ਜਲੰਧਰ/ਲੁਧਿਆਣਾ- ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਠੇਕਾ ਵਰਕਰਜ਼ ਯੂਨੀਅਨ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਆਪਣੀ ਹੜਤਾਲ ਮੁਲਤਵੀ ਕਰ ਦਿੱਤੀ ਹੈ। ਯੂਨੀਅਨ ਆਗੂ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਦੀ ਮੁੱਖ ਮੰਗ ਮੰਨਦਿਆਂ ਕਿਲੋਮੀਟਰ ਸਕੀਮ ਦੇ ਟੈਂਡਰ ਦੀ ਤਾਰੀਖ਼ ਨੂੰ ਅੱਗੇ ਵਧਾ ਦਿੱਤਾ ਹੈ। ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ, ਪੰਜਾਬ (25/11) ਦੇ ਸੂਬਾ ਜੁਆਇੰਟ ਸਕੱਤਰ ਜੋਧ ਸਿੰਘ ਨੇ ਦੱਸਿਆ ਕਿ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਅਗਾਂਹ ਕਰਨ ਅਤੇ 19 ਨਵੰਬਰ 2025 ਨੂੰ ਮੀਟਿੰਗ ਦਾ ਸਮਾਂ ਮਿਲਣ ’ਤੇ ਇਹ ਹੜਤਾਲ ਮੁਲਤਵੀ ਕੀਤੀ ਗਈ ਹੈ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 19 ਦੀ ਮੀਟਿੰਗ ਬੇਸਿੱਟਾ ਰਹੀ ਤਾਂ ਮੁੜ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ। ਇਸ ਤੋਂ ਇਲਾਵਾ ਹੋਰ ਮੰਗਾਂ ਮੰਨਣ ਲਈ ਪਟਿਆਲਾ ਵਿੱਚ ਯੂਨੀਅਨ ਅਤੇ ਅਧਿਕਾਰੀਆਂ ਵਿਚਕਾਰ ਇਕ ਮੀਟਿੰਗ ਹੋਈ ਹੈ। ਇਸ ਤੋਂ ਪਹਿਲਾਂ ਕਰਮਚਾਰੀਆਂ ਨੇ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਪ੍ਰਦਰਸ਼ਨ ਕੀਤਾ। ਲੁਧਿਆਣਾ ਵਿੱਚ ਕੱਚੇ ਮੁਲਾਜ਼ਮਾਂ ਨੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਜਾਮ ਲਗਾਇਆ। ਪ੍ਰਦਰਸ਼ਨ ਕਾਰਨ ਕਈ ਰੂਟਾਂ 'ਤੇ ਬੱਸਾਂ ਰਵਾਨਾ ਨਹੀਂ ਹੋ ਸਕੀਆਂ।
ਕਿਲੋਮੀਟਰ ਸਕੀਮ ਦੇ ਟੈਂਡਰ ਬਾਰੇ ਜਾਣਕਾਰੀ
ਪੰਜਾਬ ਸਰਕਾਰ ਇਸ ਤੋਂ ਪਹਿਲਾਂ ਦੋ ਵਾਰ ਕਿਲੋਮੀਟਰ ਸਕੀਮ ਦੇ ਟੈਂਡਰ ਖੋਲ੍ਹਣ ਦੀ ਕੋਸ਼ਿਸ਼ ਕਰ ਚੁੱਕੀ ਹੈ ਪਰ ਦੋਵੇਂ ਵਾਰ ਇਹ ਫ਼ੈਸਲਾ ਟਾਲ ਦਿੱਤਾ ਗਿਆ। ਪਹਿਲੀ ਵਾਰ ਰੱਖੜੀ ਤੋਂ ਠੀਕ ਇਕ ਦਿਨ ਪਹਿਲਾਂ ਟੈਂਡਰ ਖੁੱਲ੍ਹਣੇ ਸਨ। ਜਿਵੇਂ ਹੀ ਦੁਪਹਿਰ 12 ਵਜੇ ਪੂਰੇ ਪੰਜਾਬ ਵਿੱਚ PRTC ਦੀਆਂ ਬੱਸਾਂ ਰੁਕ ਗਈਆਂ, ਜਿਸ ਕਾਰਨ ਲੋਕ ਬੱਸ ਸਟੈਂਡਾਂ 'ਤੇ ਫਸ ਗਏ। ਇਸ ਤੋਂ ਬਾਅਦ ਸਰਕਾਰ ਨੇ ਟੈਂਡਰ ਖੋਲ੍ਹਣ ਦੀ ਤਾਰੀਖ਼ ਅੱਗੇ ਵਧਾ ਦਿੱਤੀ ਸੀ। ਦੂਜੀ ਵਾਰ ਤਰਨਤਾਰਨ ਵਿਧਾਨ ਸਭਾ ਦੀ ਜ਼ਿਮਨੀ ਚੋਣ ਚੱਲ ਰਹੀ ਸੀ, ਇਸ ਦੌਰਾਨ 23 ਅਕਤੂਬਰ ਨੂੰ ਟੈਂਡਰ ਖੋਲ੍ਹਣ ਦੀ ਤਿਆਰੀ ਸੀ ਪਰ ਫਿਰ ਬੱਸਾਂ ਰੁਕੀਆਂ ਅਤੇ ਸਰਕਾਰ ਨੇ ਤੁਰੰਤ ਇਸ ਸਬੰਧੀ ਮਿਤੀ ਅੱਗੇ ਵਧਾਉਣ ਦਾ ਪੱਤਰ ਜਾਰੀ ਕਰ ਦਿੱਤਾ।
ਯੂਨੀਅਨ ਦੀਆਂ ਹੋਰ ਮੰਗਾਂ ਅਤੇ PRTC ਦਾ ਦਾਇਰਾ
ਯੂਨੀਅਨ ਆਗੂਆਂ ਨੇ ਇਹ ਮੰਗ ਕੀਤੀ ਹੈ ਕਿ ਸਰਕਾਰ ਚੋਣਾਂ ਤੋਂ ਪਹਿਲਾਂ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੇ ਕੀਤੇ ਗਏ ਐਲਾਨ ਨੂੰ ਲਾਗੂ ਕਰੇ। ਯੂਨੀਅਨ ਨੇ ਇਹ ਵੀ ਕਿਹਾ ਕਿ ਨਿੱਜੀ ਬੱਸਾਂ ਨੂੰ ਉਤਸ਼ਾਹਤ ਕਰਨਾ ਬੰਦ ਕੀਤਾ ਜਾਵੇ। ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC) ਦੀਆਂ ਬੱਸਾਂ ਮੌਜੂਦਾ ਵਿੱਚ 577 ਰੂਟਾਂ 'ਤੇ ਚੱਲਦੀਆਂ ਹਨ। ਇਨ੍ਹਾਂ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਰਾਜਸਥਾਨ, ਜੰਮੂ-ਕਸ਼ਮੀਰ ਅਤੇ ਉੱਤਰਾਖੰਡ ਦੇ ਰਸਤੇ ਸ਼ਾਮਲ ਹਨ। PRTC ਦੀਆਂ ਬੱਸਾਂ ਹਰ ਦਿਨ ਲਗਭਗ 3,55,827 ਕਿਲੋਮੀਟਰ ਦਾ ਸਫ਼ਰ ਤੈਅ ਕਰਦੀਆਂ ਹਨ। ਨਿਗਮ ਵਿੱਚ ਕੁੱਲ੍ਹ 3065 ਕਰਮਚਾਰੀ ਕੰਮ ਕਰਦੇ ਹਨ, ਜਿਨ੍ਹਾਂ ਵਿੱਚ 1310 ਰੇਗੂਲਰ ਕਰਮਚਾਰੀ ਅਤੇ 1755 ਕੰਟਰੈਕਟ (ਆਊਟਸੋਰਸ) ਕਰਮਚਾਰੀ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com