ਬੁਢਲਾਡਾ - 60ਵੀਂ ਪੰਜਾਬ ਸਟੇਟ ਸ਼ੂਟਿੰਗ ਚੈਪੀਅਨਸ਼ਿੱਪ 27, 28, 29, 30 ਅਤੇ 31 ਅਕਤੂਬਰ ਨੂੰ ਮੋਹਾਲੀ ਵਿਖੇ ਹੋਈ। ਜਿਸ ਵਿੱਚ ਜ਼ਿਲ੍ਹਾ ਅੰਤਰ ਲੜਕੀਆਂ ਦੀਆਂ ਟੀਮਾਂ ਦੇ ਪੰਜਾਬ ਭਰ ਦੇ ਮੁਕਾਬਲੇ ਹੋਏ। ਨਵਦੀਪ ਕੌਰ ਬੋੜਾਵਾਲ ਨੇ ਮਾਨਸਾ ਜ਼ਿਲ੍ਹੇ ਵੱਲੋਂ ਕੋਚ ਯਾਦਵਿੰਦਰ ਸਿੰਘ ਦੀ ਅਗਵਾਈ ਹੇਠ ਪਿਸਟਲ ਸ਼ੂਟਿੰਗ ਚੈਪੀਅਨਸ਼ਿੱਪ ਏਅਰ ਪਿਸਟਲ 10 ਅਤੇ 50 ਮੀਟਰ ਵਿੱਚ ਨਿਸ਼ਾਨੇਬਾਜ਼ੀ ਕਰਕੇ ਗੋਲਡ ਮੈਡਲ ਜਿੱਤ ਕੇ ਮਾਨਸਾ ਜ਼ਿਲ੍ਹੇ ਦਾ ਪੰਜਾਬ ਵਿੱਚ ਨਾਮ ਰੋਸ਼ਨ ਕੀਤਾ ਹੈ। ਉਹ ਲੰਮੇ ਸਮੇਂ ਤੋਂ ਕੋਚ ਯਾਦਵਿੰਦਰ ਸਿੰਘ ਯਾਦੀ ਦੀ ਅਗਵਾਈ ਹੇਠ ਕਰਮ ਸ਼ੂਟਿੰਗ ਰੇਂਜ ਬਠਿੰਡਾ ਵਿਖੇ ਲੰਮੇ ਸਮੇਂ ਤੋਂ ਤਿਆਰੀ ਕਰ ਰਹੀ ਸੀ। ਅੱਜ ਉਸ ਦੇ ਨਿਸ਼ਾਨੇ ਨੇ ਗੋਲਡ ਮੈਡਲ ਹਾਸਲ ਕਰ ਲਿਆ। ਜਿਸ ਨੂੰ ਲੈ ਕੇ ਉਸ ਦੇ ਪਿਤਾ ਅਵਤਾਰ ਸਿੰਘ ਸੇਖੋਂ ਅਤੇ ਇਲਾਕੇ ਵਿੱਚ ਖੁਸ਼ੀ ਦਾ ਆਲਮ ਹੈ।

