ਨੈਸ਼ਨਲ ਡੈਸਕ — ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਕੈਂਟ ਥਾਣਾ ਖੇਤਰ ਵਿੱਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਨਕਟੀਆ ਇਲਾਕੇ ਦਾ ਰਹਿਣ ਵਾਲਾ 26 ਸਾਲਾ ਰਜਨੀਸ਼ ਪ੍ਰਸਾਦ ਵੀਰਵਾਰ ਰਾਤ ਸ਼ੱਕੀ ਹਾਲਾਤਾਂ ਵਿੱਚ ਮਰ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਰਜਨੀਸ਼ ਆਪਣੇ ਤਿੰਨ ਦੋਸਤਾਂ — ਸ਼ੇਖਰ, ਸ਼ਕੀਲ ਤੇ ਹੈਪੀ ਨਾਲ ਕਾਰ ‘ਚ ਪਾਰਟੀ ਕਰਨ ਗਿਆ ਸੀ, ਜਿੱਥੇ ਉਸਨੂੰ ਸ਼ਰਾਬ ਪਿਲਾਈ ਗਈ। ਘਰ ਵਾਪਸ ਆਉਣ ਤੋਂ ਬਾਅਦ ਉਸਦੀ ਹਾਲਤ ਵਿਗੜ ਗਈ ਤੇ ਉਲਟੀਆਂ ਕਰਦੇ-ਕਰਦੇ ਉਸਦੀ ਮੌਤ ਹੋ ਗਈ।
ਮ੍ਰਿਤਕ ਦੇ ਭਰਾ ਨੀਤੀਸ਼ ਪ੍ਰਸਾਦ ਨੇ ਦੱਸਿਆ ਕਿ ਰਾਤ ਲਗਭਗ 9 ਵਜੇ ਰਜਨੀਸ਼ ਦੋਸਤਾਂ ਨਾਲ ਬਾਹਰ ਗਿਆ ਸੀ। ਰਾਤ 11 ਵਜੇ ਦੋਸਤ ਉਸਨੂੰ ਘਰ ਛੱਡਕੇ ਚਲੇ ਗਏ, ਪਰ ਉਸ ਵੇਲੇ ਰਜਨੀਸ਼ ਬਹੁਤ ਕਮਜ਼ੋਰ ਤੇ ਚੱਕਰ ਵਾਲੀ ਹਾਲਤ ਵਿੱਚ ਸੀ। ਘਰ ਆਉਣ ਤੋਂ ਕੁਝ ਦੇਰ ਬਾਅਦ ਉਸਦੀ ਤਬੀਅਤ ਹੋਰ ਖਰਾਬ ਹੋਣ ਲੱਗੀ ਅਤੇ ਲਗਾਤਾਰ ਉਲਟੀਆਂ ਹੋਣ ਲੱਗੀਆਂ। ਪਰਿਵਾਰ ਨੇ ਪਹਿਲਾਂ ਸੋਚਿਆ ਕਿ ਸ਼ਰਾਬ ਜ਼ਿਆਦਾ ਪੀਣ ਕਾਰਨ ਹਾਲਤ ਖਰਾਬ ਹੈ, ਪਰ ਕੁਝ ਹੀ ਸਮੇਂ ਬਾਅਦ ਉਹ ਬਾਥਰੂਮ ‘ਚ ਡਿੱਗ ਪਿਆ। ਹਸਪਤਾਲ ਲਿਜਾਣ ‘ਤੇ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਪਰਿਵਾਰ ਨੇ ਇਸ ਮਾਮਲੇ ਨੂੰ ਸਾਜ਼ਿਸ਼ੀ ਕਤਲ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਜਨੀਸ਼ ਤੇ ਸ਼ੇਖਰ ਇੱਕ ਹੀ ਕੰਪਨੀ ਵਿੱਚ ਮੈਨੇਜਰ ਸਨ ਅਤੇ ਪਰ ਰਜਨੀਸ਼ ਉਸ ਦਾ ਸੀਨੀਅਰ ਸੀ। ਦੋਹਾਂ ਵਿਚ ਕੰਮ ਨੂੰ ਲੈ ਕੇ ਤਣਾਅ ਚੱਲ ਰਿਹਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਇਹੀ ਦੁਸ਼ਮਣੀ ਇਸ ਘਟਨਾ ਦੀ ਜੜ੍ਹ ਹੈ ਅਤੇ ਤਿੰਨਾਂ ਦੋਸਤਾਂ ਨੇ ਜਾਣਬੁੱਝ ਕੇ ਕੁਝ ਜ਼ਹਿਰੀਲਾ ਪਦਾਰਥ ਪਿਲਾਇਆ।
ਪੁਲਸ ਨੇ ਸ਼ੇਖਰ, ਸ਼ਕੀਲ ਅਤੇ ਹੈਪੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦਾ ਅਸਲੀ ਕਾਰਨ ਸਾਹਮਣੇ ਆਵੇਗਾ। ਪੁਲਸ ਪਾਰਟੀ ਵਾਲੀ ਜਗ੍ਹਾ ਤੋਂ ਸੈਂਪਲ ਇਕੱਠੇ ਕਰ ਰਹੀ ਹੈ ਅਤੇ ਮੋਬਾਈਲ ਕਾਲ ਡੀਟੇਲ ਅਤੇ ਲੋਕੇਸ਼ਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਰਜਨੀਸ਼ ਦੀ ਅਚਾਨਕ ਮੌਤ ਨਾਲ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਹੈ। ਪਿਤਾ ਮੰਟੂ ਪ੍ਰਸਾਦ ਨੇ ਕਿਹਾ — “ਸਾਡੇ ਪੁੱਤ ਨੇ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ, ਪਰ ਉਸਨੂੰ ਸਾਜ਼ਿਸ਼ ਨਾਲ ਮਾਰ ਦਿੱਤਾ ਗਿਆ। ਸਾਨੂੰ ਇਨਸਾਫ਼ ਚਾਹੀਦਾ ਹੈ।”
Credit : www.jagbani.com