ਜਬਲਪੁਰ : ਚੇਨਈ ਤੋਂ ਹਾਵੜਾ ਜਾ ਰਹੀ ਹਾਵੜਾ ਮੇਲ ਟ੍ਰੇਨ ‘ਚ ਉਸ ਵੇਲੇ ਭਾਜੜ ਮਚ ਗਈ ਜਦੋਂ ਸਲੀਪਰ ਕੋਚ ਦੇ ਵਾਸ਼ਬੇਸਿਨ ਨੇੜੇ ਯਾਤਰੀਆਂ ਨੇ 10 ਫੁੱਟ ਲੰਬਾ ਅਜਗਰ ਦੇਖ ਲਿਆ। ਇਹ ਘਟਨਾ ਜਬਲਪੁਰ ਨੇੜਲੇ ਸਟੇਸ਼ਨ ਦੇ ਕੋਲ ਵਾਪਰੀ, ਜਿੱਥੇ ਐਮਰਜੈਂਸੀ ਚੇਨ ਖਿੱਚ ਕੇ ਟ੍ਰੇਨ ਤੁਰੰਤ ਰੋਕੀ ਗਈ।
ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਵਿੱਚ ਦਿਖਾਇਆ ਗਿਆ ਕਿ ਅਜਗਰ ਫਾਇਰ ਸਿਲੰਡਰ ਦੇ ਸਹਾਰੇ ਟ੍ਰੇਨ ਦੇ ਗੇਟ ‘ਤੇ ਚੜ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ। ਡਰ ਦੇ ਮਾਰੇ ਯਾਤਰੀਆਂ ਵਿੱਚ ਚੀਖਾਂ ਪੈ ਗਈਆਂ ਅਤੇ ਕੋਚ ਖਾਲੀ ਕਰਵਾਇਆ ਗਿਆ।
RPF ਅਤੇ ਜੰਗਲਾਤ ਵਿਭਾਗ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਲਗਭਗ ਅੱਧੇ ਘੰਟੇ ਦੀ ਮਿਹਨਤ ਤੋਂ ਬਾਅਦ ਅਜਗਰ ਨੂੰ ਜਾਲ ਅਤੇ ਹੁੱਕ ਦੀ ਮਦਦ ਨਾਲ ਸੁਰੱਖਿਅਤ ਫੜਿਆ ਗਿਆ ਅਤੇ ਫਿਰ ਜੰਗਲ ਵਿੱਚ ਛੱਡ ਦਿੱਤਾ ਗਿਆ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਗਰ ਸੰਭਵਤ: ਕਿਸੇ ਜੰਗਲਾਤੀ ਇਲਾਕੇ ਤੋਂ ਟ੍ਰੇਨ ਵਿੱਚ ਦਾਖਲ ਹੋਇਆ ਹੋਵੇਗਾ, ਕਿਉਂਕਿ ਇਹ ਰੂਟ ਘਣੇ ਜੰਗਲਾਂ ਵਿੱਚੋਂ ਲੰਘਦਾ ਹੈ। ਇਸ ਦੌਰਾਨ ਯਾਤਰੀਆਂ ਨੂੰ ਹੋਰ ਕੋਚਾਂ ਵਿੱਚ ਸ਼ਿਫਟ ਕੀਤਾ ਗਿਆ, ਜਿਸ ਕਰਕੇ ਟ੍ਰੇਨ ਵਿੱਚ ਕੁਝ ਦੇਰੀ ਹੋਈ।
Credit : www.jagbani.com