ਤਪਾ ਮੰਡੀ- ਅੱਜ ਸਵੇਰੇ ਦਿਨ ਚੜ੍ਹਦਿਆਂ ਹੀ ਪਿੰਡ ਮਹਿਤਾ ਵਿਖੇ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨਿਰਮਲ ਸਿੰਘ ਪੁੱਤਰ ਬਲਵੰਤ ਸਿੰਘ ਅਤੇ ਉਸ ਦੀ ਪਤਨੀ ਰਮਨਦੀਪ ਕੌਰ ਨੇ ਕੋਈ ਜਹਿਰੀਲੀ ਚੀਜ਼ ਪੀ ਕੇ ਆਤਮਹੱਤਿਆ ਕਰ ਲਈ। ਜਾਣਕਾਰੀ ਮੁਤਾਬਕ, ਇਹ ਪਤੀ-ਪਤਨੀ ਨਾਜਾਇਜ਼ ਸਬੰਧਾਂ ਦੀ ਆੜ ਲੈ ਕੇ ਬਲੈਕਮੇਲ ਕੀਤੇ ਜਾਣ ਤੋਂ ਤੰਗ ਸਨ, ਜਿਸ ਕਾਰਨ ਉਨ੍ਹਾਂ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ। ਮੌਕੇ ਤੋਂ ਮਿਲੇ ਸੁਸਾਈਡ ਅਤੇ ਘਰ ਦੀ ਕੰਧ 'ਤੇ ਲਿਖੀਆਂ ਗੱਲਾਂ ਤੋਂ ਵੀ ਇਸ ਦੀ ਪੁਸ਼ਟੀ ਹੋਈ ਹੈ।
ਦੱਸਿਆ ਜਾਂਦਾ ਹੈ ਕਿ ਔਰਤ (ਰਮਨਦੀਪ ਕੌਰ) ਦੇ ਗੁਆਂਢੀ ਨੌਜਵਾਨ ਨਾਲ ਨਾਜਾਇਜ਼ ਸਬੰਧ ਸਨ, ਜਿਸ ਤੋਂ ਬਾਅਦ ਉਸ ਨੌਜਵਾਨ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਇਸ ਗੱਲ ਦਾ ਪਤਾ ਔਰਤ ਦੇ ਪਤੀ (ਨਿਰਮਲ ਸਿੰਘ) ਨੂੰ ਲੱਗਾ ਤਾਂ ਉਸ ਨੇ ਪਿੰਡ ਦੇ ਕਈ ਪਤਵੰਤੇ ਸੱਜਣਾਂ ਨੂੰ ਬੁਲਾ ਕੇ ਨੌਜਵਾਨ ਨਾਲ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਵੀ ਕੀਤੀ। ਪਰ ਨੌਜਵਾਨ ਆਪਣੀ ਜਿੱਦ 'ਤੇ ਅੜਿਆ ਰਿਹਾ ਅਤੇ ਉਸ ਨੇ ਇਹ ਕਿਹਾ ਕਿ ਉਸ ਨੂੰ ਕੋਈ ਰੋਕ ਨਹੀਂ ਸਕਦਾ। ਸਗੋਂ ਉਸ ਨੌਜਵਾਨ ਨੇ ਔਰਤ ਨੂੰ ਇਹ ਧਮਕੀ ਦਿੱਤੀ ਕਿ ਜੇ ਉਸ ਨੇ ਨੌਜਵਾਨ ਦਾ ਸਾਥ ਨਾ ਦਿੱਤਾ ਤਾਂ ਉਹ ਉਸ ਨੂੰ ਸੋਸ਼ਲ ਮੀਡੀਆ 'ਤੇ ਬਦਨਾਮ ਕਰ ਦੇਵੇਗਾ। ਇਸ ਸਭ ਤੋਂ ਬਾਅਦ ਦੋਵੇਂ ਪਤੀ-ਪਤਨੀ ਡੂੰਘੇ ਤਣਾਅ ਵਿਚ ਚਲੇ ਗਏ। ਪਰਿਵਾਰ ਦੀ ਇੱਜ਼ਤ ਅਤੇ ਲੋਕਾਂ ਦੇ ਡਰ ਕਾਰਨ ਉਨ੍ਹਾਂ ਦੋਹਾਂ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।
