ਨੈਸ਼ਨਲ ਡੈਸਕ- ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਕਾਰ ਬੰਬ ਧਮਾਕੇ ਦੀ ਜਾਂਚ 'ਚ ਐੱਨ.ਆਈ.ਏ. ਨੂੰ ਇਕ ਹੋਰ ਵੱਡੀ ਸਫਲਤਾ ਮਿਲੀ ਹੈ। ਏਜੰਸੀ ਨੇ ਅੱਤਵਾਦੀ ਉਮਰ ਉਨ ਨਬੀ ਦੇ ਇਕ ਕਰੀਬੀ ਸਾਥੀ ਜਾਸਿਰ ਬਿਲਾਲ ਵਾਨੀ ਊਰਫ ਦਾਨਿਸ਼ ਨੂੰ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਤੋਂ ਗ੍ਰਿਫ਼ਤਾਰ ਕੀਤਾ ਹੈ।
ਜਾਸਿਰ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕਾਜ਼ੀਗੁੰਡ ਦਾ ਰਹਿਣ ਵਾਲਾ ਹੈ ਅਤੇ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਹ ਧਮਾਕੇ ਦੀ ਸਾਜ਼ਿਸ਼ 'ਚ ਸਰਗਰਮ ਭੂਮਿਕਾ ਨਿਭਾਅ ਰਿਹਾ ਸੀ। ਐੱਨ.ਆਈ.ਏ. ਅਨੁਸਾਰ, ਜਾਸਿਰ ਨੇ ਅੱਤਵਾਦੀਆਂ ਨੂੰ ਤਕਨੀਕੀ ਮਦਦ ਪ੍ਰਦਾਨ ਕੀਤੀ ਸੀ। ਉਹ ਡਰੋਨ 'ਚ ਬਦਲਾਅ ਕਰਕੇ ਉਨ੍ਹਾਂ ਨੂੰ ਹਮਲਿਆਂ ਲਈ ਉਪਯੋਗੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਇਸਦੇ ਨਾਲ ਹੀ ਉਹ ਰਾਕੇਟ ਵਰਗੀ ਤਕਨੀਕ ਵਿਕਸਿਤ ਕਰਨ ਦੀ ਕੋਸ਼ਿਸ਼ 'ਚ ਵੀ ਸ਼ਾਮਲ ਸੀ। ਇਹ ਕੰਮ ਧਮਾਕੇ ਤੋਂ ਪਹਿਲਾਂ ਲਗਾਤਾਰ ਜਾਰੀ ਸੀ ਅਤੇ ਇਸੇ ਤਕਨੀਕੀ ਮਦਦ ਦੇ ਦਮ 'ਤੇ ਅੱਤਵਾਦੀ ਨੈੱਟਵਰਕ ਆਪਣੇ ਹਮਲਿਆਂ ਨੂੰ ਹੋਰ ਖਤਰਨਾਕ ਬਣਾਉਣ ਦੀ ਤਿਆਰੀ 'ਚ ਸੀ।
ਅੱਤਵਾਦੀ ਉਮਰ ਦਾ ਬਹੁਤ ਕਰੀਬੀ ਹੈ ਜਾਸਿਰ
ਐੱਨ.ਆਈ.ਏ. ਦੀ ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਜਾਸਿਰ, ਧਮਾਕਾ ਕਰਨ ਵਾਲੇ ਅੱਤਵਾਦੀ ਉਮਰ ਉਨ ਨਬੀ ਦੇ ਬੇਹੱਦ ਕਰੀਬ ਸੀ। ਦੋਵੇਂ ਮਿਲ ਕੇ ਕਾਰ ਬੰਬ ਹਮਲੇ ਦੀ ਪੂਰੀ ਯੋਜਨਾ ਬਣਾ ਰਹੇ ਸਨ। 10 ਲੋਕਾਂ ਦੀ ਮੌਤ ਅਤੇ 32 ਲੋਕਾਂ ਨੂੰ ਜ਼ਖ਼ਮੀ ਕਰਨ ਵਾਲੇ ਇਸ ਹਮਲੇ ਨੂੰ ਖਤਰਨਾਕ ਪੱਧਰ 'ਤੇ ਲੈ ਕੇ ਜਾਣ 'ਚ ਜਾਸਿਰ ਦੀ ਅਹਿਮ ਭੂਮਿਕਾ ਮੰਨੀ ਜਾ ਰਹੀ ਹੈ।
Credit : www.jagbani.com