ਫਰੀਦਕੋਟ-ਕਾਂਗਰਸ ਸਰਕਾਰ ਮੌਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਰਹੇ ਸੰਦੀਪ ਸਿੰਘ ਸਨੀ ਬਰਾੜ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਅਤੇ ਅਸ਼ਵਨੀ ਸ਼ਰਮਾ ਦੀ ਅਗਵਾਈ ਵਿਚ ਭਾਜਪਾ ਪਾਰਟੀ ਜੁਆਇਨ ਕੀਤੀ। ਇਥੇ ਦੱਸ ਦੇਈਏ ਕਿ ਕਾਂਗਰਸ ਸਰਕਾਰ ਮੌਕੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਦੇ ਭਾਜਪਾ ਜੁਆਇਨ ਕਰਨ ਤੋਂ ਬਾਅਦ ਸੰਦੀਪ ਸਿੰਘ ਸਨੀ ਬਰਾੜ ਕਾਂਗਰਸ ਦਾ ਪੱਲਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ ਸਨ, ਜਿੱਥੇ ਉਨ੍ਹਾਂ ਨੂੰ ਸੁਖਬੀਰ ਬਾਦਲ ਵੱਲੋਂ ਆਪਣਾ ਓ. ਐੱਸ. ਡੀ. ਨਿਯੁਕਤ ਕੀਤਾ ਗਿਆ ਸੀ ਪਰ ਹੁਣ ਸੰਦੀਪ ਸਿੰਘ ਸਨੀ ਬਰਾੜ ਵੱਲੋਂ ਮੁੜ ਕੈਪਟਨ ਅਮਰਿੰਦਰ, ਜਿਨ੍ਹਾਂ ਨੂੰ ਉਹ ਆਪਣਾ ਸਿਆਸੀ ਗੁਰੂ ਮੰਨਦੇ ਹਨ, ਉਨ੍ਹਾਂ ਦੀ ਹਾਜ਼ਰੀ ’ਚ ਅੱਜ ਭਾਜਪਾ ’ਚ ਸ਼ਾਮਲ ਹੋ ਗਏ।
ਆਫੀਸਰ ਕਲੱਬ ਫਰੀਦਕੋਟ ’ਚ ਰੱਖੇ ਇਕ ਸਮਾਗਮ ਦੌਰਾਨ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਪੰਜਾਬ ਬੀ. ਜੇ. ਪੀ. ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਜਨਰਲ ਸੈਕਟਰੀ ਅਨਿਲ ਸਰੀਨ ਤੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਅਤੇ ਜ਼ਿਲ੍ਹਾ ਫਰੀਦਕੋਟ ਲੀਡਰਸ਼ਿਪ ਅਤੇ ਵਰਕਰਾਂ ਦੀ ਹਾਜ਼ਰੀ ’ਚ ਸਨੀ ਬਰਾੜ ਨੂੰ ਬੀ. ਜੇ. ਪੀ. ’ਚ ਸਿਰੋਪਾਓ ਦੇ ਕੇ ਸ਼ਾਮਲ ਕੀਤਾ ਗਿਆ। ਇਸ ਮੌਕੇ ਲੋਕਾਂ ਨੇ ਬੀ. ਜੇ. ਪੀ. ਦੀ ਖ਼ੂਬ ਨਾਅਰੇਬਾਜ਼ੀ ਕਰਦੇ ਹੋਏ ਸਨੀ ਨੂੰ ਸ਼ਾਮਲ ਕਰਨ ’ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਅਤੇ ਸਮੁੱਚੀ ਭਾਜਪਾ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਸ ਮੌਕੇ ਵੱਡੀ ਗਿਣਤੀ ’ਚ ਸਨੀ ਬਰਾੜ ਦੇ ਸਮਰਥਕ ਅਤੇ ਹਲਕਾ ਵਿਧਾਨ ਸਭਾ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ’ਚੋਂ ਲੋਕ ਭਾਰੀ ਗਿਣਤੀ ’ਚ ਪੁੱਜੇ ਹੋਏ ਸਨ ।