15 ਸਾਲਾ ਪੁੱਤਰ ਨੇ ਦੇਖੀਆਂ ਲਾਸ਼ਾਂ
ਇਸ ਮਾਮਲੇ ਦਾ ਸਵੇਰ ਸਮੇਂ ਉਨ੍ਹਾਂ ਦੇ 15 ਸਾਲਾ ਪੁੱਤਰ ਸੰਦੀਪ ਸਿੰਘ ਨੂੰ ਪਤਾ ਲੱਗਾ, ਜਦੋਂ ਉਸ ਨੇ ਮੰਮੀ-ਡੈਡੀ ਦੀਆਂ ਲਾਸ਼ਾਂ ਬੈੱਡ 'ਤੇ ਪਈਆਂ ਦੇਖੀਆਂ। ਲੜਕੇ ਨੇ ਤੁਰੰਤ ਆਪਣੇ ਚਾਚੇ ਨੂੰ ਇਸ ਬਾਰੇ ਦੱਸਿਆ, ਜਿਸ ਤੋਂ ਬਾਅਦ ਇਹ ਘਟਨਾ ਪਿੰਡ ਵਿਚ ਅੱਗ ਵਾਂਗ ਫੈਲ ਗਈ। ਇਸ ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਦਾ ਮਾਹੌਲ ਬਣ ਗਿਆ। ਲਾਸ਼ਾਂ ਨੂੰ ਦੇਖ ਕੇ ਇੰਝ ਜਾਪਦਾ ਸੀ ਕਿ ਆਤਮਹੱਤਿਆ ਕਰਨ ਤੋਂ ਪਹਿਲਾਂ ਪਤੀ-ਪਤਨੀ ਵਿਚਾਲੇ ਝਗੜਾ ਹੋਇਆ ਹੋਵੇਗਾ, ਕਿਉਂਕਿ ਔਰਤ ਦੀ ਗਰਦਨ 'ਤੇ ਸੱਟਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਸਨ।
ਤਪਾ ਪੁਲਸ ਨੂੰ ਪਤਾ ਲੱਗਣ 'ਤੇ ਡੀ.ਐੱਸ.ਪੀ ਤਪਾ ਗੁਰਬਿੰਦਰ ਸਿੰਘ, ਤਹਿਸੀਲਦਾਰ ਓੰਕਾਰ ਸਿੰਘ, ਥਾਣਾ ਮੁੱਖੀ ਸਰੀਫ ਖਾਂ, ਥਾਣੇਦਾਰ ਰਣਜੀਤ ਸਿੰਘ, ਮੁੱਖ ਮੁਨਸੀ ਦਵਿੰਦਰ ਸਿੰਘ, ਹੌਲਦਾਰ ਜਗਦੀਪ ਸਿੰਘ, ਹੌਲਦਾਰ ਅਜੇ ਸਿੰਘ ਅਤੇ ਹੌਲਦਾਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ। ਪੁਲਸ ਨੇ ਪਤੀ-ਪਤਨੀ ਦੀਆਂ ਲਾਸ਼ਾਂ ਕਬਜ਼ੇ ਵਿਚ ਲੈ ਲਈਆਂ ਅਤੇ ਮਿੰਨੀ ਸਹਾਰਾ ਕਲੱਬ ਦੀ ਐਂਬੂਲੈਂਸ ਰਾਹੀਂ ਬਰਨਾਲਾ ਦੇ ਮੁਰਦਾਘਰ ਵਿਚ ਭੇਜ ਦਿੱਤੀਆਂ ਹਨ। ਖ਼ਬਰ ਲਿਖੇ ਜਾਣ ਤੱਕ, ਫੌਰੈਂਸਿਕ ਟੀਮਾਂ ਜਾਂਚ ਕਰ ਰਹੀਆਂ ਸਨ। ਪੁਲਸ ਨੇ ਮ੍ਰਿਤਕ ਨਿਰਮਲ ਸਿੰਘ ਦੇ ਭਰਾ ਲਾਭ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਦੇ ਠਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ। ਪੁਲਸ ਅਜੇ ਜਾਂਚ ਵਿਚ ਜੁਟੀ ਹੋਈ ਹੈ।
Credit : www.jagbani.com