ਜਲੰਧਰ - ਜਲੰਧਰ ਦੇ ਮਾਣਯੋਗ ਏ. ਸੀ. ਜੇ. ਐੱਮ. ਹਰਪ੍ਰੀਤ ਕੌਰ ਦੀ ਅਦਾਲਤ ਵਿਚ ਇਕ ਵਿਅਕਤੀ ਨੇ ਜੱਜ ਦੇ ਸਾਹਮਣੇ ਇਕ ਮਹਿਲਾ ਵਕੀਲ ਨੂੰ ਥੱਪੜ ਮਾਰ ਦਿੱਤਾ, ਜਿਸ ਨਾਲ ਅਦਾਲਤ ਵਿਚ ਹੰਗਾਮਾ ਹੋ ਗਿਆ। ਅਦਾਲਤ ਵਿਚ ਮੌਜੂਦ ਪੁਲਸ ਮੁਲਾਜ਼ਮਾਂ ਨੇ ਥੱਪੜ ਮਾਰਨ ਵਾਲੇ ਨੂੰ ਫੜ ਲਿਆ ਤੇ ਜੱਜ ਦੇ ਹੁਕਮਾਂ ’ਤੇ ਬਖਸ਼ੀਖਾਨੇ ’ਚ ਬੰਦ ਕਰ ਦਿੱਤਾ। ਜੱਜ ਅਤੇ ਜ਼ਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਆਦਿਤਿਆ ਜੈਨ, ਸਕੱਤਰ ਰੋਹਿਤ ਗੰਭੀਰ, ਸੀਨੀਅਰ ਉੱਪ ਪ੍ਰਧਾਨ ਰਾਮ ਛਾਬੜਾ ਅਤੇ ਸਾਰੇ ਬਾਰ ਮੈਂਬਰਾਂ ਨੇ ਉਸ ਨੂੰ ਨਵੀਂ ਬਾਰਾਂਦਰੀ ਪੁਲਸ ਥਾਣੇ ਵਿਖੇ ਪੁਲਸ ਦੇ ਹਵਾਲੇ ਕਰ ਦਿੱਤਾ।
ਮਹਿਲਾ ਵਕੀਲ ਦੇ ਬਿਆਨ ਦੇ ਆਧਾਰ ’ਤੇ ਦੋਸ਼ੀ ਵਿਰੁੱਧ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਕ ਜੂਨੀਅਰ ਮਹਿਲਾ ਵਕੀਲ ਇਕ ਵਕੀਲ ਲਈ ਕੰਮ ਕਰਦੀ ਹੈ। ਅੱਜ ਉਹ ਅਦਾਲਤ ਵਿਚ ਜੱਜ ਦੇ ਸਾਹਮਣੇ ਗਵਾਹੀ ਦੇ ਰਹੀ ਸੀ। ਇਸ ਦੌਰਾਨ ਉਸ ਨੇ ਵਿਅਕਤੀ ਨੂੰ ਨਰਮੀ ਨਾਲ ਅਦਾਲਤ ਵਿਚ ਬੋਲਣ ’ਤੇ ਜੱਜ ਵੱਲ ਪਿੱਠ ਨਾ ਕਰਨ ਲਈ ਕਿਹਾ। ਇਸ ਤੋਂ ਗੁੱਸੇ ਵਿਚ ਆ ਕੇ ਉਸ ਨੇ ਮਹਿਲਾ ਵਕੀਲ ਨੂੰ ਜ਼ੋਰਦਾਰ ਥੱਪੜ ਮਾਰ ਦਿੱਤਾ। ਇਸ ਨਾਲ ਹੰਗਾਮਾ ਹੋ ਗਿਆ। ਸਾਥੀ ਵਕੀਲਾਂ ਨੇ ਦੋਸ਼ੀ ਨੂੰ ਫੜ ਲਿਆ ਤੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਪਤਾ ਲੱਗਾ ਹੈ ਕਿ ਉਹ ਵਿਅਕਤੀ ਨਸ਼ੇ ਦਾ ਆਦੀ ਸੀ ਤੇ ਉਸ ਦੇ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਸਨ।
Credit : www.jagbani.com