ਇਸ ਸਮੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਦੀਆਂ ਲੋਕਾਂ ਪ੍ਰਤੀ ਹਿੱਤ ਨੀਤੀਆਂ ਕਾਰਨ ਲੋਕਾਂ ਨੂੰ ਸਿਰਫ਼ ਭਾਜਪਾ ’ਤੇ ਹੀ ਭਰੋਸਾ ਹੈ ਅਤੇ ਆਉਣ ਵਾਲੇ ਸਮੇਂ ’ਚ ਪੰਜਾਬ ਬੀ. ਜੇ. ਪੀ. ’ਚ ਆਪਣਾ ਭਵਿੱਖ ਦੇਖਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਮਾਹੌਲ ਭਾਜਪਾ ਦੇ ਹੱਕ ’ਚ ਬਣਿਆ ਹੋਇਆ ਹੈ। ਇਸ ਲਈ ਉਨ੍ਹਾਂ ਨੂੰ ਕਿਸੇ ਗਠਜੋੜ ਦੀ ਲੋੜ ਨਹੀਂ ਅਤੇ ਆਪਣੇ ਦਮ ’ਤੇ ਹੀ ਭਾਜਪਾ ਪੰਜਾਬ ’ਚ ਸਰਕਾਰ ਬਣਾਵੇਗੀ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਬਿਜਲੀ ਬੋਰਡ ਦੀਆਂ ਜਾਇਦਾਦਾਂ ਵੇਚਣ ਦੇ ਸਵਾਲ ’ਤੇ ਕਿਹਾ ਕਿ ਪੰਜਾਬ ਸਰਕਾਰ ਨੇ ਤਾਂ ਪੀ. ਏ. ਯੂ. ਦੀ 1800 ਏਕੜ ਜ਼ਮੀਨ ਵੀ ਵੇਚਣ ਦੀ ਤਿਆਰੀ ਕਰ ਲਈ ਹੈ ਪਰ ਪੰਜਾਬ ਦੇ ਲੋਕਾਂ ਨੇ ਕਾਮਯਾਬ ਨਹੀਂ ਹੋਣ ਦਿੱਤਾ।

ਪੰਜਾਬ ਦੇ ਲਾਅ ਐਂਡ ਆਰਡਰ ’ਤੇ ਬੋਲਦੇ ਕਿਹਾ ਕਿ ਪੰਜਾਬ ’ਚ ਅਮਨ-ਕਾਨੂੰਨ ਦੀ ਕੋਈ ਵਿਵਸਥਾ ਰਹੀ ਹੀ ਨਹੀਂ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੂੰਹ ਨਹੀਂ ਲਾਉਣਗੇ ਕਿਉਂਕਿ ਪੰਜਾਬ ਦੇ ਲੋਕ ਹੁਣ ਸਮਝਦਾਰ ਤੇ ਸਿਆਣੇ ਹੋ ਚੁੱਕੇ ਹਨ। ਉਨ੍ਹਾਂ ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਮੌਕੇ ਜਾਂਚ ਕਰਵਾਈ ਗਈ ਸੀ, ਜਿਸ ਦੀ ਬੰਦ ਲਿਫ਼ਾਫ਼ਾ ਰਿਪੋਰਟ ਹਾਈਕੋਰਟ ’ਚ ਦਾਖ਼ਲ ਕਰਵਾਈ ਜਾ ਚੁੱਕੀ ਹੈ, ਹੁਣ ਮੁੜ ਤੋਂ ਜਾਂਚ ਕਰਕੇ ਗ੍ਰਿਫ਼ਤਾਰ ਕਰਨਾ ਜਾਇਜ਼ ਨਹੀਂ। ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਅਸ਼ਨਵੀ ਸ਼ਰਮਾ ਨੇ ਪੰਜਾਬ ਸਰਕਾਰ ਨੂੰ ਘੇਰਦਿਆ ਕਿਹਾ ਕਿ ਕਿਸੇ ਵੀ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਇਹ ਹੁੰਦੀ ਹੈ ਕਿ ਉਥੋਂ ਦੇ ਬਾਸ਼ਿੰਦੇ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰਨ ਪਰ ਅੱਜ ਪੰਜਾਬ ਵਿਚ ਡਰ ਦਾ ਮਹੌਲ ਬਣਿਆ ਹੋਇਆ ਹੈ। ਫਿਰੌਤੀਆ ਮੰਗੀਆਂ ਜਾ ਰਹੀਆਂ ਹਨ, ਕੋਈ ਧੀ ਭੈਣ ਸੁਰੱਖਿਅਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਗੱਲਾਂ ਦੇ ਕੜਾਹ ਨਾਲ ਕੁਝ ਨੀ ਬਨਣਾ, ਅੱਜ ਪੰਜਾਬ ਆਪਣੀ ਲਾਈਨ ਤੋਂ ਉਤਰਿਆ ਹੋਇਆ, ਪੰਜਾਬ ਦਾ ਵਪਾਰੀਆ ਤੋਂ ਇਲਾਵਾ ਕੋਈ ਵੀ ਬਾਸ਼ਿੰਦਾ ਸੁਰੱਖਿਅਤ ਨਹੀਂ, ਇਨ੍ਹਾਂ ਦੇ ਵਿਧਾਇਕ ਖ਼ੁਦ ਲੜਾਈ ਝਗੜਿਆਂ ਵਿਚ ਸ਼ਾਮਲ ਹਨ, ਇਸ ਕਰਕੇ ਲੋਕਾਂ ਨੂੰ ਲੱਗਦਾ ਕਿ ਇਹ ਮਾਨ ਦੀ ਸਰਕਾਰ ਕਾਨੂੰਨ ਦਾ ਰਾਜ ਸਥਾਪਤ ਕਰਨ ਵਿਚ ਪੂਰੀ ਤਰਾਂ ਫੇਲ੍ਹ ਹੋਈ ਹੈ। ਇਥੇ ਗੁੰਡਾ ਰਾਜ ਹੈ, ਇਥੇ ਗੈਂਗਸਟਰ ਰਾਜ ਹੈ ਕੋਈ ਦਿਨ ਐਸਾ ਨਹੀਂ ਜਦੋਂ ਗੋਲ਼ੀਆਂ ਨਾਂ ਚਲਦੀਆਂ ਹੋਣ। ਉਨ੍ਹਾਂ ਕਿਹਾ ਕਿ ਲੰਬੇ-ਲੰਬੇ ਭਾਸ਼ਣ ਦੇਣ ਨਾਲ ਢਿੱਡ ਨਹੀਂ ਭਰਦਾ, ਪੰਜਾਬ ਅੰਦਰ ਆਮ ਆਦਮੀਂ ਪਾਰਟੀ ਦੀ ਹਾਲਤ ਇਹ ਹੈ ਕਿ ਅੱਜ ਚੋਣਾਂ ਹੋ ਜਾਣ ਤਾਂ ਲੋਕ ਇਨ੍ਹਾਂ ਨੂੰ ਅੱਜ ਰੁਕਸ਼ਤ ਕਰ ਦੇਣ। ਉਨ੍ਹਾਂ ਅੱਗੇ ਕਿਹਾ ਕਿ ਛਠ ਪੂਜਾ ਬਾਰੇ ਰਾਹੁਲ ਗਾਂਧੀ ਦੇ ਬਿਆਨ ਬਾਰੇ ਬੋਲਦਿਆਂ ਭਾਜਪਾ ਪੰਜਾਬ ਕਾਰਜਕਾਰੀ ਆਗੂ ਅਸ਼ਵਨੀ ਕੁਮਾਰ ਨੇ ਕਿਹਾ ਕਿ ਲੋਕਾਂ ਨੇ ਉਸ ਦਾ ਸਹੀ ਨਾਂਮ ਰੱਖਿਆ, ਉਨ੍ਹਾਂ ਕਿਹਾ ਕਿ ਕੋਈ ਵੀ ਸੁਲਝਿਆ ਹੋਇਆ ਵਿਅਕਤੀ ਜਾਂ ਰਾਜਨੀਤਿਕ ਅਜਿਹੇ ਬਿਆਨ ਦੇਣ ਤੋਂ ਗੁਰੇਜ ਕਰਦਾ ਹੈ। ਉਨ੍ਹਾਂ ਕਿਹਾ ਕਿ ਛਠ ਪੂਜਾ ਇਕ ਧਰਮਿਕ ਮਸਲਾ ਹੈ, ਇਸ 'ਤੇ ਉਨ੍ਹਾਂ ਪ੍ਰਧਾਨ ਮੰਤਰੀ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ, ਉਸ ਦੀ ਪੂਰੇ ਦੇਸ਼ ਅੰਦਰ ਨਿਖੇਧੀ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਦੀ ਮਾਨਸਿਕਤਾ ਦਾ ਪਤਾ ਚੱਲਦਾ ਹੈ ਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਕਿਸ ਹੱਦ ਤੱਕ ਘ੍ਰਿਣਾਂ ਕਰਦੇ ਹਨ ਅਤੇ ਕਿਸ ਤਰ੍ਹਾਂ ਹੋਸ਼ੀ ਰਾਜਨੀਤੀ ਤੇ' ਉਤਰੇ ਹੋਏ ਨੇ, ਇਹ ਕਦੇ ਵੀ ਅਹੁਦੇ ਦੀ ਮਰਿਆਦਾ ਨੂੰ ਨਹੀਂ ਸਮਝਦੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਆਪਣੇ ਇਸ ਬਿਆਨ ਬਾਰੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਤਰਨਤਾਰਨ ਜ਼ਿਮਨੀ ਚੋਣਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਆਮ ਆਦਮੀਂ ਪਾਰਟੀ ਤੋਂ ਉਥੇ ਹਰ ਵਰਗ ਦੁਖ਼ੀ ਹੈ, ਜਿੱਥੇ ਭੈਣਾਂ ਆਮ ਆਦਮੀ ਪਾਰਟੀ ਤੋਂ 1000 ਰੁਪਏ ਮਹੀਨਾ ਮੰਗ ਰਹੀਆਂ, ਉਥੇ ਹੀ ਕਿਸਾਨ ਵੀ ਚੁਟਕੀਆਂ ਵਾਲੀ ਬੀਬੀ ਨੂੰ ਭਾਲ ਰਹੇ ਨੇ। ਪਰਾਲੀ ਦੇ ਮਸਲੇ 'ਤੇ ਬੋਲਦਿਆ ਉਨ੍ਹਾਂ ਕਿਹਾ ਕਿ ਕੇਂਦਰ ਜਿੰਨੀ ਸਹਾਇਤਾ ਦਿੰਦਾ, ਉਸ ਦਾ ਇਹ ਫਾਇਦਾ ਨਹੀਂ ਲੈਂਦੇ। 2027 ਦੀਆਂ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਲਈ ਭਾਰਤੀ ਜਨਤਾ ਪਾਰਟੀ 117 ਸੀਟਾਂ 'ਤੇ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਆਵਾਜ਼ ਹੈ ਕਿ ਜੇਕਰ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤਾਂ ਭਾਜਪਾ ਨੂੰ ਲੇ ਕੇ ਆਉਣਾ ਪਵੇਗਾ। ਰਾਜਾ ਵੜਿੰਗ ਦੇ ਬਿਆਨ 'ਤੇ ਤੰਜ ਕਸਦਿਆਂ ਉਨ੍ਹਾਂ ਕਿਹਾ ਕਿ ਨਸ਼ੇ ਦਾ ਬਦਲ ਨਸ਼ਾ, ਮਤਲਬ ਕਾਂਗਰਸ ਚਾਹੁੰਦੀ ਹੈ ਕਿ ਪੰਜਾਬ ਦੀ ਜਵਾਨੀ ਨਸ਼ੇ ਤੋਂ ਬਾਹਰ ਨਾ ਆਵੇ ਸਗੋਂ ਵਿਚ ਡਿੱਗੇ।
- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
Credit : www.jagbani.com