ਵਾਸ਼ਿੰਗਟਨ – ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖਤ ਇਮੀਗ੍ਰੇਸ਼ਨ ਪਾਲਿਸੀ ਤਹਿਤ ਅਮਰੀਕਾ ਵਿਚ ਹੁਣ ਹਰ ਵਿਦੇਸ਼ੀ ਦੀ ਐਂਟਰੀ ਤੇ ਐਗਜ਼ਿਟ ਵੇਲੇ ਫੋਟੋ ਲਈ ਜਾਵੇਗੀ। ਇਹ ਕੰਮ ਨਵੀਂ ਫੇਸ ਰਿਕੋਗਨੀਸ਼ਨ ਤਕਨੀਕ ਨਾਲ ਹੋਵੇਗਾ। ਇਸ ਦਾ ਮਕਸਦ ਫਰਜ਼ੀ ਦਸਤਾਵੇਜ਼ਾਂ ਨੂੰ ਰੋਕਣਾ ਅਤੇ ਦੇਸ਼ ਨੂੰ ਸੁਰੱਖਿਅਤ ਰੱਖਣਾ ਹੈ।
ਅਮਰੀਕੀ ਬਾਰਡਰ ਸਕਿਓਰਿਟੀ ਡਿਪਾਰਟਮੈਂਟ (ਸੀ. ਬੀ. ਪੀ.) ਨੇ ਦੱਸਿਆ ਕਿ ਹਵਾਈ ਅੱਡਿਆਂ, ਸਮੁੰਦਰੀ ਬੰਦਰਗਾਹਾਂ ਤੇ ਜ਼ਮੀਨੀ ਹੱਦਾਂ ’ਤੇ ਫੋਟੋਆਂ ਤੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਸੀ. ਬੀ. ਪੀ. ਦਾ ਕਹਿਣਾ ਹੈ ਕਿ ਇਹ ਨਵਾਂ ਸਿਸਟਮ ਅੱਤਵਾਦ, ਫਰਜ਼ੀ ਦਸਤਾਵੇਜ਼, ਵੀਜ਼ਾ ਤੋਂ ਵੱਧ ਸਮਾਂ ਰੁਕਣ ਅਤੇ ਗਲਤ ਜਾਣਕਾਰੀ ਵਰਗੇ ਖਤਰਿਆਂ ਨਾਲ ਨਜਿੱਠੇਗਾ। ਇਹ ਨਿਯਮ ਸਾਰੇ ਗੈਰ-ਨਾਗਰਿਕਾਂ ’ਤੇ ਲਾਗੂ ਹੋਵੇਗਾ, ਭਾਵੇਂ ਉਹ ਗੈਰ-ਕਾਨੂੰਨੀ ਪ੍ਰਵਾਸੀ ਹੋਣ ਜਾਂ ਗ੍ਰੀਨ ਕਾਰਡ ਧਾਰਕ।
ਇਹ ਨਿਯਮ 2021 ’ਚ ਪਹਿਲੀ ਵਾਰ ਸੁਝਾਇਆ ਗਿਆ ਸੀ ਪਰ ਹੁਣ ਇਹ ਟਰੰਪ ਸਰਕਾਰ ਦੀ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਵੱਡੀ ਯੋਜਨਾ ਦਾ ਹਿੱਸਾ ਹੈ। ਕੁਝ ਮਾਹਿਰਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਹੋਮਲੈਂਡ ਸਕਿਓਰਿਟੀ ਡਿਪਾਰਟਮੈਂਟ ਸੋਸ਼ਲ ਸਕਿਓਰਿਟੀ ਤੇ ਟੈਕਸ ਡਿਪਾਰਟਮੈਂਟ ਤੋਂ ਜ਼ਿਆਦਾ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਨਿਯਮ 26 ਦਸੰਬਰ ਤੋਂ ਸ਼ੁਰੂ ਹੋਣਗੇ। ਇਨ੍ਹਾਂ ਤਹਿਤ ਬਾਰਡਰ ’ਤੇ ਗੈਰ-ਨਾਗਰਿਕਾਂ ਵੱਲੋਂ ਦੇਸ਼ ਛੱਡਣ ’ਤੇ ਉਨ੍ਹਾਂ ਦੀਆਂ ਫੋਟੋਆਂ ਲਈਆਂ ਜਾਣਗੀਆਂ ਅਤੇ ਹੋਰ ਜਾਣਕਾਰੀ ਵੀ ਇਕੱਠੀ ਕੀਤੀ ਜਾਵੇਗੀ। ਪਹਿਲਾਂ 79 ਸਾਲ ਤੋਂ ਵੱਧ ਉਮਰ ਦੇ ਲੋਕ ਅਤੇ 14 ਸਾਲ ਤੋਂ ਘੱਟ ਉਮਰ ਦੇ ਬੱਚੇ ਇਸ ਨਿਯਮ ਤੋਂ ਬਾਹਰ ਸਨ ਪਰ ਹੁਣ ਉਨ੍ਹਾਂ ਦੀਆਂ ਫੋਟੋਆਂ ਵੀ ਲਈਆਂ ਜਾਣਗੀਆਂ। ਟਰੰਪ ਸਰਕਾਰ ਦਾ ਕਹਿਣਾ ਹੈ ਕਿ ਇਹ ਸਿਸਟਮ ਉਨ੍ਹਾਂ ਲੋਕਾਂ ਨੂੰ ਫੜੇਗਾ ਜੋ ਇਮੀਗ੍ਰੇਸ਼ਨ ਦੇ ਨਿਯਮ ਤੋੜਦੇ ਹਨ ਜਾਂ ਵੀਜ਼ਾ ਤੋਂ ਵੱਧ ਸਮਾਂ ਰੁਕਦੇ ਹਨ।
Credit : www.jagbani.com