ਸਪੋਰਟਸ ਡੈਸਕ : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇਤਿਹਾਸ ਰਚ ਦਿੱਤਾ ਹੈ।ਆਈਸੀਸੀ ਵਿਮੈਂਸ ਵਨਡੇ ਵਰਲਡ ਕੱਪ ਦਾ ਖਿਤਾਬ ਪਹਿਲੀ ਵਾਰ ਭਾਰਤ ਨੇ ਆਪਣੇ ਨਾਮ ਕੀਤਾ ਹੈ । ਫਾਈਨਲ ਮੁਕਾਬਲੇ ਵਿੱਚ ਹਰਮਨ ਬ੍ਰਿਗੇਡ ਨੇ ਸਾਊਥ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਇਹ ਇਤਿਹਾਸਕ ਪ੍ਰਾਪਤੀ ਕੀਤੀ। 52 ਸਾਲਾਂ ਦੇ ਵਿਸ਼ਵ ਕੱਪ ਇਤਿਹਾਸ ਵਿੱਚ ਇਹ ਤੀਜੀ ਵਾਰ ਸੀ ਜਦੋਂ ਭਾਰਤੀ ਮਹਿਲਾ ਟੀਮ ਫਾਈਨਲ ਵਿੱਚ ਪਹੁੰਚੀ ਸੀ ਅਤੇ ਆਖ਼ਰਕਾਰ ਇਸ ਵਾਰ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਨੇ ਟਰਾਫੀ ਆਪਣੇ ਨਾਮ ਕਰ ਲਈ । ਇਹ ਖਿਤਾਬੀ ਮੈਚ ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਹੋਇਆ।
ਮੈਚ ਦਾ ਵੇਰਵਾ
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਭਾਰਤੀ ਮਹਿਲਾ ਟੀਮ ਨੇ ਸਾਊਥ ਅਫਰੀਕਾ ਦੇ ਸਾਹਮਣੇ 299 ਦੌੜਾਂ ਦਾ ਟੀਚਾ ਰੱਖਿਆ । ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 298 ਦੌੜਾਂ ਬਣਾਈਆਂ ਸਨ । ਭਾਰਤ ਲਈ ਸ਼ੈਫਾਲੀ ਵਰਮਾ ਅਤੇ ਦੀਪਤੀ ਸ਼ਰਮਾ ਨੇ ਅਰਧ ਸੈਂਕੜੇ ਜੜੇ। ਸ਼ੈਫਾਲੀ ਵਰਮਾ ਨੇ 87 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ । ਦੀਪਤੀ ਸ਼ਰਮਾ ਨੇ 58 ਦੌੜਾਂ ਬਣਾਈਆਂ । ਇਸ ਤੋਂ ਇਲਾਵਾ, ਸਿਮ੍ਰਤੀ ਮੰਧਾਨਾ ਨੇ 45 ਦੌੜਾਂ ਬਣਾਈਆਂ, ਜਦੋਂ ਕਿ ਰਿਚਾ ਘੋਸ਼ ਨੇ 34 ਦੌੜਾਂ ਦਾ ਯੋਗਦਾਨ ਪਾਇਆ । ਭਾਰਤੀ ਪਾਰੀ ਦੀ ਸ਼ੁਰੂਆਤ ਬੇਹੱਦ ਸ਼ਾਨਦਾਰ ਰਹੀ ਸੀ, ਜਦੋਂ ਸ਼ੈਫਾਲੀ ਅਤੇ ਮੰਧਾਨਾ ਦੀ ਜੋੜੀ ਨੇ ਸੱਤਵੇਂ ਓਵਰ ਵਿੱਚ ਹੀ ਟੀਮ ਦਾ ਸਕੋਰ 50 ਦੇ ਪਾਰ ਪਹੁੰਚਾ ਦਿੱਤਾ।
ਦੀਪਤੀ ਸ਼ਰਮਾ ਦਾ ਕਮਾਲ
