ਵਾਸ਼ਿੰਗਟਨ - ਅਗਲੇ ਮਹੀਨੇ ਬੁਡਾਪੇਸਟ ਵਿਚ ਹੋਣ ਵਾਲੀ ਅਮਰੀਕਾ ਅਤੇ ਰੂਸ ਵਿਚਾਲੇ ਉੱਚ ਪੱਧਰੀ ਮੀਟਿੰਗ ਰੱਦ ਕਰ ਦਿੱਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਇਹ ਮੁਲਾਕਾਤ ਯੂਕ੍ਰੇਨ ਜੰਗ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਮੰਨੀ ਜਾ ਰਹੀ ਸੀ।
ਰੂਸ ਵੱਲੋਂ ਭੇਜੇ ਗਏ ਇਕ ਰਸਮੀ ਮੈਮੋ ਵਿਚ ਮੀਟਿੰਗ ਰੱਦ ਹੋਣ ਪਿੱਛੋਂ ਦੇ ਕਾਰਨ ਦਾ ਖੁਲਾਸਾ ਹੋਇਆ ਹੈ। ਦਰਅਸਲ ਰੂਸ ਨੇ ਯੂਕ੍ਰੇਨ ਜੰਗ ਨੂੰ ਖਤਮ ਕਰਨ ਲਈ ‘ਬਹੁਤ ਜ਼ਿਆਦਾ ਮੰਗਾਂ’ ਰੱਖੀਆਂ ਜਿਸ ਤੋਂ ਬਾਅਦ ਵ੍ਹਾਈਟ ਹਾਊਸ ਨੇ ਮੀਟਿੰਗ ਰੱਦ ਕਰਨ ਦਾ ਫੈਸਲਾ ਕੀਤਾ।
ਰਿਪੋਰਟ ਦੇ ਅਨੁਸਾਰ, ਰੂਸ ਦੇ ਆਪਣੇ ਪ੍ਰਸਤਾਵ ਵਿਚ ਅਮਰੀਕਾ ਦੀਆਂ ਸਖ਼ਤ ਪਾਬੰਦੀਆਂ ਨੂੰ ਹਟਾਉਣ ਅਤੇ ਆਪਣੇ ਕਬਜ਼ੇ ਵਾਲੇ ਖੇਤਰਾਂ ’ਤੇ ਦਾਅਵੇ ਦੀ ਮੰਗ ਰੱਖੀ ਸੀ। ਅਮਰੀਕੀ ਅਧਿਕਾਰੀਆਂ ਨੇ ਇਨ੍ਹਾਂ ਮੰਗਾਂ ਨੂੰ ‘ਅਸਵੀਕਾਰਯੋਗ’ ਕਿਹਾ ਅਤੇ ਮੀਟਿੰਗ ਨੂੰ ਰੱਦ ਕਰਨ ਦਾ ਫੈਸਲਾ ਕੀਤਾ।
ਵ੍ਹਾਈਟ ਹਾਊਸ ਨੇ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ ਪਰ ਇਕ ਅਮਰੀਕੀ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਹਫ਼ਤੇ ਦੇ ਸ਼ੁਰੂਆਤ ਵਿਚ ਸੰਕੇਤ ਦਿੱਤਾ ਸੀ ਕਿ ‘ਨੇੜਲੇ ਭਵਿੱਖ ਵਿਚ ਟਰੰਪ ਅਤੇ ਪੁਤਿਨ ਦੀ ਮੀਟਿੰਗ ਦੀ ਕੋਈ ਯੋਜਨਾ ਨਹੀਂ ਹੈ।
ਟਰੰਪ ਦੀ ਨਾਰਾਜ਼ਗੀ ਅਤੇ ਬਦਲਦਾ ਰੁਖ਼
ਹਾਲ ਹੀ ਦੇ ਦਿਨਾਂ ਵਿਚ ਟਰੰਪ ਨੇ ਖੁਦ ਮੰਨਿਆ ਹੈ ਕਿ ਉਹ ਪੁਤਿਨ ਤੋਂ ‘ਆਸਹੀਣ’ ਮਹਿਸੂਸ ਕਰਦੇ ਹਨ। ਇਹ ਉਨ੍ਹਾਂ ਦੇ ਪਿਛਲੇ ਦਾਅਵੇ ਦੇ ਬਿਲਕੁਲ ਉਲਟ ਹੈ ਜਦੋਂ ਉਹ ਕਿਹਾ ਕਰਦੇ ਸਨ ਕਿ ਪੁਤਿਨ ਨਾਲ ਉਨ੍ਹਾਂ ਦੀ ‘ਨਿੱਜੀ ਸਮਝ’ ਉਨ੍ਹਾਂ ਨੂੰ ਸੱਤਾ ਵਿਚ ਪਰਤਿਆਂ ਹੀ ਇਕ ਦਿਨ ਵਿਚ ਯੂਕ੍ਰੇਨ ਜੰਗ ਖਤਮ ਕਰਨ ਵਿਚ ਮਦਦ ਕਰੇਗੀ।