ਨਵਦੀਪ ਕੌਰ ਨੇ ਜੱਗ-ਬਾਣੀ ਨਾਲ ਫੋਨ ਤੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਤੋਂ ਬਾਅਦ ਪਿਸਟਲ ਸ਼ੂਟਿੰਗ ਵਿੱਚ ਰਾਸ਼ਟਰੀ ਪੱਧਰ ਤੇ ਭਾਗ ਲੈਣ ਦੀ ਤਿਆਰੀ ਵੀ ਵਿੱਢਣਗੇ, ਜਿਸ ਲਈ ਉਸ ਦਾ ਲਗਾਤਾਰ ਅਭਿਆਸ ਜਾਰੀ ਹੈ। ਨਵਦੀਪ ਕੌਰ ਦਾ ਕਹਿਣਾ ਹੈ ਕਿ ਜੇਕਰ ਸਾਡਾ ਆਪਣਾ ਲਕਸ਼ ਇੱਕ ਨਿਸ਼ਾਨੇ 'ਤੇ ਹੋਵੇ ਤਾਂ ਸਫਲਤਾ ਜ਼ਰੂਰ ਮਿਲਦੀ ਹੈ। ਕਈ ਵਾਰ ਨਿਸ਼ਾਨੇ ਖੁੰਝ ਵੀ ਜਾਂਦੇ ਹਨ। ਪਰ ਜੇਕਰ ਲੰਮਾ ਅਭਿਆਸ ਅਤੇ ਇੱਕ ਕੋਸ਼ਿਸ਼ ਰੱਖੀਏ ਤਾਂ ਇੱਕ ਨਾ ਇੱਕ ਦਿਨ ਜ਼ਿੰਦਗੀ ਦਾ ਨਿਸ਼ਾਨਾ ਮੈਡਲ ਜਿੱਤ ਲੈਂਦਾ ਹੈ। ਉਸ ਨੇ ਕਿਹਾ ਕਿ ਇਹ ਸਿਰਫ ਮੈਡਲ ਹੀ ਨਹੀਂ ਬਲਕਿ ਉਸ ਦੇ ਅੱਗੇ ਵਧਣ ਦੀ ਪ੍ਰੇਰਣਾ ਵੀ ਹੈ। ਜਿਸ ਸਦਕਾ ਉਸ ਨੂੰ ਹੋਂਸਲਾ ਮਿਲਿਆ ਹੈ ਕਿ ਹੁਣ ਹੋਰ ਹਿੰਮਤ ਅਤੇ ਦਲੇਰੀ ਨਾਲ ਰਾਸ਼ਟਰੀ ਪੱਧਰ ਤੇ ਇਸ ਖੇਡ ਵਿੱਚ ਭਾਗ ਲਵੇਗੀ ਅਤੇ ਉਸ ਨੂੰ ਆਸ ਹੈ ਕਿ ਉਸ ਵਿੱਚ ਵੀ ਸਫਲਤਾ ਮਿਲੇਗੀ।

ਪਿਸਟਲ ਸ਼ੂਟਿੰਗ ਵਿੱਚ ਗੋਲਡ ਮੈਡਲ ਜਿੱਤਣ ਦੀ ਖੁਸ਼ੀ ਵਿੱਚ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰ: ਬੁੱਧ ਰਾਮ, ਆਮ ਆਦਮੀ ਪਾਰਟੀ ਕਿਸਾਨ ਵਿੰਗ ਮਾਲਵਾ ਵੈਸਟ ਦੇ ਜਰਨਲ ਸਕੱਤਰ ਚਰਨਜੀਤ ਸਿੰਘ ਅੱਕਾਂਵਾਲੀ, ਭਾਜਪਾ ਆਗੂ ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਸ਼੍ਰੋਮਣੀ ਅਕਾਲੀ ਦਲ ਦੇ ਡਾ. ਨਿਸ਼ਾਨ ਸਿੰਘ, “ਆਪ” ਆਗੂ ਅਤੇ ਉੱਘੇ ਸਮਾਜ ਸੇਵੀ ਹਰਵਿੰਦਰ ਸਿੰਘ ਸੇਖੋਂ, ਨਵਨੀਤ ਕੌਰ ਦੀ ਮੁੱਢਲੀ ਕੋਚ ਜੋਤੀ ਸ਼ਰਮਾ ਬੁਢਲਾਡਾ, ਓਸਿਸ ਟੈਕਨਾਲੋਜੀ ਦੇ ਐੱਮ.ਡੀ ਬੀਰਇੰਦਰ ਪ੍ਰਕਾਸ਼ ਗਰਗ, ਕ੍ਰਿਸ਼ਨਾ ਕਾਲਜ ਦੇ ਐੱਮ.ਡੀ ਕਮਲ ਸਿੰਗਲਾ, ਸ਼੍ਰੀ ਪੰਚਾਇਤੀ ਗਊਸ਼ਾਲਾ ਕਮੇਟੀ ਦੇ ਚੇਅਰਮੈਨ ਯਸ਼ਪਾਲ ਗਰਗ, ਕਾਂਗਰਸ ਪਾਰਟੀ ਦੇ ਪ੍ਰਕਾਸ਼ ਚੰਦ ਕੁਲਰੀਆਂ, ਲਛਮਣ ਦਾਸ ਸਿੰਗਲਾ ਬਰੇਟਾ, ਲਵਲੀ ਬੋੜਾਵਾਲੀਆ ਨੇ ਸੇਖੋਂ ਪਰਿਵਾਰ ਅਤੇ ਬੇਟੀ ਨਵਦੀਪ ਕੌਰ ਨੂੰ ਮੁਬਾਰਕਬਾਦ ਦਿੱਤੀ।

Credit : www.jagbani.com