ਕੇਸ ਵਿੱਚ ਸ਼ੂਟਰਾਂ ਦਾ ਮਦਦਗਾਰ ਦੱਸਿਆ ਜਾ ਰਿਹਾ ਹੈ। ਧਰਮਜੀਤ ਸਿੰਘ ਉਰਫ਼ ਧਰਮਾ ਦਾ ਗੋਲ਼ੀ ਮਾਰ ਕੇ ਕਤਲ 26 ਸਤੰਬਰ ਨੂੰ ਅੰਮ੍ਰਿਤਸਰ ਦੇ ਛੇਹਰਟਾ ਵਿਖੇ ਕੀਤਾ ਗਿਆ ਸੀ। ਧਰਮਾ ਖ਼ੁਦ 2012 ਦੇ ਏ. ਐੱਸ. ਆਈ. ਰਵਿੰਦਰਪਾਲ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਉਸ ਖ਼ਿਲਾਫ਼ NDPS ਤੇ ਆਰਮਜ਼ ਐਕਟ ਦੇ ਚਾਰ ਹੋਰ ਕੇਸ ਵੀ ਦਰਜ ਸਨ।


ਬੁੱਧਵਾਰ ਸਵੇਰੇ ਜਲੰਧਰ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਨੂੰ ਸਲੇਮਪੁਰ ਮਸੰਦਾ ਇਲਾਕੇ ਵਿੱਚ ਮਨਕਰਨ ਦੀ ਲੋਕੇਸ਼ਨ ਮਿਲੀ। ਪੁਲਸ ਅਧਿਕਾਰੀਆਂ ਅਨੁਸਾਰ ਜਦੋਂ ਪੁਲਸ ਟੀਮ ਨੇ ਉਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਉਸ ਦੇ ਢਿੱਡ ਵਿੱਚ ਗੋਲ਼ੀ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ। ਪੁਲਸ ਨੇ ਮੌਕੇ ਤੋਂ ਨਾਜਾਇਜ਼ ਹਥਿਆਰ (ਰਿਵਾਲਵਰ) ਬਰਾਮਦ ਕੀਤੇ ਹਨ ਅਤੇ ਮਨਕਰਨ ਦੇ ਦੋ ਹੋਰ ਸਾਥੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ, ਜੋ ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜੇ ਹੋਏ ਹਨ। ਪੁਲਸ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਕਰ ਰਹੀ ਹੈ।
- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
Credit : www.jagbani.com