299 ਦੇ ਟੀਚੇ ਦਾ ਪਿੱਛਾ ਕਰਦਿਆਂ ਸਾਊਥ ਅਫਰੀਕਾ ਦੀ ਟੀਮ 246 ਦੌੜਾਂ 'ਤੇ ਹੀ ਸਿਮਟ ਗਈ । ਭਾਰਤ ਨੇ ਇਹ ਮੁਕਾਬਲਾ 52 ਦੌੜਾਂ ਦੇ ਫਰਕ ਨਾਲ ਜਿੱਤਿਆ ।ਭਾਰਤ ਦੀ ਜਿੱਤ ਵਿੱਚ ਦੀਪਤੀ ਸ਼ਰਮਾ ਦਾ ਯੋਗਦਾਨ ਸਭ ਤੋਂ ਮਹੱਤਵਪੂਰਨ ਰਿਹਾ, ਜਿਨ੍ਹਾਂ ਨੇ ਮੈਚ ਵਿੱਚ 5 ਵਿਕਟਾਂ ਝਟਕਾਈਆਂ ਅਤੇ ਇੱਕ ਰਨ ਆਊਟ ਵੀ ਕੀਤਾ । ਦੀਪਤੀ ਨੇ ਸਾਊਥ ਅਫਰੀਕਾ ਨੂੰ ਸਭ ਤੋਂ ਵੱਡਾ ਝਟਕਾ ਉਦੋਂ ਦਿੱਤਾ ਜਦੋਂ ਉਨ੍ਹਾਂ ਨੇ ਸੈਂਕੜਾ ਲਗਾਉਣ ਵਾਲੀ ਸਾਊਥ ਅਫਰੀਕੀ ਕਪਤਾਨ ਲੌਰਾ ਵੋਲਵਾਰਟ ਨੂੰ ਆਊਟ ਕੀਤਾ । ਇਸੇ ਓਵਰ ਵਿੱਚ ਦੀਪਤੀ ਨੇ ਕਲੋਏ ਟ੍ਰਾਇਓਨ ਦਾ ਵੀ ਵਿਕਟ ਲਿਆ।
ਗੇਂਦਬਾਜ਼ੀ ਅਤੇ ਫੀਲਡਿੰਗ 'ਚ ਹੋਰ ਪ੍ਰਦਰਸ਼ਨ:
• ਅਮਨਜੋਤ ਕੌਰ ਨੇ ਤਾਜ਼ਮਿਨ ਬ੍ਰਿਟਸ (23 ਦੌੜਾਂ) ਨੂੰ ਰਨ ਆਊਟ ਕੀਤਾ, ਜਿਸ ਨਾਲ ਸਾਊਥ ਅਫਰੀਕਾ ਨੂੰ ਪਹਿਲਾ ਝਟਕਾ ਲੱਗਿਆ ।
• ਸ਼ੈਫਾਲੀ ਵਰਮਾ ਨੇ ਵੀ ਕਮਾਲ ਕਰਦਿਆਂ ਸੁਨੇ ਲੁਸ (25 ਦੌੜਾਂ) ਅਤੇ ਮਾਰਿਜਾਨੇ ਕੈਪ (4 ਦੌੜਾਂ) ਦੀਆਂ ਵਿਕਟਾਂ ਲਈਆਂ ।
• ਸਾਊਥ ਅਫਰੀਕਾ ਦੀ ਕਪਤਾਨ ਲੌਰਾ ਵੋਲਵਾਰਟ ਨੇ ਸੈਂਕੜਾ ਲਗਾਇਆ ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕੀ ।
ਇਸ ਜਿੱਤ ਨਾਲ ਭਾਰਤ, ਆਸਟ੍ਰੇਲੀਆ, ਇੰਗਲੈਂਡ ਅਤੇ ਨਿਊਜ਼ੀਲੈਂਡ ਤੋਂ ਬਾਅਦ ਮਹਿਲਾ ਵਰਲਡ ਕੱਪ ਜਿੱਤਣ ਵਾਲਾ ਇੱਕ ਨਵਾਂ ਚੈਂਪੀਅਨ ਬਣ ਗਿਆ ਹੈ । ਭਾਰਤੀ ਟੀਮ ਲਈ ਇਹ ਖਿਤਾਬ ਬਹੁਤ ਖਾਸ ਹੈ, ਕਿਉਂਕਿ ਇਸ ਤੋਂ ਪਹਿਲਾਂ 2005 ਅਤੇ 2017 ਦੇ ਫਾਈਨਲਾਂ ਵਿੱਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ । ਭਾਰਤੀ ਟੀਮ ਇਸ ਮੈਦਾਨ (ਡੀਵਾਈ ਪਾਟਿਲ ਸਟੇਡੀਅਮ) 'ਤੇ ਲਗਾਤਾਰ ਚੌਥਾ ਮੈਚ ਖੇਡਣ ਉਤਰੀ ਸੀ ਅਤੇ ਇੱਥੇ ਪਹਿਲੇ ਤਿੰਨ ਮੈਚ ਜਿੱਤ ਚੁੱਕੀ ਸੀ।
Credit : www.jagbani.com