ਨੈਸ਼ਨਲ ਡੈਸਕ- ਜੈਪੁਰ ਦੇ ਇਕ ਨਿੱਜੀ ਸਕੂਲ ਦੀ ਚੌਥੀ ਮੰਜ਼ਿਲ ਤੋਂ ਕਥਿਤ ਤੌਰ 'ਤੇ ਛਾਲ ਮਾਰ ਕੇ 9 ਸਾਲਾ ਬੱਚੀ ਨੇ ਆਪਣੀ ਜਾਨ ਦੇ ਦਿੱਤੀ। ਇਹ ਹੈਰਾਨ ਕਰਨ ਵਾਲੀ ਘਟਨਾ ਸ਼ਨੀਵਾਰ ਨੂੰ ਵਾਪਰੀ, ਜਦੋਂ ਬੱਚੀ ਨੇ ਲਗਭਗ 48 ਫੁੱਟ ਉਚਾਈ ਤੋਂ ਛਾਲ ਮਾਰ ਦਿੱਤੀ, ਜੋ ਉਸ ਲਈ ਜਾਨਲੇਵਾ ਸਾਬਿਤ ਹੋਈ। ਅਮਾਇਰਾ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਉਸਦੀ ਜਾਨ ਨਹੀਂ ਬਚ ਸਕੀ।
ਬੱਚੀ ਦੇ ਰੇਲਿੰਗ ਤੋਂ ਛਾਲ ਮਾਰਨ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਜਾਣਕਾਰੀ ਮੁਤਾਬਕ, ਪੁਲਸ ਕੋਲ ਮੌਜੂਦਾ ਸੀਸੀਟੀਵੀ ਫੁਟੇਜ 'ਚ ਬੱਚੀ ਰੇਲਿੰਗ ਤੋਂ ਡਿੱਗਦੀ ਦਿਖਾਈ ਦੇ ਰਹੀ ਹੈ। ਡਿੱਗਣ ਤੋਂ ਬਾਅਦ ਜਿਸ ਹਸਪਤਾਲ 'ਚ ਬੱਚੀ ਨੂੰ ਲਿਜਾਇਆ ਗਿਆ, ਉਥੋਂ ਦੇ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਸੂਤਰਾਂ ਮੁਤਾਬਕ, ਅਜਿਹਾ ਲੱਗ ਰਿਹਾ ਹੈ ਕਿ ਬੱਚੀ ਨੇ ਖੁਦਕੁਸ਼ੀ ਕੀਤੀ ਹੈ, ਹਾਲਾਂਕਿ ਸਕੂਲ ਪ੍ਰਸ਼ਾਸਨ ਨੇ ਅਜੇ ਤਕ ਇਸ ਮਾਮਲੇ 'ਚ ਆਪਣਾ ਬਿਆਨ ਨਹੀਂ ਦਿੱਤਾ ਹੈ।
ਇਸ ਤੋਂ ਇਲਾਵਾ ਜਾਣਕਾਰੀ ਮੁਤਾਬਕ, ਜਦੋਂ ਪੁਲਸ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਉੱਥੋਂ ਸਬੂਤ ਮਿਟਾ ਦਿੱਤੇ ਗਏ ਸਨ ਅਤੇ ਉਥੇ ਖੂਨ ਦੇ ਕੋਈ ਧੱਬੇ ਨਹੀਂ ਸਨ। ਉਥੇ ਹੀ ਅਮਾਰਿਆ ਦੇ ਮਾਤਾ-ਪਿਤਾ ਸਦਮੇ 'ਚ ਹਨ ਅਤੇ ਉਨ੍ਹਾਂ ਨੇ ਸਕੂਲ ਪ੍ਰਸ਼ਾਸਨ ਖਿਲਾਫ ਸ਼ੱਕੀ ਹਲਾਤਾਂ 'ਚ ਮੌਤ ਦਾ ਦੋਸ਼ ਲਗਾਉਂਦੇ ਹੋਏ ਐੱਫ.ਆਈ.ਆਰ. ਦਰਜ ਕਰਵਾਈ ਹੈ। ਪਰਿਵਾਰ ਨੇ ਸਵਾਲ ਚੁੱਕੇ ਹਨ ਕਿ ਸਕੂਲ ਕੰਪਲੈਕਸ 'ਚ ਅਜਿਹੀ ਘਟਨਾ ਕਿਵੇਂ ਹੋ ਸਕਦੀ ਹੈ ਅਤੇ ਇਸ ਮਾਮਲੇ 'ਚ ਅਧਿਆਪਕ ਸਟਾਫ ਦੀ ਜਾਂਚ ਦੀ ਮੰਗ ਕੀਤੀ ਹੈ।
Credit : www.jagbani.com