ਮੇਅਰ ਦੀ ਚੋਣ ਜਿੱਤਣ ਮਗਰੋਂ ਮਮਦਾਨੀ ਨੇ ਭਾਸ਼ਣ 'ਚ 'ਨਹਿਰੂ' ਨੂੰ ਕੀਤਾ ਯਾਦ, ਟਰੰਪ ਨੂੰ ਦਿੱਤਾ ਖੁੱਲ੍ਹਾ ਚੈਲੰਜ

ਮੇਅਰ ਦੀ ਚੋਣ ਜਿੱਤਣ ਮਗਰੋਂ ਮਮਦਾਨੀ ਨੇ ਭਾਸ਼ਣ 'ਚ 'ਨਹਿਰੂ' ਨੂੰ ਕੀਤਾ ਯਾਦ, ਟਰੰਪ ਨੂੰ ਦਿੱਤਾ ਖੁੱਲ੍ਹਾ ਚੈਲੰਜ

ਇੰਟਰਨੈਸ਼ਨਲ ਡੈਸਕ- ਜ਼ੋਹਰਾਨ ਮਮਦਾਨੀ ਨੇ ਮੰਗਲਵਾਰ ਨੂੰ ਚੋਣਾਂ ਵਿੱਚ ਫ਼ੈਸਲਾਕੁਨ ਅਤੇ ਇਤਿਹਾਸਕ ਜਿੱਤ ਦਰਜ ਕੀਤੀ ਹੈ, ਜਿਸ ਮਗਰੋਂ ਉਹ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਨਿਊਯਾਰਕ ਸਿਟੀ ਦੇ ਨਵੇਂ ਚੁਣੇ ਗਏ ਹਨ। ਸ਼ਾਨਦਾਰ ਜਿੱਤ ਤੋਂ ਬਾਅਦ ਦਿੱਤੇ ਗਏ ਭਾਸ਼ਣ ਵਿੱਚ ਮਮਦਾਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਮੀਗ੍ਰੇਸ਼ਨ (ਆਵਾਸ) ਦੇ ਮੁੱਦੇ 'ਤੇ ਚੁਣੌਤੀ ਦਿੱਤੀ ਅਤੇ ਐਲਾਨ ਕੀਤਾ ਕਿ ਉਨ੍ਹਾਂ ਦੀ ਚੋਣ ਜ਼ੁਲਮ ਉੱਤੇ ਉਮੀਦ ਦੀ ਜਿੱਤ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਇਸ ਜਿੱਤ ਨੂੰ ਰਾਜਨੀਤਿਕ ਰਾਜਵੰਸ਼ ਨੂੰ ਢਾਹੁਣ ਦਾ ਵੀ ਸੰਕੇਤ ਦੱਸਿਆ।

34 ਸਾਲਾ ਮਮਦਾਨੀ, ਜੋ ਯੂਗਾਂਡਾ ਵਿੱਚ ਜਨਮੇ, ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਵਿੱਚ ਮੇਅਰ ਦੀ ਸੀਟ ਦੀ ਅਗਵਾਈ ਕਰਨ ਵਾਲੇ ਪਹਿਲੇ ਦੱਖਣੀ ਏਸ਼ੀਆਈ ਅਤੇ ਮੁਸਲਿਮ ਵਿਅਕਤੀ ਬਣ ਗਏ ਹਨ। ਉਨ੍ਹਾਂ ਦੀ ਮਾਂ ਪ੍ਰਸਿੱਧ ਭਾਰਤੀ ਫਿਲਮਕਾਰ ਮੀਰਾ ਨਾਇਰ ਅਤੇ ਪਿਤਾ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਮਹਿਮੂਦ ਮਮਦਾਨੀ ਹਨ।

ਚੋਣਾਂ ਵਿੱਚ ਮਮਦਾਨੀ ਨੇ ਰਿਪਬਲਿਕਨ ਉਮੀਦਵਾਰ ਕਰਟਿਸ ਸਲਿਵਾ ਅਤੇ ਸਾਬਕਾ ਨਿਊਯਾਰਕ ਸਟੇਟ ਗਵਰਨਰ ਐਂਡਰਿਊ ਕੁਓਮੋ (ਜੋ ਆਜ਼ਾਦ ਉਮੀਦਵਾਰ ਵਜੋਂ ਲੜੇ ਅਤੇ ਜਿਨ੍ਹਾਂ ਨੂੰ ਚੋਣ ਤੋਂ ਇੱਕ ਦਿਨ ਪਹਿਲਾਂ ਟਰੰਪ ਦਾ ਸਮਰਥਨ ਮਿਲਿਆ) ਨੂੰ ਹਰਾਇਆ। ਮਮਦਾਨੀ ਨੇ 1,036,051 ਵੋਟਾਂ (50.4 ਫ਼ੀਸਦੀ) ਹਾਸਲ ਕੀਤੀਆਂ, ਜਦਕਿ ਕੁਓਮੋ ਨੂੰ 854,995 ਵੋਟਾਂ (41.6 ਪ੍ਰਤੀਸ਼ਤ) ਅਤੇ ਸਲਿਵਾ ਨੂੰ 146,137 ਵੋਟਾਂ ਮਿਲੀਆਂ।