ਪਿਛਲੇ ਹਫ਼ਤੇ, ਟਰੰਪ ਨੇ ਇਹ ਵੀ ਸਵੀਕਾਰ ਕੀਤਾ ਸੀ ਕਿ ਪੁਤਿਨ ਨਾਲ ਉੱਚ ਪੱਧਰੀ ਮੀਟਿੰਗ ਦੀ ਸੰਭਾਵਨਾ ਨਹੀਂ ਦਿਖਦੀ। ਹਾਲਾਂਕਿ, ਇਸੇ ਦੌਰਾਨ ਫਲੋਰੀਡਾ ਵਿਚ ਅਮਰੀਕੀ ਅਧਿਕਾਰੀਆਂ ਅਤੇ ਇਕ ਸੀਨੀਅਰ ਰੂਸੀ ਪ੍ਰਤੀਨਿਧੀ ਵਿਚਾਲੇ ਯੂਕ੍ਰੇਨ ਜੰਗ ਨੂੰ ਖਤਮ ਕਰਨ ’ਤੇ ਗੱਲਬਾਤ ਹੋਈ ਸੀ। ਟਰੰਪ ਨੇ ਉਸ ਮੁਲਾਕਾਤ ਤੋਂ ਬਾਅਦ ਕਿਹਾ ਸੀ ਕਿ ਮੈਂ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ। ਉਨ੍ਹਾਂ ਇਹ ਸੰਕੇਤ ਦਿੱਤਾ ਸੀ ਕਿ ਉਹ ਫਿਲਹਾਲ ਕਿਸੇ ਰਸਮੀ ਸਿਖਰ ਵਾਰਤਾ ਦੇ ਪੱਖ ਵਿਚ ਨਹੀਂ ਹਨ।
ਕੂਟਨੀਤੀ ’ਤੇ ਪੈਦਾ ਹੋਇਆ ਸ਼ੱਕ
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਘਟਨਾਚੱਕਰ ਵਾਸ਼ਿੰਗਟਨ ਅਤੇ ਮਾਸਕੋ ਵਿਚਾਲੇ ਤਣਾਅਪੂਰਨ ਸਬੰਧਾਂ ਨੂੰ ਹੋਰ ਡੂੰਘਾਈ ਦੇ ਸਕਦਾ ਹੈ। ਦੋਵੇਂ ਦੇਸ਼ਾਂ ਵਿਚਾਲੇ ਵਿਸ਼ਵਾਸ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਪਹਿਲਾਂ ਤੋਂ ਹੀ ਠੰਢੀਆਂ ਪੈ ਚੁੱਕੀਆਂ ਹਨ ਅਤੇ ਹੁਣ ਇਹ ਰੱਦ ਹੋਈ ਮੀਟਿੰਗ ਕਿਸੇ ਵੀ ਸੰਭਾਵਿਤ ਸ਼ਾਂਤੀ ਵਾਰਤਾ ਦੀਆਂ ਉਮੀਦਾਂ ਨੂੰ ਹੋਰ ਕਮਜ਼ੋਰ ਕਰਦੀ ਹੈ।
ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਆਉਣ ਵਾਲੇ ਮਹੀਨਿਆਂ ਵਿਚ ਦੋਵੇਂ ਦੇਸ਼ਾਂ ਵਿਚਾਲੇ ਕੋਈ ਨਵੀਂ ਡਿਪਲੋਮੈਟਿਕ ਪਹਿਲ ਸ਼ੁਰੂ ਕੀਤੀ ਜਾਵੇਗੀ ਜਾਂ ਨਹੀਂ, ਪਰ ਯੂਕ੍ਰੇਨ ਜੰਗ ਨੂੰ ਲੈ ਕੇ ਅਮਰੀਕਾ ਅਤੇ ਰੂਸ ਵਿਚਾਲੇ ਮਤਭੇਦ ਪਹਿਲਾਂ ਤੋਂ ਕਿਤੇ ਜ਼ਿਆਦਾ ਡੂੰਘੇ ਦਿਖਾਈ ਦੇ ਰਹੇ ਹਨ।
Credit : www.jagbani.com