6 ਸਾਲ ਤੋਂ ਘੱਟ ਉਮਰ ’ਚ ਨਹੀਂ ਹੋਵੇਗਾ ਪਹਿਲੀ ਜਮਾਤ ’ਚ ਦਾਖਲਾ

6 ਸਾਲ ਤੋਂ ਘੱਟ ਉਮਰ ’ਚ ਨਹੀਂ ਹੋਵੇਗਾ ਪਹਿਲੀ ਜਮਾਤ ’ਚ ਦਾਖਲਾ

ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਸਿੱਖਿਆ ਪ੍ਰਣਾਲੀ ਵਿਚ ਇਕ ਵੱਡਾ ਬਦਲਾਅ ਕਰਦਿਆਂ ਪਹਿਲੀ ਜਮਾਤ ’ਚ ਦਾਖਲੇ ਲਈ ਘੱਟੋ-ਘੱਟ ਉਮਰ 6 ਸਾਲ ਨਿਰਧਾਰਤ ਕਰ ਦਿੱਤੀ ਹੈ। ਇਹ ਨਵਾਂ ਨਿਯਮ ਦਿੱਲੀ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ’ਤੇ ਲਾਗੂ ਹੋਵੇਗਾ। ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਨਵੀਂ ਸਿੱਖਿਆ ਨੀਤੀ ਦੇ ਅਨੁਸਾਰ ਲਿਆ ਗਿਆ ਹੈ ਤਾਂ ਜੋ ਬੱਚਿਆਂ ਨੂੰ ਮਜ਼ਬੂਤ ​​ਮੁੱਢਲੀ ਸਿੱਖਿਆ ਮਿਲ ਸਕੇ।

ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਹੁਣ ਪਹਿਲੀ ਜਮਾਤ ਵਿਚ ਦਾਖਲੇ ਲਈ ਬੱਚੇ ਦੀ ਉਮਰ 31 ਮਾਰਚ ਤੱਕ ਘੱਟੋ-ਘੱਟ 6 ਸਾਲ ਅਤੇ ਵੱਧ ਤੋਂ ਵੱਧ 7 ਸਾਲ ਹੋਣੀ ਚਾਹੀਦੀ ਹੈ। ਭਾਵ ਬੱਚਾ 6 ਸਾਲ ਤੋਂ ਵੱਧ ਦਾ ਹੋਣਾ ਚਾਹੀਦਾ ਹੈ। ਸਿੱਖਿਆ ਡਾਇਰੈਕਟੋਰੇਟ ਨੇ ਸਾਰੇ ਸਕੂਲਾਂ ਨੂੰ ਹੁਕਮ ਦਿੱਤੇ ਹਨ ਕਿ ਉਹ ਮਾਪਿਆਂ ਨੂੰ ਇਸ ਬਦਲਾਅ ਦੀ ਪੂਰੀ ਜਾਣਕਾਰੀ ਦੇਣ ਅਤੇ ਯਕੀਨੀ ਬਣਾਉਣ ਕਿ ਨਵੀਂ ਉਮਰ ਹੱਦ ਦਾ ਸਖਤੀ ਨਾਲ ਪਾਲਣ ਹੋਵੇ।

ਕਦੋਂ ਤੋਂ ਲਾਗੂ ਹੋਣਗੇ ਇਹ ਬਦਲਾਅ?

ਸਰਕਾਰ ਦੁਆਰਾ ਜਾਰੀ ਇਹ ਨਵਾਂ ਨਿਯਮ 2026-27 ਤੋਂ ਲਾਗੂ ਹੋਵੇਗਾ। ਹਾਲਾਂਕਿ, ਲੋਅਰ ਕੇ. ਜੀ. ਅਤੇ ਅੱਪਰ ਕੇ.ਜੀ. ਕਲਾਸਾਂ 2027-28 ਤੋਂ ਸ਼ੁਰੂ ਕੀਤੀਆਂ ਜਾਣਗੀਆਂ। ਇਸਦਾ ਮਤਲਬ ਹੈ ਕਿ ਜੋ ਬੱਚੇ 2025-26 ’ਚ ਨਰਸਰੀ, ਕੇ. ਜੀ. ਜਾਂ ਪਹਿਲੀ ਜਮਾਤ ’ਚ ਹੋਣਗੇ, ਉਹ ਅਗਲੇ ਸਾਲ ਮੌਜੂਦਾ ਪੈਟਰਨ ਅਨੁਸਾਰ ਅਗਲੀ ਜਮਾਤ ਵਿਚ ਜਾਣਗੇ।

ਕਿਹੜੇ ਬੱਚਿਆਂ ਨੂੰ ਮਿਲੇਗੀ ਛੋਟ?

ਜੋ ਵਿਦਿਆਰਥੀ ਕਿਸੇ ਮਾਨਤਾ ਪ੍ਰਾਪਤ ਸਕੂਲ ਤੋਂ ਪਿਛਲੀ ਜਮਾਤ ਪਾਸ ਕਰ ਚੁੱਕੇ ਹਨ ਅਤੇ ਜਿਨ੍ਹਾਂ ਕੋਲ ਸਕੂਲ ਛੱਡਣ ਦਾ ਸਰਟੀਫਿਕੇਟ ਅਤੇ ਮਾਰਕਸ਼ੀਟ ਹੈ, ਉਨ੍ਹਾਂ ਨੂੰ ਉਮਰ ਹੱਦ ਨਿਯਮ ਤੋਂ ਛੋਟ ਦਿੱਤੀ ਜਾਵੇਗੀ, ਭਾਵ ਉਹ ਨਵੀਂ ਉਮਰ ਹੱਦ ਤੋਂ ਬਿਨਾਂ ਅਗਲੀ ਜਮਾਤ ’ਚ ਦਾਖਲਾ ਲੈ ਸਕਣਗੇ।

Credit : www.jagbani.com

  • TODAY TOP NEWS