ਬ੍ਰੁਕਲਿਨ ਪੈਰਾਮਾਉਂਟ ਵਿੱਚ ਹਜ਼ਾਰਾਂ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਮਮਦਾਨੀ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਕਿਹਾ, "ਇਤਿਹਾਸ ਵਿੱਚ ਕਦੇ-ਕਦੇ ਅਜਿਹਾ ਪਲ ਆਉਂਦਾ ਹੈ, ਜਦੋਂ ਅਸੀਂ ਪੁਰਾਣੇ ਤੋਂ ਨਵੇਂ ਵੱਲ ਵਧਦੇ ਹਾਂ, ਜਦੋਂ ਇੱਕ ਯੁੱਗ ਖਤਮ ਹੁੰਦਾ ਹੈ ਅਤੇ ਜਦੋਂ ਲੰਬੇ ਸਮੇਂ ਤੋਂ ਦੱਬੀ ਹੋਈ ਕੌਮ ਦੀ ਆਤਮਾ ਆਪਣਾ ਰਾਹ ਲੱਭਦੀ ਹੈ।" ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਨਿਊਯਾਰਕ ਵੀ ਹੁਣ ਪੁਰਾਣੇ ਤੋਂ ਨਵੇਂ ਵੱਲ ਕਦਮ ਵਧਾ ਚੁੱਕਾ ਹੈ।

ਮਮਦਾਨੀ ਨੇ ਸਪੱਸ਼ਟ ਤੌਰ 'ਤੇ ਟਰੰਪ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਨਿਊਯਾਰਕ ਪ੍ਰਵਾਸੀਆਂ ਦੁਆਰਾ ਬਣਾਇਆ ਗਿਆ ਸ਼ਹਿਰ ਰਹੇਗਾ, ਪ੍ਰਵਾਸੀਆਂ ਦੁਆਰਾ ਚਲਾਇਆ ਜਾਵੇਗਾ ਅਤੇ ਅੱਜ ਰਾਤ ਤੋਂ, ਇਸ ਦੀ ਅਗਵਾਈ ਵੀ ਇੱਕ ਪ੍ਰਵਾਸੀ ਦੁਆਰਾ ਕੀਤੀ ਜਾਵੇਗੀ। ਉਨ੍ਹਾਂ ਟਰੰਪ ਨੂੰ ਸਿੱਧਾ ਸੰਦੇਸ਼ ਦਿੱਤਾ ਕਿ ਸਾਡੇ ਵਿੱਚੋਂ ਕਿਸੇ ਤੱਕ ਪਹੁੰਚਣ ਲਈ, ਤੁਹਾਨੂੰ ਸਾਡੇ ਸਾਰਿਆਂ ਵਿੱਚੋਂ ਲੰਘਣਾ ਪਵੇਗਾ।

ਮਮਦਾਨੀ ਨੇ ਵਾਅਦਾ ਕੀਤਾ ਕਿ ਨਿਊਯਾਰਕ ਰਾਜਨੀਤਿਕ ਹਨੇਰੇ ਦੇ ਇਸ ਪਲ ਵਿੱਚ ਰੋਸ਼ਨੀ ਬਣੇਗਾ ਅਤੇ ਸ਼ਹਿਰ ਯਹੂਦੀ ਨਿਊਯਾਰਕ ਵਾਸੀਆਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਰਹੇਗਾ ਅਤੇ ਇਸਲਾਮੋਫੋਬੀਆ ਵਿਰੁੱਧ ਲੜਾਈ ਜਾਰੀ ਰੱਖੇਗਾ। ਉਨ੍ਹਾਂ ਨੇ ਯਮਨੀ ਦੁਕਾਨਦਾਰਾਂ, ਮੈਕਸੀਕਨ ਦਾਦੀਆਂ, ਸੇਨੇਗਾਲੀ ਟੈਕਸੀ ਡਰਾਈਵਰਾਂ ਅਤੇ ਇਥੋਪੀਅਨ ਆਂਟੀਆਂ ਸਮੇਤ ਆਮ ਨਿਊਯਾਰਕ ਵਾਸੀਆਂ ਦਾ ਧੰਨਵਾਦ ਕੀਤਾ।

Credit : www.jagbani.com

  • TODAY TOP NEWS